ਆਪਣੇ ਪਿਛਲੇ ਲੇਖ ਵਿੱਚ ਅਸੀਂ ਪੰਜਾਬ ਦੇ ਰਵਾਇਤੀ ਸਿਆਸੀ ਮਹੌਲ ਵਿੱਚ ਆ ਰਹੀਆਂ ਤਬਦੀਲੀਆਂ ਦੀ ਛਾਣਬੀਣ ਕੀਤੀ ਸੀ। ਪੰਜਾਬ ਵਿੱਚ ਰਵਾਇਤੀ ਅਕਾਲੀ ਦਲ ਅਤੇ ਕਾਂਗਰਸ ਤੋਂ ਮੂੰਹ ਮੋੜ ਕੇ ਇਸ ਰਾਜ ਦੇ ਲੋਕਾਂ ਅਤੇ ਖਾਸ ਕਰ ਸਿੱਖਾਂ ਵੱਲੋਂ ਆਮ ਆਦਮੀ ਪਾਰਟੀ ਵੱਲ ਝੁਕਣ ਦੇ ਸਿਆਸੀ ਵਰਤਾਰੇ ਦਾ ਵਿਸ਼ਲੇਸ਼ਣ ਅਸੀਂ ਆਪਣੇ ਪਿਛਲੇ ਲੇਖ ਵਿੱਚ ਕਰ ਚੁੱਕੇ ਹਾਂ। ਉਸ ਵੇਲੇ ਅਸੀਂ ਪੰਥਕ ਰਾਜਨੀਤਿਕ ਸੰਸਸਥਾਵਾਂ ਦੀ ਅਸਫਲਤਾ ਦੇ ਸੰਦਰਭ ਵਿੱਚ ‘ਆਪ’ ਦੇ ਉਭਾਰ ਦਾ ਵਿਸ਼ਾ ਛੋਹਿਆ ਸੀ।
ਇਹ ਗੱਲ ਤਾਂ ਸਹੀ ਹੈ ਕਿ ਪੰਥਕ ਧਿਰ ਆਪਣਾਂ ਸਿਆਸੀ ਅਧਾਰ ਉਸ ਪੱਧਰ ਤੇ ਮਜਬੂਤ ਨਹੀ ਕਰ ਸਕੀ ਜਾਂ ਸਟੇਟ ਨੇ ਕਰਨ ਨਹੀ ਦਿੱਤਾ। ਪੰਥਕ ਮੁਹਾਜ ਦੇ ਅਸਫਲ ਹੋਣ ਦਾ ਦੂਜਾ ਵੱਡਾ ਕਾਰਨ ਇਸਦੀ ਆਪਣੀ ਸਿਆਸੀ ਅਤੇ ਸ਼ਖਸ਼ੀ ਜੀਵਨ ਸ਼ੈਲੀ ਹੈੈ। ਪੰਥਕ ਮੁਹਾਜ ਤੇ ਕੰਮ ਕਰਨ ਵਾਲੇ ਵੀਰ ਉਸ ਉੱਚ ਪਾਏ ਦੀ ਜੀਵਨ ਸ਼ੈਲੀ ਨੂੰ ਬਚਾ ਨਹੀ ਸਕੇ ਜਿਸਦੀ ਗੁਰਬਾਣੀ ਨੇ ਵਾਰ ਵਾਰ ਮੰਗ ਕੀਤੀ ਹੈ । ਇਸੇ ਲਈ ਪੰਜਾਬ ਦਾ ਸਿੱਖ ਇਸ ਵੇਲੇ ਬੇਗਾਨੇ ਆਖੇ ਜਾਣ ਵਾਲੇ ਲੋਕਾਂ ਦੀ ਪਾਰਟੀ ‘ਆਪ’ ਦਾ ਘੁੱਟ ਕੇ ਪੱਲਾ ਫੜਨ ਲਈ ਤਿਆਰੀ ਕਸੀ ਬੈਠਾ ਹੈੈ। ਸ੍ਰੀ ਮੁਕਤਸਰ ਸਾਹਿਬ ਦੀ ਕਾਨਫਰੰਸ ਦੌਰਾਨ ‘ਆਪ’ ਦੀ ਰੈਲੀ ਵਿੱਚ ਵੱਡੀ ਗਿਣਤੀ ਵਿੱਚ ਸ਼ਾਮਲ ਹੋਏ ਗੁਰਸਿੱਖ ਵੀਰ ਅਤੇ ਖਾਸ ਕਰ ਬੀਬੀਆਂ ਨੇ ਸਿੱਖੀ ਦੇ ਗੜ੍ਹ ਮਾਲਵੇ ਦੀ ਧਰਤੀ ਤੇ ਪੈਦਾ ਹੋ ਰਹੇ ਨਵੇਂ ਸਿਆਸੀ ਸਮੀਕਰਨਾ ਦੇ ਸੰਕੇਤ ਦਿੱਤੇ ਹਨ।
ਬਹੁਤ ਸਾਰੇ ਸਿੱਖ ਹਲਕਿਆਂ ਨੂੰ ਹਾਲੇ ਵੀ ਇਹ ਗੱਲ ਚੀਸ ਵਾਂਗ ਲੱਗ ਰਹੀ ਹੈ ਕਿ ਕੌਮ ਪੰਥ ਦਾ ਪੱਲਾ ਛੱਡਕੇ ਕਿਸੇ ਬੇਗਾਨੇ ਵੱਲ ਜਾ ਰਹੀ ਹੈ। ਪੰਥ ਤੋਂ ਉਨ੍ਹਾਂ ਦਾ ਭਾਵ ਬਾਦਲ ਦੀ ਅਗਵਾਈ ਵਾਲੇ ਅਕਾਲੀ ਦਲ ਤੋਂ ਨਹੀ ਹੈ ਬਲਕਿ ਗੰਭੀਰ ਅਤੇ ਇਮਾਨਦਾਰ ਪੰਥਕ ਧਿਰਾਂ ਤੋਂ ਹੈੈ। ਹੁਣ ਸੁਆਲ ਪੈਦਾ ਹੁੰਦਾ ਹੈ ਕਿ ਕੀ ਸਿੱਖ, ਇੱਕ ਕੌਮ ਦੇ ਤੌਰ ਤੇ ਗਲਤ ਫੈਸਲਾ ਲੈ ਰਹੇ ਹਨ? ਕੀ ਕੌਮ ਗਲਤ ਹੱਥਾਂ ਵਿੱਚ ਖੇਡ ਰਹੀ ਹੈੈ? ਕੀ ਏਨੀ ਵੱਡੀ ਗਿਣਤੀ ਵਿੱਚ ਗੰਭੀਰ ਅਤੇ ਅੰਮ੍ਰਿਤਧਾਰੀ ਸਿੱਖਾਂ ਦੀਆਂ ‘ਆਪ’ ਵੱਲ ਮੁਹਾਰਾਂ ਨੂੰ ਗਲਤ ਕਦਮ ਆਖਿਆ ਜਾ ਸਕਦਾ ਹੈ? ਇਨ੍ਹਾਂ ਸੁਆਲਾਂ ਦੇ ਜੁਆਬ ਅਸੀਂ ਬਹੁਗਿਣਤੀ ਦੇ ਦਾਬੇ ਹੇਠ ਰਹਿ ਰਹੀਆਂ ਘੱਟ ਗਿਣਤੀਆਂ ਦੇ ਮਨਸ਼ਿਆਂ, ਸਿਆਸੀ ਰੀਝਾਂ ਅਤੇ ਲੰਬੀਆਂ ਗੰਭੀਰ ਚੁੱਪਾਂ ਦਾ ਅਧਿਐਨ ਕਰਨ ਵਾਲੇ ਵਿਦਵਾਨਾਂ ਦੀ ਖੋਜ ਸਹਾਰੇ ਲੱਭਣ ਦਾ ਯਤਨ ਕਰਾਂਗੇ।
