ਚੰਡੀਗੜ੍ਹ – ਦਲ ਖਾਲਸਾ, ਅਕਾਲੀ ਦਲ ਅੰਮ੍ਰਿਤਸਰ, ਪੰਚ ਪ੍ਰਧਾਨੀ ਜੱਥਾ ਅਤੇ ਭਾਈ ਜਗਤਾਰ ਸਿੰਘ ਹਵਾਰਾ ਕਮੇਟੀ ਦੇ ਆਗੂਆਂ ਦੀ ਬੀਤੇ ਦਿਨ ਦਲ ਖ਼ਾਲਸਾ ਦਫ਼ਤਰ, ਅੰਮ੍ਰਿਤਸਰ ਵਿਖੇ ਇਕ ਮੀਟਿੰਗ ਹੋਈ। ਮੀਟਿੰਗ ਦੌਰਾਨ ਸਮਾਗਮ ਸਬੰਧੀ ਰੂਪ-ਰੇਖਾ ਨੂੰ ਅੰਤਿਮ ਛੋਹਾਂ ਦਿੱਤੀਆਂ ਗਈਆਂ। ਜਿਕਰਯੋਗ ਹੈ ਕਿ ਉਪਰੋਕਤ ਚਾਰ ਪ੍ਰਮੁੱਖ ਪੰਥਕ ਜਥੇਬੰਦੀਆਂ ਨੇ ਸਾਂਝੇ ਤੌਰ ‘ਤੇ 26 ਜਨਵਰੀ 1986 ਨੂੰ ਅਕਾਲ ਤਖ਼ਤ ਸਾਹਿਬ ਵਿਖੇ ਹੋਏ ਸਰਬੱਤ ਖ਼ਾਲਸਾ ਦੇ 40 ਸਾਲ ਪੂਰੇ ਹੋਣ ਤੇ ਉਸ ਇਤਿਹਾਸਕ ਫੈਸਲੇ ਦੀ ਯਾਦ ਨੂੰ ਮਨਾਉਣ ਦਾ ਫੈਸਲਾ ਲਿਆ ਹੈ।

ਸਿੱਖ ਸੰਘਰਸ਼ ਦੀਆਂ ਚਾਰ ਪ੍ਰਮੁੱਖ ਜਥੇਬੰਦੀਆਂ ਜੋ ਲੰਮੇ ਸਮੇਂ ਤੋਂ ਖਾਲਿਸਤਾਨ ਲਈ ਜੱਦੋ ਜਹਿਦ ਕਰ ਰਹੀਆਂ ਨੇ ਮਿਲਕੇ ਐਲਾਨ ਕੀਤਾ ਕਿ ਸਿੱਖ ਸੰਗਤਾਂ ਦਾ ਵੱਡਾ ਇਕੱਠ ਆਉਣ ਵਾਲੀ 26 ਜਨਵਰੀ 2026 ਨੂੰ ਅਕਾਲ ਤਖ਼ਤ ਸਾਹਿਬ ਦੇ ਸਨਮੁੱਖ ਜੁੜੇਗਾ ਜਿੱਥੇ ਖਾਲਿਸਤਾਨ ਸੰਘਰਸ਼ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ, ਬੰਦੀ ਸਿੰਘਾਂ ਦੀ ਬੰਦ ਖ਼ਲਾਸੀ ਅਤੇ ਪੰਥਕ ਜੱਦੋ-ਜਹਿਦ ਦੀ ਸਫਲਤਾ ਲਈ ਅਰਦਾਸ ਕੀਤੀ ਜਾਵੇਗੀ ।
ਦਲ ਖ਼ਾਲਸਾ ਦੇ ਜਨਰਲ ਸਕੱਤਰ ਪਰਮਜੀਤ ਸਿੰਘ ਟਾਂਡਾ ਨੇ ਦੱਸਿਆ ਕਿ ਗੁਰਦੁਆਰਾ ਸੰਤੋਖਸਰ ਸਾਹਿਬ ਦੇ ਬਾਹਰ ਦੁਪਹਿਰ 12 ਵਜੇ ਤੋ ਸਟੇਜ ਸਜਾਈ ਜਾਵੇਗੀ ਜਿੱਥੇ ਚਾਰ ਜਥੇਬੰਦੀਆਂ ਦੇ ਮੁਖੀ ਸੰਗਤਾਂ ਨੂੰ ਸੰਬੋਧਨ ਕਰਨਗੇ ਅਤੇ ਸੰਘਰਸ਼ ਦੇ ਅਗਲੇ ਪੜਾਅ ਬਾਰੇ ਰਣਨੀਤੀ ਸਾਂਝੀ ਕਰਨਗੇ। ਉਹਨਾਂ ਕਿਹਾ ਕਿ ਉਪਰੰਤ ਮਾਰਚ ਦੇ ਰੂਪ ਵਿੱਚ ਅਕਾਲ ਤਖ਼ਤ ਸਾਹਿਬ ‘ਤੇ ਜਾ ਕੇ ਅਰਦਾਸ ਕੀਤੀ ਜਾਵੇਗੀ । ਉਹਨਾ ਪੰਥ ਦੇ ਸੰਘਰਸ਼ਮਈ ਅਤੇ ਸੁਹਿਰਦ ਹਿੱਸੇ ਨੂੰ ਸਮਾਗਮ ਵਿੱਚ ਸ਼ਾਮਿਲ ਹੋਣ ਦੀ ਹਾਰਦਿਕ ਅਪੀਲ ਕੀਤੀ।
ਮੀਟਿੰਗ ਵਿੱਚ ਪ੍ਰੋ ਮਹਿੰਦਰਪਾਲ ਸਿੰਘ, ਸ. ਹਰਪਾਲ ਸਿੰਘ ਬਲੇਰ, ਭਾਈ ਜਗਤਾਰ ਸਿੰਘ, ਸ. ਭੁਪਿੰਦਰ ਸਿੰਘ ਭਲਵਾਨ ,ਪ੍ਰੋ ਬਲਜਿੰਦਰ ਸਿੰਘ, ਭਾਈ ਮਨਧੀਰ ਸਿੰਘ, ਪਰਮਜੀਤ ਸਿੰਘ ਗਾਜ਼ੀ, ਸ. ਉਪਕਾਰ ਸਿੰਘ ਸੰਧੂ, ਸ. ਕੰਵਰਪਾਲ ਸਿੰਘ, ਸ. ਪਰਮਜੀਤ ਸਿੰਘ ਮੰਡ, ਸ. ਪਰਮਜੀਤ ਸਿੰਘ ਟਾਂਡਾ ਅਤੇ ਸ. ਮਾਨ ਸਿੰਘ ਸ਼ਾਮਿਲ ਸਨ।