ਸ੍ਰੀ ਅੰਮ੍ਰਿਤਸਰ: ਲੰਘੀ 4 ਜੁਲਾਈ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭਗਵੰਤ ਮਾਨ ਖ਼ਿਲਾਫ਼ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਲਾਗੂ ਕਰਵਾਉਣ ਲਈ ਪੰਥਕ ਇਕੱਠ ਸੱਦਿਆ ਗਿਆ ਸੀ। ਇਸ ਬਾਰੇ ਬਬਰ ਖਾਲਸਾ ਇੰਟਰਨੈਸ਼ਨਲ ਦੇ ਮੁਖੀ ਭਾਈ ਵਧਾਵਾ ਸਿੰਘ ਵੱਲੋਂ ਇਕ ਲਿਖਤੀ ਸੰਦੇਸ਼ ਜਾਰੀ ਕਰਦਿਆਂ ਖਾਲਸਾ ਪੰਥ ਤੇ ਗੁਰਸੰਗਤਿ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਪ੍ਰਭੂਸੱਤਾ ਦੀ ਬਹਾਲੀ, ਖਾਲਸਾ ਪੰਥ ਦੀ ਆਨ-ਬਾਨ-ਸ਼ਾਨ ਕਾਇਮ ਰੱਖਣ ਅਤੇ ਗੁਰੂ-ਆਸ਼ੇ ਅਨੁਸਾਰ ਆਪਣੀ ਆਜ਼ਾਦ ਪੰਥਕ ਵਿਵਸਥਾ ਸਿਰਜਣ ਲਈ ਤਤਪਰ ਹੋਣ ਦਾ ਸੱਦਾ ਦਿੱਤਾ ਹੈ।
ਪਾਠਕਾਂ ਦੀ ਜਾਣਕਾਰੀ ਹਿਤ ਪੂਰੀ ਲਿਖਤ ਇੰਨ ਬਿੰਨ ਸਾਂਝੀ ਕੀਤੀ ਜਾ ਰਹੀ ਹੈ:-
ਬਿਲਡਿੰਗ ਦੁਸ਼ਮਣਾਂ ਨੇ ਢਾਹੀ, ਸਿਧਾਂਤ ਆਪਣੇ ਢਾਹ ਰਹੇ ਹਨ
ਵਾਹਿਗੁਰੂ ਜੀ ਕਾ ਖਾਲਸਾ ॥ ਵਾਹਿਗੁਰੂ ਜੀ ਕੀ ਫਤਹਿ ॥
ਅੱਜ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਭਗਵੰਤ ਮਾਨ ਖ਼ਿਲਾਫ਼ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਲਾਗੂ ਕਰਵਾਉਣ ਲਈ ਪੰਥਕ ਇਕੱਠ ਸੱਦਿਆ ਗਿਆ ਹੈ। ਪੰਥ-ਵਿਰੋਧੀ ਤਾਕਤਾਂ ਤਾਂ ਸਿੱਖੀ ਦੇ ਅਰੰਭ ਤੋਂ ਹੀ ਸਿੱਖੀ ਸਿਧਾਂਤਾਂ ਅਤੇ ਪ੍ਰਭੂਸੱਤਾ-ਸੰਪੰਨ ਸ੍ਰੀ ਅਕਾਲ ਤਖ਼ਤ ਸਾਹਿਬ ਦੀਆਂ ਵਿਰੋਧੀ ਰਹੀਆਂ ਹਨ। ਜਿਸ ਤਰ੍ਹਾਂ ਪਹਿਲਾਂ ਕਾਂਗਰਸ ਸਰਕਾਰ ਨੇ ਅਕਾਲ ਤਖ਼ਤ ਸਾਹਿਬ ‘ਤੇ ਸਿੱਧੇ ਅਤੇ ਸਿਧਾਂਤਕ ਹਮਲੇ ਕੀਤੇ, ਹੁਣ ਬੀਜੇਪੀ ਅਤੇ ਕੇਜਰੀਵਾਲ ਦਾ ਕਰਿੰਦਾ ਭਗਵੰਤ ਮਾਨ ਵੀ ਇਹੀ ਕਰ ਰਹੇ ਹਨ। ਖ਼ਾਲਸਾ ਪੰਥ ਇਨ੍ਹਾਂ ਹਮਲਿਆਂ ਦਾ ਮੂੰਹ-ਤੋੜ ਜਵਾਬ ਦਿੰਦਾ ਰਿਹਾ ਹੈ ਅਤੇ ਦਿੰਦਾ ਰਹੇਗਾ।