ਜਾਹਨ ਆਰਮਸਟਰੌਂਗ ਦਾ ਇਸ ਮਾਮਲੇ ਵਿੱਚ ਬਹੁਤ ਗੰਭੀਰ ਖੋਜ ਕਾਰਜ ਹੈ। ਘੱਟ ਗਿਣਤੀ ਕੌਮਾਂ ਦੀ ਹੋਣੀ ਅਤੇ ਸਿਆਸੀ ਰੀਝਾਂ ਬਾਰੇ ਉਸਨੇ ਆਪਣੇ ਖੋਜ ਕਾਰਜ (Nations before Nationalism) ਵਿੱਚ ਸਪਸ਼ਟ ਕੀਤਾ ਹੈ ਕਿ ਸਭ ਤੋਂ ਪਹਿਲਾਂ ਕੌਮਾਂ ਦੀ ਹੋਂਦ ਬਣਦੀ ਹੈ। ਕੌਮੀ ਅਜ਼ਾਦੀ ਦੇ ਸੁਪਨੇ ਲਈ ਸੰਘਰਸ਼ ਉਸਤੋਂ ਬਹੁਤ ਬਾਅਦ ਸ਼ੁਰੂ ਹੁੰਦਾ ਹੈੈ। ਜਦੋਂ ਕੌਮਾਂ ਆਪਣੀ ਸਿਆਸੀ,ਸਮਾਜਕ ਅਤੇ ਇਤਿਹਾਸਕ ਹੋਂਦ ਬਾਰੇ ਸੁਚੇਤ ਹੋ ਜਾਂਦੀਆਂ ਹਨ ਉਸ ਵੇਲੇ ਉਹ ਆਪਣੀ ਜਿੰਦਗੀ ਦਾ ਹਰ ਪਲ ਆਪਣੀ ਅੰਤਿਮ ਰੀਝ (ਅਜ਼ਾਦੀ) ਦੇ ਲੇਖੇ ਲਾ ਦੇਂਦੀਆਂ ਹਨ।
ਡੋਨਾਲਡ ਹੋਰੋਵਿਟਜ਼ ਨੇ ਸੰਸਾਰ ਭਰ ਵਿੱਚ ਇਕੋ ਦੇਸ਼ ਵਿੱਚ ਰਹਿਣ ਵਾਲੀਆਂ ਵੱਖ ਵੱਖ ਕੌਮਾਂ ਦਰਮਿਆਨ ਚੱਲ ਰਹੇ ਸੰਘਰਸ਼ਾਂ ਦਾ ਅਧਿਐਨ ਕਰਦਿਆਂ (Ethnic groups in conflict) ਲਿਿਖਆ ਹੈ ਕਿ, ਦੂਜੀ ਸੰਸਾਰ ਜੰਗ ਤੋਂ ਪਹਿਲਾਂ ਜਿਨ੍ਹਾਂ ਕੌਮਾਂ ਨੇ ਬਸਤੀਵਾਦ ਦੇ ਖਿਲਾਫ ਸੰਘਰਸ਼ ਅਰੰਭਿਆ ਹੋਇਆ ਸੀ ਉਹ ਆਪਣੇ ਮੁਲਕਾਂ ਦੀਆਂ ਸਾਰੀਆਂ ਕੌਮਾਂ ਦੀ ਪ੍ਰਤੀਨਿਧਤਾ ਨਹੀ ਸੀ ਕਰਦੇ। ਇਸ ਲਈ ਦੂਜੀ ਸੰਸਾਰ ਜੰਗ ਤੋਂ ਬਾਅਦ ਜਿਨ੍ਹਾਂ ਕੌਮਾਂ ਨੂੰ ਸਿਆਸੀ ਅਜ਼ਾਦੀ ਮਿਲ ਗਈ ਉਹ ਤਾਂ ਫਾਇਦੇ ਵਿੱਚ ਰਹੀਆਂ ਪਰ ਜਿਨ੍ਹਾਂ ਦੀ ਰੀਝ ਦੱਬੀ ਰਹਿ ਗਈ ਉਹ ਫਿਰ ਸੰਘਰਸ਼ ਦੇ ਨਵੇਂ ਰੂਪ ਅਤੇ ਨਵੇਂ ਦੌਰ ਵਿੱਚ ਪ੍ਰਵੇਸ਼ ਕਰ ਗਈਆਂ। ਬਹੁਗਿਣਤੀ ਦੇ ਦਾਬੇ ਅਧੀਨ ਰਹਿ ਰਹੀਆਂ ਕੌਮਾਂ ਦੇ ਸੰਘਰਸ਼ ਨੇ ਫਿਰ ਬਹੁਤ ਸਾਰੇ ਰੂਪ ਵਟਾਏ ਜੋ ਲਗਾਤਾਰ ਜਾਰੀ ਹਨ।
ਐਨਥਨੀ ਸਮਿੱਥ ਇਸ ਸਬੰਧੀ ਸਾਡੇ ਸਾਰੇ ਕਪਾਟ ਖੋਲ੍ਹਦੇ ਹਨ। ਉਹ (Nationalism in Twentieth Century) ਆਖਦੇ ਹਨ ਕਿ ਕੌਮਵਾਦ ਦਾ ਸੰਘਰਸ਼ ਇੱਕ ਵੱਡੀ ਵਿਚਾਰਧਾਰਾ ਤੇ ਅਧਾਰਿਤ ਹੁੰਦਾ ਹੈ ਜੋ ਆਪਣੇ ਬਾਰੇ ਅਤੇ ਆਪਣੇ ਤੋਂ ਬੇਗਾਨੇ ਲੋਕਾਂ ਬਾਰੇ ਸਪਸ਼ਟ ਲਕੀਰ ਖਿੱਚਕੇ ਹੀ ਸ਼ੁਰੂ ਹੁੰਦਾ ਹੈੈ, ਇਸ ਲਕੀਰ ਦਾ ਸ਼ਪਸ਼ਟ ਮਤਲਬ ਹੀ ਇਹ ਹੁੰਦਾ ਹੈ ਕਿ ਸੰਸਾਰ ਕੌਮੀਅਤਾਂ ਦਾ ਸਮੂਹ ਹੈ ਅਤੇ ਹਰ ਕੌਮ ਦਾ ਆਪਣਾਂ ਇਤਿਹਾਸ, ਨਾਇਕ ਅਤੇ ਸੱਭਿਆਚਾਰ ਹੁੰਦਾ ਹੈੈ। ਆਪਣੀ ਕੌਮ ਦੇ ਲੋਕਾਂ ਵਿੱਚ ਇੱਕਮੁੱਠਤਾ ਪੈਦਾ ਕਰਨੀ ਕੌਮੀ ਸ਼ੰਘਰਸ਼ ਦਾ ਇੱਕ ਨਿਸ਼ਾਨਾ ਹੁੰਦਾ ਹੈ। ਇਹ ਇੱਕਮੁੱਠਤਾ ਆਪਣੇ ਹੋਮਲੈਂਡ ਤੋਂ ਬਿਨਾ ਪੈਦਾ ਹੀ ਨਹੀ ਹੋ ਸਕਦੀ। ਧਰਤੀ ਦੇ ਕਿਸੇ ਟੁਕੜੇ ਨਾਲ ਜੁੜਨ ਤੋਂ ਬਿਨਾ, ਕੋਈ ਵੀ ਕੌਮ ਆਪਣੇ ਲੋਕਾਂ ਵਿੱਚ ਭਾਈਚਾਰੇ ਅਤੇ ਸਾਕੇਦਾਰੀ ਦੀ ਭਾਵਨਾ ਪੈਦਾ ਨਹੀ ਕਰ ਸਕਦੀ ਕਿਉਂਕਿ ਸਮਾਜਕ ਅਤੇ ਆਤਮਕ ਸ਼ੁੱਧੀ ਦਾ ਫੁੱਲ ‘ਆਪਣੀ ਧਰਤੀ’ ਤੇ ਹੀ ਖਿੜ ਸਕਦਾ ਹੈੈ।
