ਭਵਾਨੀਗੜ੍ਹ: ਸ਼ਹੀਦੀ ਯਾਦਗਾਰ ਕਮੇਟੀ ਆਲੋਅਰਖ ਵੱਲੋਂ ਅੱਜ ਗੁਰਦੁਆਰਾ ਮੰਜੀ ਸਾਹਿਬ ਦੇ ਆਲੋਅਰਖ ਵਿਖੇ ਧਰਮ ਯੁੱਧ ਮੋਰਚੇ ਦੇ ਸ਼ਹੀਦਾਂ ਦੀ ਯਾਦ ਵਿੱਚ ਸਮਾਗਮ ਕਰਵਾਇਆ ਗਿਆ।
ਸਮਾਗਮ ਨੂੰ ਸੰਬੋਧਨ ਕਰਦਿਆਂ ਭਾਈ ਦਲਜੀਤ ਸਿੰਘ ਬਿੱਟੂ, ਸਵਰਨ ਸਿੰਘ ਕੋਟ ਧਰਮੂ, ਮਹਿੰਦਰ ਪਾਲ ਸਿੰਘ ਦਾਨਗੜ੍ਹ, ਹਰਜੀਤ ਸਿੰਘ ਸੰਜੂਆਂ ਅਤੇ ਚਮਨਦੀਪ ਸਿੰਘ ਮਿਲਖੀ ਨੇ ਕਿਹਾ ਕਿ ਪੰਜਾਬ ਅਤੇ ਪੰਥਕ ਮਸਲਿਆਂ ਨੂੰ ਹੱਲ ਕਰਨ ਲਈ ਦਿੱਲੀ ਦੇ ਹਾਕਮਾਂ ਤੋਂ ਝਾਕ ਰੱਖਣ ਦੀ ਥਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਆਪਣੇ ਇਤਿਹਾਸ ਤੋਂ ਸੇਧ ਲੈਣ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਵਿਅਕਤੀਆਂ ਦੀ ਥਾਂ ਸਾਂਝੀ ਅਗਵਾਈ ਤੇ ਸਾਂਝੇ ਫੈਸਲੇ ਲੈਣ ਵੱਲ ਪਰਤਣਾ ਚਾਹੀਦਾ ਹੈ। ਉਨ੍ਹਾਂ ਸੁਚੇਤ ਕਰਦਿਆਂ ਕਿਹਾ ਕਿ ਆਉਣ ਵਾਲਾ ਸਮਾਂ ਬਹੁਤ ਭਿਆਨਕ ਹੈ, ਸੰਭਾਵਨਾਵਾਂ ਵੀ ਹਨ, ਪਰ ਚੁਣੌਤੀਆਂ ਵੀ ਵੱਡੀਆਂ ਹਨ। ਉਨ੍ਹਾਂ ਕਿਹਾ ਕਿ ਸ਼ਹੀਦ ਕਿਸੇ ਦੁਨਿਆਵੀ ਪਦਾਰਥਾਂ ਲਈ ਨਹੀਂ ਸੀ ਤੁਰੇ। ਉਹ ਗੁਰੂ ਦੀ ਖੁਸ਼ੀ ਲਈ ਤੁਰੇ ਸਨ।

ਗੁਰਦੁਆਰਾ ਮੰਜੀ ਸਾਹਿਬ ਆਲੋਅਰਖ ਦੇ ਪ੍ਰਧਾਨ ਭਾਈ ਗੁਰਵਿੰਦਰ ਸਿੰਘ, ਮਲਕੀਤ ਸਿੰਘ ਭਵਾਨੀਗੜ੍ਹ, ਗੁਰਦੀਪ ਸਿੰਘ ਕਾਲਾਝਾੜ, ਮੇਜਰ ਸਿੰਘ ਮੱਟਰਾਂ, ਬਲਵੀਰ ਸਿੰਘ ਸਾਗਰ, ਛੋਟੂ ਸਿੰਘ ਮਾਝੀ ਨੇ ਵੀ ਵਿਚਾਰ ਸਾਂਝੇ ਕੀਤੇ। ਅਖੀਰ ਵਿੱਚ ਸ਼ਹੀਦਾਂ ਦੇ ਪਰਿਵਾਰਾਂ ਨੂੰ ਭਾਈ ਗੁਰਵਿੰਦਰ ਸਿੰਘ ਪ੍ਰਧਾਨ ਆਲੇਅਰਖ ਤੇ ਭਾਈ ਦਲਜੀਤ ਸਿੰਘ ਬਿੱਟੂ ਅਤੇ ਹੋਰ ਆਗੂਆਂ ਨੇ ਸਨਮਾਨਿਤ ਕੀਤਾ।