ਪਰ ਸਿੱਖ ਪੰਥ ਲਈ ਅਸਲ ਚਿੰਤਾ ਉਨ੍ਹਾਂ ਲੋਕਾਂ ਦੀ ਹੈ ਜੋ ਸਿੱਖੀ ਦਾ ਮਖੌਟਾ ਪਾ ਕੇ ਸਿੱਖਾਂ ਦੇ ਅੰਦਰ ਬੈਠੇ ਹਨ ਅਤੇ ਸਿੱਖਾਂ ਦੇ ਅਹਿਮ ਅਤੇ ਪਵਿੱਤਰ ਅਸਥਾਨਾਂ ‘ਤੇ ਕਾਬਜ਼ ਹੋ ਕੇ ਸਿੱਖੀ ਸਿਧਾਂਤਾਂ ਨਾਲ ਖਿਲਵਾੜ ਕਰ ਰਹੇ ਹਨ। ਇਨ੍ਹਾਂ ਵਿੱਚ ਮੁੱਖ ਤੌਰ ‘ਤੇ ਤਿੰਨ ਧਿਰਾਂ, ਮੌਜੂਦਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ, ਸ਼੍ਰੋਮਣੀ ਕਮੇਟੀ ਅਤੇ ਅਕਾਲੀ ਦਲ ਸ਼ਾਮਲ ਹਨ। ਇਸ ਤੋਂ ਇਲਾਵਾ ਉਹ ਸਿੱਖ ਸ਼ਖਸੀਅਤਾਂ, ਡੇਰੇਦਾਰ ਜਾਂ ਜਥੇਬੰਦੀਆਂ ਹਨ ਜੋ ਆਪਣੇ ਹਿੱਤਾਂ ਨੂੰ ਮੁੱਖ ਰੱਖ ਕੇ ਇਹਨਾਂ ਦਾ ਸਾਥ ਦਿੰਦੇ ਹਨ।
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦਾ ਮੂਲ ਫ਼ਰਜ਼ ਸਿੱਖੀ ਸਿਧਾਂਤਾਂ ਦੀ ਪਹਿਰੇਦਾਰੀ ਅਤੇ ਗੁਰੂ ਗ੍ਰੰਥ-ਗੁਰੂ ਪੰਥ ਦੀ ਸਰਬਉੱਚਤਾ ਬਹਾਲ ਰੱਖਣਾ ਹੈ, ਪਰ ਪਿਛਲੇ ਸਮੇਂ ਤੋਂ ਸ਼੍ਰੋਮਣੀ ਕਮੇਟੀ ਵੱਲੋਂ ਥਾਪੇ ਜਥੇਦਾਰਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਨੂੰ ਢਾਹ ਲਾਈ ਹੈ। ਇਸ ਵਿੱਚ ‘ਗਿਆਨੀ’ ਗੁਰਬਚਨ ਸਿੰਘ ਤੋਂ ਲੈ ਕੇ ਹੁਣ ਸ਼੍ਰੋਮਣੀ ਕਮੇਟੀ ਵੱਲੋਂ ਥਾਪੇ ਗਏ ਕਾਰਜਕਾਰੀ ਜਥੇਦਾਰ ‘ਗਿਆਨੀ’ ਕੁਲਦੀਪ ਸਿੰਘ ਗੜਗੱਜ ਸ਼ਾਮਲ ਹਨ।
‘ਗਿਆਨੀ’ ਗੁਰਬਚਨ ਸਿੰਘ ਦੀ ਜਥੇਦਾਰੀ ਸਮੇਂ ਦੀ ਮਿਸਾਲ ਸਾਡੇ ਸਾਹਮਣੇ ਹੈ। ਸੰਨ 2007 ਵਿੱਚ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਰਚਣ ਵਾਲੇ ਰਾਮ ਰਹੀਮ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪੰਥ-ਦੋਖੀ ਕਰਾਰ ਦੇ ਕੇ ਉਸ ਦੇ ਡੇਰੇ ਦੇ ਮੁਕੰਮਲ ਬਾਈਕਾਟ ਦਾ ਹੁਕਮਨਾਮਾ ਜਾਰੀ ਹੋਇਆ ਸੀ। ਬਾਅਦ ਵਿੱਚ ਬਿਨਾਂ ਕਿਸੇ ਮੁਆਫ਼ੀਨਾਮੇ ਦੇ, ਸਿਰਫ ਬਾਦਲਾਂ ਦੇ ਦਬਾਅ ਥੱਲੇ ਆ ਕੇ, ਡੇਰਾ ਮੁਖੀ ਨੂੰ ‘ਗਿਆਨੀ’ ਗੁਰਬਚਨ ਸਿੰਘ ਵੱਲੋਂ ਮੁਆਫ਼ ਕਰ ਦਿੱਤਾ ਗਿਆ। ਅਕਾਲ ਤਖ਼ਤ ‘ਤੇ ਬੈਠ ਕੇ ਇਸ ਤੋਂ ਵੱਡਾ ਖਿਲਵਾੜ ਹੋਰ ਕੀ ਹੋਵੇਗਾ?
