ਨਵੀਂ ਦਿੱਲੀ (2 ਜੁਲਾਈ 2014): ਨਵੰਬਰ 1984 ਵਿੱਚ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਦਿੱਲੀ ਵਿੱਚ ਹੋਏ ਸਿੱਖ ਕਤਲੇਆਮ ਜਿਸ ਵਿੱਚ ਹਜ਼ਾਰਾਂ ਬੇਕਸ਼ੂਰ ਸਿੱਖਾਂ ਨੂੰ ਦੇਸ਼ ਦੀ ਬਹੁ-ਗਿਣਤੀ ਵੱਲੋਂ ਦਿਨ ਦਿਹਾੜੇ ਮਾਰ ਦਿੱਤਾ ਗਿਆ ਸੀ, ਦੇ ਕੇਸਾਂ ਦੀ ਪੈਰਵੀ ਕਰ ਰਹੇ ਸੀਨੀਅਰ ਵਕੀਲ ਐਚ. ਐਸ. ਫੂਲਕਾ ਵੱਲੋਂ ਦਾਇਰ ਫੌਜਦਾਰੀ ਮਾਣਹਾਨੀ ਦੇ ਮਾਮਲੇ ਵਿਚ ਪੇਸ਼ ਹੋਏ ਦੋਸ਼ੀ ਕਾਂਗਰਸ ਆਗੂ ਜਗਦੀਸ਼ ਟਾਇਟਲਰ( ਜੋ ਦਿੱਲੀ ਸਿੱਖ ਕਤਲੇਆਮ ਦਾ ਮੁੱਖ ਦੋਸ਼ੀ ਮੰਨਿਆ ਜਾਂਦਾ ਹੈ) ਨੇ ਦਿੱਲੀ ਦੀ ਇਕ ਅਦਾਲਤ ਨੂੰ ਦੱਸਿਆ ਕਿ ਉਹ ਮਾਮਲੇ ਦੇ ਨਿਪਟਾਰੇ ਲਈ ਬਿਨਾਂ ਸ਼ਰਤ ਮੁਆਫ਼ੀ ਮੰਗਣ ਲਈ ਤਿਆਰ ਹੈ ਜਦ ਕਿ ਸ: ਫੂਲਕਾ ਨੇ ਟਾਇਟਲਰ ਦੀ ਪੇਸ਼ਕਸ਼ ਪ੍ਰਵਾਨ ਕਰਨ ਤੋਂ ਸਾਫ ਨਾਂਹ ਕਰ ਦਿੱਤੀ ।

ਉਨ੍ਹਾਂ ਕਿਹਾ ਕਿ ਇਸ ਗੰਭੀਰ ਮੁੱਦੇ ‘ਤੇ ਕੋਈ ਵੀ ਸਮਝੌਤਾ ਲੋਕਾਂ ਨੂੰ ਗਲਤ ਸੰਦੇਸ਼ ਦੇਵੇਗਾ ਙ ਜੱਜ ਨੇ ਫੂਲਕਾ ਨੂੰ ਪੁੱਛਿਆ ਕਿ ਕੀ ਉਹ ਮਾਮਲਾ ਨਿਪਟਾਉਣ ਲਈ ਟਾਇਟਲਰ ਵੱਲੋਂ ਮੰਗੀ ਮੁਆਫੀ ਪ੍ਰਵਾਨ ਕਰਨ ਨੂੰ ਤਿਆਰ ਹਨ ਕਿਉਂਕਿ ਇਹ ਮਾਣਹਾਨੀ ਮਾਮਲਾ ਹੈ ਤੇ ਇਸ ਦਾ ਦੰਗਿਆਂ ਨਾਲ ਕੋਈ ਸਬੰਧ ਨਹੀਂ ਹੈ ।