ਪ੍ਰੋਫੈਸਰ ਸਮਿੱਥ ਆਖਦੇ ਹਨ ਕਿ ਆਪਣੇ ਇਸ ਕੌਮੀ ਨਿਸ਼ਾਨੇ ਦੀ ਪ੍ਰਾਪਤੀ ਲਈ ਕੌਮਾਂ ਬਹੁਤ ਝੱਖੜਾਂ ਦਾ ਸਾਹਮਣਾਂ ਕਰਦੀਆਂ ਹਨ। ਉਹ ਬਹੁਤ ਵੱਖਰੇ ਰੂਪਾਂ ਵਿੱਚ ਆਪਣਾਂ ਸੰਘਰਸ਼ ਲੜਦੀਆਂ ਹਨ। ਸਮਿੱਥ ਕੌਮਾਂ ਦੇ ਉਨ੍ਹਾਂ ਬਹੁਭਾਂਤੀ ਰੂਪਾਂ ਨੂੰ (Multiple Identities) ਦਾ ਨਾਅ ਦੇਂਦੇ ਹਨ। ਉਹ ਆਖਦੇ ਹਨ ਕਿ ਕੌਮਾਂ ਦੇ ਸੰਘਰਸ਼ ਬਹੁਤ ਸਾਰੇ ਰੂਪ ਵਟਾਕੇ ਅੱਗੇ ਤੁਰਦੇ ਹਨ। ਇਹ ਰੂਪ ਏਨੇ ਅਚੰਭਾਜਨਕ ਹੁੰਦੇ ਹਨ ਕਿ ਕਈ ਵਾਰ ਕੌਮ ਦੇ ਵਿਦਵਾਨ ਵੀ ਇਸਨੂੰ ਸਹੀ ਦਿਸ਼ਾ ਵਿੱਚ ਫੜਨ ਤੋਂ ਅਸਮਰਥ ਹੋ ਜਾਂਦੇ ਹਨ। ਉਹ ਆਖਦੇ ਹਨ ਕਿ ਕੌਮ ਸਿਰਫ ‘ਆਪਣੇ ਲੋਕਾਂ’ ਦੇ ਘੇਰੇ ਵਿੱਚ ਹੀ ਆਪਣਾਂ ਦਿਲ ਅਜ਼ਾਦੀ ਨਾਲ ਖੋਲ੍ਹਦੀ ਹੈ ਨਹੀ ਤਾਂ ਉਹ ਆਪਣੇ ਸੰਘਰਸ਼ ਨੂੰ ਏਨੇ ਲੁਕਵੇਂ ਢੰਗ ਨਾਲ ਚਲਾਉਂਦੀ ਹੈ ਕਿ ਛੇਤੀ ਕੀਤੇ ਉਸਦੀ ਸਮਝ ਹੀ ਨਹੀ ਪੈਂਦੀ।
