ਸ੍ਰੀਨਗਰ: ਕਸ਼ਮੀਰ ਵਾਦੀ ਵਿੱਚ ਭਾਰਤੀ ਫੌਜੀ ਵੱਲੋਂ ਇੱਕ ਵਿਦਿਆਰਥਣ ਨਾਲ ਛੇੜਛਾੜ ਕਰਨ ਦੀ ਘਟਨਾਂ ਤੋਂ ਬਾਅਦ ਹੁਣ ਤੱਕ ਇੱਕ ਬੀਬੀ ਸਮੇਤ ਚਾਰ ਬੰਦਿਆਂ ਦੀ ਮੌਤ ਹੋ ਚੁੱਕੀ ਹੈ ਅਤੇ ਅੱਜ ਤੀਜੇ ਦਿਨ ਵੀ ਬੰਦ ਜਾਰੀ ਰਿਹਾ।

ਜ਼ਿਲ੍ਹਾ ਕੁਪਵਾੜਾ ਦੇ ਹੰਦਵਾੜਾ ‘ਚ ਔਰਤ ਸਮੇਤ ਮਾਰੇ ਗਏ 4 ਲੋਕਾਂ ਦੇ ਰੋਸ ‘ਚ ਵੱਖਵਾਦੀਆਂ ਵੱਲੋਂ ਹੜਤਾਲ ਦੇ ਸੱਦੇ ਉਪਰੰਤ ਪੁਲਿਸ ਪ੍ਰਸ਼ਾਸਨ ਵਲੋਂ ਕੁਪਵਾੜਾ, ਹੰਦਵਾੜਾ ਸਮੇਤ ਸ੍ਰੀਨਗਰ ਦੇ 7 ਪੁਲਿਸ ਸਟੇਸ਼ਨਾਂ ‘ਤੇ ਪਾਬੰਦੀਆਂ ਕਾਰਨ ਵਾਦੀ ‘ਚ ਜਿੰਦਗੀ ਬੁਰੀ ਤਰ੍ਹਾਂ ਠੱਪ ਹੋਕੇ ਰਹਿ ਗਈ ।
ਪੁਲਿਸ ਦੇ ਇਕ ਅਧਿਕਾਰੀ ਅਨੁਸਾਰ ਸ਼ੁਕਰਵਾਰ ਨੂੰ ਵੀ ਪਾਬੰਦੀਆਂ ਤੇ ਕਰਫਿਊ ਵਰਗੀ ਸਥਿਤੀ ਬਰਕਾਰ ਰਹੇਗੀ ।ਸ੍ਰੀਨਗਰ ਦੇ ਪੁਰਾਣੇ ਸ਼ਹਿਰ ਦੇ ਰੈਨਾਵਾਰੀ, ਖਾਨਯਾਰ, ਸਫਾਕਦਲ, ਨੌਹਟਾ, ਮਹਿਰਾਜਗੰਜ, ਮਾਈਸੂਮਾ ਤੇ ਕੁਪਵਾੜਾ ਦੇ ਕਰਾਲਗੁੰਡ, ਲੰਗੇਟ, ਮਾਗਮ ਸਮੇਤ ਪਟਨ, ਸੋਪਰ, ਪੁਲਵਾਮਾ, ਬਾਰਾਮੁਲਾ ਆਦਿ ਇਲਾਕਿਆਂ ‘ਚ ਪ੍ਰਦਰਸ਼ਨਾਂ ਨੂੰ ਰੋਕਣ ਤੇ ਕਾਨੂੰਨ ਵਿਵਸਥਾ ਕਾਇਮ ਰੱਖਣ ਲਈ ਸੁਰਖਿਆ ਜਵਾਨਾਂ ਨੂੰ ਤਾਇਨਾਤ ਕੀਤਾ ਗਿਆ ਹੈ ।
ਵੱਖਵਾਦੀ ਆਗੂ ਯਾਸੀਨ ਮਲਿਕ, ਸਈਦ ਅਲੀ ਸ਼ਾਹ ਗਿਲਾਨੀ, ਮੀਰ ਵਾਈਜ਼ ਉਮਰ ਫਰੂਕ ਆਦਿ ਆਗੂਆਂ ਨੇ ਮਾਰੇ ਗਏ ਲੋਕਾਂ ਦੇ ਰੋਸ ‘ਚ ਵੀਰਵਾਰ ਨੂੰ ਹੜਤਾਲ ਤੇ ਸ਼ੁਕਰਵਾਰ ਨੂੰ ਨਮਾਜ਼ ਦੇ ਬਾਅਦ ਰੋਸ ਪ੍ਰਦਰਸ਼ਨਾਂ ਦੀ ਅਗਵਾਈ ਕਰਨ ਦਾ ਐਲਾਨ ਕੀਤਾ ਹੈ ।