January 23, 2011 | By ਸਿੱਖ ਸਿਆਸਤ ਬਿਊਰੋ
ਫ਼ਤਿਹਗੜ੍ਹ ਸਾਹਿਬ (22 ਜਨਵਰੀ, 2010): ਗੁਰਧਾਮਾਂ ਨੂੰ ਪੰਥ ਵਿਰੋਧੀ ਸ਼ਕਤੀਆਂ ਦੇ ਕਬਜ਼ੇ ’ਚੋਂ ਅਜ਼ਾਦ ਕਰਵਾਉਣ ਲਈ ਬਾਦਲ ਵਿਰੋਧੀ ਦਲ ਸਿੱਖ ਪੰਥ ਦੀਆਂ ਭਾਵਨਾਵਾਂ ਅਨੁਸਾਰ ਸ਼੍ਰੋਮਣੀ ਕਮੇਟੀ ਚੋਣਾਂ ਇੱਕ ਮੰਚ ’ਤੇ ਇਕੱਠੇ ਹੋ ਕੇ ਲੜਣ। ਇਹ ਸੱਦਾ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਸਕੱਤਰ ਜਨਰਲ ਭਾਈ ਹਰਪਾਲ ਸਿੰਘ ਚੀਮਾ, ਕੌਮੀ ਪੰਚ ਭਾਈ ਕੁਲਬੀਰ ਸਿੰਘ ਬੜਾ ਪਿੰਡ ਤੇ ਅਮਰੀਕ ਸਿੰਘ ਈਸੜੂ ਨੇ ਕਿਹਾ ਕਿ ਬਾਦਲ ਦਲ ਅਤੇ ਗੁਰਦੁਆਰਾ ਚੋਣ ਕਮਿਸ਼ਨ ਫਰਵਰੀ ਮਹੀਨੇ ਵਿੱਚ ਇਹ ਚੋਣਾਂ ਕਰਵਾਉਣ ਲਈ ਤਿਆਰ ਹਨ ਇਸ ਲਈ ਪੰਥ ਦੀ ਚੜ੍ਹਦੀਕਲਾ ਅਤੇ ਗੁਰਧਾਮਾਂ ਦੇ ਸੁੱਚਜੇ ਪ੍ਰਬੰਧ ਦੀਆਂ ਚਾਹਵਾਨ ਪੰਥਕ ਧਿਰਾਂ ਇਨ੍ਹਾਂ ਚੋਣਾਂ ਵਿੱਚ ਇੱਕ ਮੰਚ ’ਤੇ ਇਕੱਠੀਆਂ ਹੋ ਜਾਣ। ਉਕਤ ਆਗੂਆਂ ਨੇ ਕਿਹਾ ਕਿ ਸਮੁੱਚਾ ਸਿੱਖ ਪੰਥ ਵੀ ਇਹੋ ਚਾਹੁੰਦਾ ਹੈ ਕਿ ਕੌਮ ਦੀ ਬਿਹਤਰੀ ਲਈ ਯਤਨਸ਼ੀਲ ਹੋਣ ਦਾ ਦਾਅਵਾ ਕਰਨ ਵਾਲੀਆਂ ਪੰਥਕ ਧਿਰਾਂ ਨੂੰ ਘੱਟੋ-ਘੱਟ ਇਸ ਫਰੰਟ ’ਤੇ ਤਾਂ ਏਕਾ ਵਿਖਾਉਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਇਸ ਸਮੇਂ ਸ਼੍ਰੋਮਣੀ ਕਮੇਟੀ ਦਾ ਪ੍ਰਬੰਧ ਚਲਾ ਰਹੀਆਂ ਪੰਥ ਵਿਰੋਧੀਆ ਸ਼ਕਤੀਆਂ ਆਏ ਦਿਨ ਨਵੇਂ-ਨਵੇਂ ਮਸਲੇ ਪੈਦਾ ਕਰਕੇ ਪੰਥ ਨੂੰ ਦੋਫਾੜ ਕਰ ਰਹੀਆ ਹਨ। ਇਨ੍ਹਾਂ ਸ਼ਕਤੀਆਂ ਤੋਂ ਸਿੱਖ ਕੌਮ ਨੂੰ ਆਜ਼ਾਦ ਕਰਵਾ ਕੇ ਹੀ ਜਿੱਥੇ ਦੇਸ਼-ਵਿਦੇਸ਼ ਸਿੱਖ ਮਾਨ ਦੀ ਬਹਾਲੀ ਲਈ ਢੁਕਵੇਂ ਕਦਮ ਚੁੱਕੇ ਜਾ ਸਕਣਗੇ ਉਥੇ ਹੀ ਲੰਮੇ ਸਮੇਂ ਤੋਂ ਜਾਨ-ਬੁੱਝ ਕੇ ਲਮਕਾਏ ਤੇ ਉਲਝਾਏ ਜਾ ਰਹੇ ਪੰਥਕ ਮੁੱਦਿਆਂ ਦਾ ਹੱਲ ਕਰਕੇ ਕੌਮ ਦੇ ਏਕੇ ਦਾ ਮੁੱਢ ਬੰਨ੍ਹਿਆਂ ਜਾ ਜਾਵੇਗਾ।