ਹੁਣ ਇਸ ਸੰਦਰਭ ਵਿੱਚ ਅੰਮ੍ਰਿਤਧਾਰੀ ਸਿੱਖਾਂ ਦੇ ‘ਆਪ’ ਵੱਲ ਜਾਣ ਦੇ ਕਾਰਜ ਨੂੰ ਸਮਝਿਆ ਜਾ ਸਕਦਾ ਹੈੈ। ਕੌਮ ਆਪਣੇ ਅਸਲ ਨਿਸ਼ਾਨੇ ਤੋਂ ਨਹੀ ਥਿੜਕੀ ਹੋਈ। ਹੋ ਸਕਦਾ ਹੈ ਕਿ ਕੌਮ ਪੰਥਕ ਧਿਰਾਂ ਤੋਂ ਵੀ ਜਿਆਦਾ ਆਪਣੇ ਅਸਲ ਨਿਸ਼ਾਨੇ ਨਾਲ ਜੁੜੀ ਹੋਈ ਹੋਵੇ।
ਸਿੱਖ ਕੌਮ ਦਾ ‘ਆਪ’ ਵੱਲ ਜਾਣ ਦਾ ਕਾਰਜ ਪ੍ਰੋਫੈਸਰ ਐਨਥਨੀ ਸਮਿੱਥ ਦੀ ਵਿਆਖਿਆ ਦੇ ਸੰਦਰਭ ਵਿੱਚ ਹੀ ਸਮਝਿਆ ਜਾ ਸਕਦਾ ਹੈ, ਕਿ ਕੌਮਾਂ ਦੇ ਸੰਘਰਸ਼ ਬਹੁਤ ਸਾਰੇ ਰੂਪਾਂ (In many Guises) ਵਿੱਚੋਂ ਹੋ ਕੇ ਲੰਘਦੇ ਹਨ।ਪਰ ਅੰਤਿਮ ਨਿਸ਼ਾਨਾ ਉਸਦੇ ਮਨ ਵਿੱਚ ਹਰ ਵੇਲੇ ਪਿਆ ਰਹਿੰਦਾ ਹੈ। ਇਸ ਸੰਦਰਭ ਵਿੱਚ ਭਾਈ ਰਣਜੀਤ ਸਿੰਘ ਦੀ ਮੁਲਾਕਾਤ ਨੂੰ ਵੀ ਦੇਖਿਆ ਜਾ ਸਕਦਾ ਹੈ। ਉਨ੍ਹਾਂ ਦਾ ਕਹਿਣਾਂ ਹੈ ਕਿ, ਪਹਿਲਾਂ ਪੰਥ ਦੇ ਵੱਡੇ ਦੁਸ਼ਮਣ ਨੂੰ ਢਾਹ ਲਈਏ,ਬਾਕੀਆਂ ਨਾਲ ਅਸੀਂ ਆਪ ਹੀ ਨਿਬੜ ਲਵਾਂਗੇ। ਜਿਸ ਵੇਲੇ ਪੰਥ ਕੋਲ ਕੋਈ ਨਿੱਗਰ ਬਦਲ ਹੀ ਨਹੀ ਹੈ ਉਸ ਹਾਲਤ ਵਿੱਚ ਕੌਮ ਕੀ ਕਰ ਸਕਦੀ ਹੈੈ।
ਸ਼ੋਸ਼ਲ ਮੀਡੀਆ ਤੇ ‘ਆਪ’ ਲਈ ਬਹੁਤ ਸਾਰੇ ਅੰਮ੍ਰਿਤਧਾਰੀ ਨੌਜਵਾਨ ਪਰਚਾਰ ਕਰਦੇ ਦੇਖੇ ਜਾ ਸਕਦੇ ਹਨ। ਇਹ ਵਟਵੇਂ ਰੂਪਾਂ ਦਾ ਸੰਘਰਸ਼ ਹੈ ਜੋ ਆਪਣੀ ਹੋਣੀ ਦੇ ਮਾਲਕ ਆਪ ਬਣਨ ਦੀ ਰੀਝ ਨਾਲ ਪਰੋਇਆ ਹੋਇਆ ਹੈੈ।
ਇਸ ਕੜੀ ਦਾ ਪਹਿਲਾ ਲੇਖ ਪੜ੍ਹੋ – ਪੰਥਕ ਧਿਰਾਂ ਦੀ ਹਾਰ?