ਸ: ਫੂਲਕਾ ਨੇ ਅਦਾਲਤ ਦਾ ਇਹ ਸੁਝਾਅ ਰੱਦ ਕਰਦਿਆਂ ਕਿਹਾ ਕਿ ਇਹ ਮਾਮਲਾ ਬਹੁਤ ਅਹਿਮ ਹੈ ਤੇ ਇਸ ਮਾਮਲੇ ਵਿਚ ਸਮਝੌਤਾ ਸੰਭਵ ਨਹੀਂ ਹੈ । ਉਨ੍ਹਾਂ ਕਿਹਾ ਕਿ ਅਦਾਲਤ ਜੋ ਵੀ ਚਹੁੰਦੀ ਹੈ , ਉਹ ਆਪਣਾ ਫੈਸਲਾ ਦੇ ਸਕਦੀ ਹੈ, ਇਸ ‘ਤੇ ਅਦਾਲਤ ਨੇ ਮਾਮਲੇ ਦੀ ਸੁਣਵਾਈ ਸ਼ੁਰੂ ਕੀਤੀ ।
ਸ: ਫੂਲਕਾ ਵੱਲੋਂ ਸਬੂਤ ਵਜੋਂ ਦਿੱਤੀ ਵੀਡੀਓ ਕੈਸਟ ਚਲਾਉਣ ਲਈ ਅਦਾਲਤ ਵਿਚ ਵੀ.ਸੀ.ਆਰ ਦਾ ਪ੍ਰਬੰਧ ਨਾ ਹੋਣ ਕਾਰਨ, ਮਾਣਯੋਗ ਜੱਜ ਗੌਰਵ ਰਾਓ ਟਾਇਟਲਰ ਵੱਲੋਂ ਦਿੱਤੀ ਟੀ. ਵੀ ਇੰਟਰਵਿਊ ਨਹੀਂ ਵੇਖ ਸਕੇ ਙ ਇਸ ‘ਤੇ ਜੱਜ ਨੇ ਸ: ਫੂਲਕਾ ਨੂੰ ਕਿਹਾ ਕਿ ਉਹ ਅਗਲੀ ਤਰੀਕ ‘ਤੇ ਵੀਡੀਓ ਰਿਕਾਰਡਿੰਗ ਦੀ ਵੀ. ਸੀ. ਡੀ. ਜਾਂ ਡੀ.ਵੀ.ਡੀ. ਪੇਸ਼ ਕਰਨ ਜਾਂ ਫਿਰ ਵੀ.ਸੀ.ਆਰ. ਤੇ ਇਕ ਟੀ.ਵੀ. ਦਾ ਪ੍ਰਬੰਧ ਕਰਨ ਙ ਅਦਾਲਤ ਨੇ ਅਗਲੀ ਤਰੀਕ 2 ਅਗਸਤ, 2014 ਪਾਉਂਦਿਆਂ ਟਾਇਟਲਰ ਦੀ ਨਿੱਜੀ ਪੇਸ਼ੀ ਤੋਂ ਛੋਟ ਦੇਣ ਦੀ ਬੇਨਤੀ ਰੱਦ ਕਰ ਦਿੱਤੀ ।
ਇਥੇ ਵਰਣਨਯੋਗ ਹੈ 2004 ਵਿਚ ਇਕ ਚੈਨਲ ਵੱਲੋਂ ਪ੍ਰਸਾਰਿਤ ਇੰਟਰਵਿਊ ਵਿਚ ਟਾਇਟਲਰ ਨੇ ਫੂਲਕਾ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ। ਉਸ ਨੂੰ ਬਲੈਕਮੇਲਰ ਕਿਹਾ ਸੀ ਤੇ ਦੋਸ਼ ਲਾਇਆ ਸੀ ਕਿ ਉਹ ਨਵੰਬਰ 84 ਦੀਆਂ ਵਿਧਵਾਵਾਂ ਕੋਲੋਂ ਪੈਸਾ ਹੜਪ ਰਿਹਾ ਹੈ ।