June 8, 2023 | By ਸਿੱਖ ਸਿਆਸਤ ਬਿਊਰੋ
ਅੰਮ੍ਰਿਤਸਰ: ਸ਼ਹੀਦ ਭਾਈ ਬਖਸ਼ੀਸ਼ ਸਿੰਘ ਮਾਲੋਵਾਲ ਵੀਹਵੀਂ ਸਦੀ ਦੇ ਮਹਾਨ ਸਿੱਖ ਸ਼ਹੀਦ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੇ ਨਿਕਟਵਰਤੀ ਤੇ ਭਰੋਸੇਯੋਗ ਸਾਥੀਆਂ ਵਿਚੋਂ ਸਨ।
ਸੰਤਾਂ ਨਾਲ ਵਿਚਰਦਿਆਂ ਉਹਨਾ ਦੀ ਸੁਰੱਖਿਆ ਤੇ ਹਥਿਆਰਬੰਦ ਕਾਰਜਾਂ ਦੀ ਜਿੰਮੇਵਾਰੀ ਭਾਈ ਬਖਸ਼ੀਸ਼ ਸਿੰਘ ਹੋਰਾਂ ਕੋਲ ਹੁੰਦੀ ਸੀ। ਉਹਨਾ ਨੇ ਘੱਲੂਘਾਰਾ ਜੂਨ ’੮੪ ਦੌਰਾਨ ਹਮਲਾਵਰ ਭਾਰਤੀ ਫੌਜ ਦਾ ਟਾਕਰਾ ਕਰਦਿਆਂ ਸੰਤ ਜਰਨੈਲ ਸਿੰਘ ਹੋਰਾਂ ਦੇ ਨਾਲ ਅਕਾਲ ਤਖਤ ਸਾਹਿਬ ਵਿਖੇ ਸ਼ਹੀਦੀ ਰੁਤਬਾ ਹਾਸਿਲ ਕੀਤਾ।
ਇਹ ਗੁਰੂ ਸਾਹਿਬ ਦਾ ਭਾਣਾ ਹੀ ਹੈ ਕਿ ਇੰਨੀ ਵੱਡੀ ਸਖਸ਼ੀਅਤ, ਜਿਸ ਦਾ ਦਾ ਜ਼ਿਕਰ ਖਾੜਕੂ ਸੰਘਰਸ਼ ਦੇ ਨਾਮਵਰ ਸਿੰਘ ਜਿਵੇਂ ਭਾਈ ਹਰਜਿੰਦਰ ਸਿੰਘ ਜਿੰਦਾ, ਭਾਈ ਸੁਖਵਿੰਦਰ ਸਿੰਘ ਸ਼ਿੰਦੂ ਉਰਫ ਕੇ.ਸੀ. ਸ਼ਰਮਾ, ਭਾਈ ਮਨਬੀਰ ਸਿੰਘ, ਜਨਰਲ ਲਾਭ ਸਿੰਘ ਬਹੁਤ ਸਤਿਕਾਰ ਨਾਲ ਕਰਦੇ ਸਨ ਤੇ ਉਹਨਾ ਨੂੰ ਆਪਣੇ ਤੋਂ ਵੱਡਾ ਮੰਨਦੇ ਸਨ, ਨੂੰ ਪੰਥ ਵਿਚ ਬਹੁਤ ਥੋੜ੍ਹੇ ਲੋਕ ਹੀ ਜਾਣਦੇ ਹਨ। ਪਿਛਲੇ ਸਾਲ ਭਾਈ ਬਖਸ਼ੀਸ਼ ਸਿੰਘ ਦੇ ਪਰਿਵਾਰ ਤੇ ਪਿੰਡ ਵਾਸੀਆਂ ਨੇ ਪਹਿਲੀ ਵਾਰ ਉਹਨਾ ਨਮਿਤ ਸ਼ਹੀਦੀ ਸਮਾਗਮ ਕਰਵਾਇਆ ਸੀ ਅਤੇ ਇਸ ਵਾਰ ਦੂਜਾ ਸ਼ਹੀਦੀ ਸਮਾਗਮ ਲੰਘੇ ਦਿਨ (੭ ਜੂਨ ਨੂੰ) ਕਰਵਾਇਆ ਗਿਆ।
ਇਸ ਸਮਾਗਮ ਵਿਚ ਸੰਗਤ ਨੂੰ ਸੰਬੋਧਨ ਕਰਦਿਆਂ ਖਾੜਕੂ ਸੰਘਰਸ਼ ਦੀਆਂ ਆਗੂ ਸਫਾਂ ਵਿਚ ਰਹੇ ਭਾਈ ਦਲਜੀਤ ਸਿੰਘ ਬਿੱਟੂ ਨੇ ਕਿਹਾ ਕਿ ਸ਼ਹੀਦ ਸਾਡਾ ਸਿਰਮਾਇਆ ਹਨ। ਉਹਨਾ ਦੀ ਯਾਦ ਮਨਾਉਣ ਤੇ ਉਹਨਾ ਦੀਆਂ ਸ਼ਹਾਦਤਾਂ ਤੋਂ ਪ੍ਰੇਰਣਾ ਲੈ ਕੇ ਖਾਲਸਾ ਜੀ ਦੇ ਆਦਰਸ਼ਾਂ ਦੀ ਪੂਰਤੀ ਲਈ ਉੱਦਮ ਕਰਨਾ ਸਾਡਾ ਸਭ ਦਾ ਫਰਜ਼ ਹੈ।
ਇਸ ਮੌਕੇ ਪੰਥ ਸੇਵਕ ਭਾਈ ਨਰਾਇਣ ਸਿੰਘ ਚੌੜਾ ਅਤੇ ਪੰਥ ਸੇਵਕ ਜਥਾ ਮਾਝਾ ਦੇ ਭਾਈ ਸੁਖਦੀਪ ਸਿੰਘ ਮੀਕੇ ਨੇ ਵੀ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ।
ਸਮਾਗਮ ਦੌਰਾਨ ਹਾਜ਼ਰ ਸੰਗਤਾਂ ਦੀ ਕੁੱਝ ਹੋਰ ਤਸਵੀਰਾਂ ਵੇਖੋ –
Related Topics: Army Attack on Akal Takhat Sahib, Ghallughara June 1984, June 1984 Martyrs, Shaheed Bhai Baksheesh Singh Malowal