ਗੁਰਧਾਮਾਂ ਦਾ ਪ੍ਰਬੰਧ ਸਿੱਖ ਪੰਥ ਦੇ ਦੋਖੀਆਂ ਦੇ ਹੱਥ ਹੋਣਾ ਹੀ ਸਿੱਖ ਕੌਮ ਦੀ ਤ੍ਰਾਸਦੀ ਦਾ ਇੱਕ ਵੱਡਾ ਕਾਰਨ ਬਣਿਆ ਹੋਇਆ ਹੈ।ਅੱਜ ਤੱਕ ਦੇ ਕਾਰਜਕਾਲ ਦੌਰਾਨ ਮੌਜ਼ੂਦਾ ਸ਼੍ਰੋਮਣੀ ਕਮੇਟੀ ਸਾਡੀ ਅਪਣੀ ਪੰਜਾਬ ਦੀ ਧਰਤੀ ’ਤੇ ਵੀ ਸਿੱਖੀ ਦੇ ਬੋ-ਵਾਲੇ ਕਾਇਮ ਕਰ ਸਕਣ ਵਿੱਚ ਬੁਰੀ ਤਰ੍ਹਾ ਨਾਲ ਅਸਫਲ ਹੀ ਸਾਬਤ ਨਹੀਂ ਹੋਈ ਸਗੋਂ ਇਸਦੀ ਕਾਰਗੁਜਾਰੀ ਸਿੱਖ ਟੀਚਿਆਂ ਦੇ ਵਿਰੁੱਧ ਭੁਗਤਦੀ ਰਹੀ ਹੈ।
ਉਕਤ ਆਗੂਆਂ ਨੇ ਕਿਹਾ ਕਿ ਜੇ ਸਮੁੱਚੇ ਪੰਥ ਦੀਆਂ ਭਾਵਨਾਵਾਂ ਅਨੁਸਾਰ ਹੁਣ ਵੀ ਅਸੀਂ ਕੋਈ ਕਦਮ ਨਹੀਂ ਚੁਕਦੇ ਤਾਂ ਇਸ ਨਾਲ ਪੰਥਕ ਅਖਵਾਉਂਦੀਆਂ ਧਿਰਾਂ ਵਲੋਂ ਅਪਣੀ ਕੌਮ ਨੂੰ ਧੋਖਾ ਹੀ ਦੇ ਰਹੀਆਂ ਹੋਣਗੀਆਂ। ਉਨ੍ਹਾ ਕਿਹਾ ਕਿ ਪਿਛਲੇ ਪੰਜ ਸਾਲਾ ਤੋਂ ਬਾਦਲ ਵਿਰੋਧੀ ਪੰਥਕ ਧਿਰਾਂ ਸਿੱਖ ਕੌਮ ਨੂੰ ਸ਼੍ਰੋਮਣੀ ਕਮੇਟੀ ਦੇ ਮੌਜ਼ੂਦਾ ਪ੍ਰਬੰਧ ਤੋਂ ਖ਼ਬਰਦਾਰ ਕਰਕੇ ਲਾਮਬੰਦ ਕਰਦੀਆਂ ਆ ਰਹੀਆਂ ਹਨ ਪਰ ਅੱਜ ਉਨ੍ਹਾ ਵਲੋਂ ਖੁਦ ਕੁਝ ਕਰਕੇ ਵਿਖਾਉਣ ਦਾ ਸਮਾਂ ਆ ਚੁੱਕਾ ਹੈ। ਜੇ ਅੱਜ ਵੀ ਉਨ੍ਹਾਂ ਅਪਣੀ ਜਿੰਮੇਵਾਰੀ ਨਹੀਂ ਪੁਗਾਈ ਤਾਂ ਵੋਟਾਂ ਬਾਅਦ ਸਿੱਖ ਪੰਥ ਨੂੰ ਕਿਸੇ ਵੀ ਹਾਲਤ ਵਿੱਚ ਦੋਸ਼ੀ ਨਹੀਂ ਠਹਿਰਾਇਆ ਜਾ ਸਕੇਗਾ। ਸਗੋਂ ਦੋਸ਼ੀ ਪੰਥਕ ਅਖਵਾਉਂਦੀਆਂ ਧਿਰਾਂ ਖੁਦ ਹੋਣਗੀਆਂ।ਇਸ ਸਮੇਂ ਉਕਤ ਆਗੂਆਂ ਨਾਲ ਦਲ ਦੇ ਜਥੇਬੰਦਕ ਸਕੱਤਰ ਸੰਤੋਖ ਸਿੰਘ ਸਲਾਣਾ, ਯੂਥ ਵਿੰਗ ਦੇ ਜਨਰਲ ਸਕੱਤਰ ਸੰਦੀਪ ਸਿੰਘ ਕੈਨੇਡੀਅਨ, ਗੁਰਮੀਤ ਸਿੰਘ ਗੋਗਾ ਜਿਲ੍ਹਾ ਪ੍ਰਧਾਨ ਪਟਿਆਲਾ, ਹਰਪਾਲ ਸਿੰਘ ਮੌਜੇਵਾਲ ਜਿਲ੍ਹਾ ਪ੍ਰਧਾਨ ਸੰਗਰੂਰ, ਜਗਦੀਸ਼ ਸਿੰਘ ਜਿਲ੍ਹਾ ਪ੍ਰਧਾਨ ਪਟਿਆਲਾ (ਸ਼ਹਿਰੀ) ਤੇ ਜਿਲ੍ਹਾ ਫ਼ਤਿਹਗੜ੍ਹ ਸਾਹਿਬ ਦੇ ਯੂਥ ਵਿੰਗ ਦੇ ਪ੍ਰਧਾਨ ਸਰਪੰਚ ਗੁਰਮੁਖ ਸਿੰਘ ਡਡਹੇੜੀ ਵੀ ਹਾਜ਼ਰ ਸਨ।
Related Topics: Akali Dal Panch Pardhani, Shiromani Gurdwara Parbandhak Committee (SGPC)