ਇਹੀ ਕੁਝ ‘ਗਿਆਨੀ’ ਰਘਬੀਰ ਸਿੰਘ ਦੇ ਕਾਰਜਕਾਲ ਦੌਰਾਨ ਹੋਇਆ। 2 ਦਸੰਬਰ 2024 ਨੂੰ ਪੰਜ ਸਿੰਘ ਸਾਹਿਬਾਨ ਨੇ ਹੁਕਮਨਾਮਾ ਜਾਰੀ ਕਰਕੇ 2007-2017 ਦੀ ਅਕਾਲੀ ਸਰਕਾਰ ਦੌਰਾਨ ਹੋਏ ਪੰਥ ਪ੍ਰਤੀ ਗੁਨਾਹਾਂ ਲਈ ਸੁਖਬੀਰ ਬਾਦਲ ਸਮੇਤ ਤਤਕਾਲੀ ਸਿੱਖ ਮੰਤਰੀਆਂ ਨੂੰ ਤਨਖ਼ਾਹ ਲਾਈ, ਪ੍ਰਕਾਸ਼ ਸਿੰਘ ਬਾਦਲ ਦਾ ‘ਫ਼ਖ਼ਰ-ਏ-ਕੌਮ’ ਖ਼ਿਤਾਬ ਵਾਪਸ ਲਿਆ, ਅਕਾਲੀ ਦਲ ਦੇ ਸਾਰੇ ਧੜੇ ਭੰਗ ਕਰਕੇ ਤਿੰਨ ਦਿਨਾਂ ਅੰਦਰ ਅਸਤੀਫੇ ਦੇਣ ਲਈ ਕਿਹਾ ਅਤੇ ਸੱਤ-ਮੈਂਬਰੀ ਕਮੇਟੀ ਰਾਹੀਂ ਨਵੀਂ ਭਰਤੀ ਦਾ ਹੁਕਮ ਦਿੱਤਾ।
ਪਰ ਅਗਲੇ ਹੀ ਦਿਨ ਅਕਾਲੀ ਆਗੂ ਦਲਜੀਤ ਸਿੰਘ ਚੀਮਾ ਜਥੇਦਾਰ ਨੂੰ ਮਿਲ ਕੇ ਪ੍ਰੈਸ ਨੂੰ ਕਹਿ ਗਿਆ, “ਅਸੀਂ ਆਪਣੀਆਂ ਮਜਬੂਰੀਆਂ ਦੱਸ ਕੇ ਹੋਰ ਸਮਾਂ ਲੈ ਲਿਆ ਹੈ ਅਤੇ ਹਾਲੇ ਅਸਤੀਫ਼ੇ ਨਹੀਂ ਦੇ ਰਹੇ।” ਸਵਾਲ ਪੁੱਛਣਾ ਬਣਦਾ ਹੈ ਕਿ ਕੀ ਪੰਜ ਸਿੰਘਾਂ ਵੱਲੋਂ ਜਾਰੀ ਆਦੇਸ਼ ਨੂੰ ਇਕੱਲਾ ਜਥੇਦਾਰ ਆਪਣੇ ਪੱਧਰ ‘ਤੇ ਅੱਗੇ-ਪਿੱਛੇ ਕਰ ਸਕਦਾ ਹੈ? ਜੇ ਕਰਨਾ ਹੀ ਸੀ, ਤਾਂ ਸੰਗਤ ਨੂੰ ਹਨੇਰੇ ਵਿੱਚ ਕਿਉਂ ਰੱਖਿਆ? ਅਕਾਲੀ ਲੀਡਰਸ਼ਿਪ ਨੇ ਨਾ ਅਸਤੀਫ਼ੇ ਦਿੱਤੇ, ਨਾ ਢਾਂਚਾ ਭੰਗ ਕੀਤਾ; ਉਲਟਾ ਆਪਣੀ ਹੀ ਕਮੇਟੀ ਰਾਹੀਂ ਭਰਤੀ ਸ਼ੁਰੂ ਕਰ ਦਿੱਤੀ, ਅਤੇ ਜਥੇਦਾਰ ਰਘਬੀਰ ਸਿੰਘ ਨੇ ਉਸੇ ਭਰਤੀ ਦਾ ਸਵਾਗਤ ਕੀਤਾ। ਜਥੇਦਾਰ ਰਘਬੀਰ ਸਿੰਘ ਨੇ ਆਪ ਹੀ ਆਪਣੇ ਵੱਲੋਂ ਜਾਰੀ ਹੁਕਮਨਾਮੇ ਦੀ ਉਲੰਘਣਾ ਕੀਤੀ। ਅਹੁਦਿਆਂ ਦੇ ਮੋਹ ਵਿੱਚ ਆ ਕੇ ਜਥੇਦਾਰੀ ਖੁੱਸਣ ਤੋਂ ਬਾਅਦ ਸ੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਦੀ ਨੌਕਰੀ ਬਰਕਰਾਰ ਰੱਖਣ ਲਈ ਦੁਨਿਆਵੀ ਅਦਾਲਤਾਂ ਦੇ ਦਰਵਾਜ਼ੇ ਖੜਕਾਏ। ਜਦੋਂ ਸਾਰੀ ਕੌਮ ਕਹਿ ਰਹੀ ਸੀ ਕਿ ‘ਗਿਆਨੀ’ ਕੁਲਦੀਪ ਸਿੰਘ ਗੜਗੱਜ ਸਿਧਾਂਤਕ ਤੌਰ ‘ਤੇ ਚੁਣਿਆ ਜਥੇਦਾਰ ਨਹੀਂ ਹੈ ਤੇ ਰਾਤ ਦੇ ਹਨੇਰੇ ਵਿੱਚ ਥੋਪਿਆ ਗਿਆ ਜਥੇਦਾਰ ਹੈ, ਤਾਂ ਰਘਬੀਰ ਸਿੰਘ ਨੇ ਉਸੇ ਨੂੰ ਸਿਰੋਪਾ ਦੇ ਕੇ ਪ੍ਰਵਾਨ ਕਰ ਲਿਆ।
ਹੁਣ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਵੱਲੋਂ ਵੀ 2 ਦਸੰਬਰ 2024 ਦੇ ਫ਼ੈਸਲੇ ਦੀ ਖਿੱਲੀ ਉਡਾਉਣ ਵਾਲਿਆਂ ਖਿਲਾਫ ਕੋਈ ਐਕਸ਼ਨ ਨਹੀਂ ਲਿਆ ਗਿਆ। ਇਸ ਦੇ ਉਲਟ ਜਾ ਕੇ ਜਥੇਦਾਰ ਗੜਗੱਜ ਵੱਲੋਂ ਬਾਦਲਾਂ ਦੇ ਇਸ਼ਾਰੇ ਤੇ ਹੀ ਚੱਲਿਆ ਜਾ ਰਿਹਾ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਵਿਰੁੱਧ ਕਾਨੂੰਨ ਦੇ ਮੁੱਦੇ ‘ਤੇ ਜਥੇਦਾਰ ਦਾ ਫ਼ਰਜ਼ ਸੀ ਕਿ ਦੋ-ਟੁੱਕ ਐਲਾਨ ਕੀਤਾ ਜਾਂਦਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੁਰੱਖਿਆ ਲਈ ਸਾਨੂੰ ਕਿਸੇ ਸਰਕਾਰੀ ਕਾਨੂੰਨ ਦੀ ਲੋੜ ਨਹੀਂ, ਇਹ ਜ਼ਿੰਮਾ ਖ਼ਾਲਸਾ ਪੰਥ ਦੇ ਸਿਰ ਹੈ। ਪਰ ਅਜਿਹਾ ਨਾ ਕਰਕੇ ਸਗੋਂ ਹੁਣ ਕਾਰਜਕਾਰੀ ਜਥੇਦਾਰ ਸਰਕਾਰ ਤੋਂ ਕੁਝ ਮੱਦਾਂ ਬਦਲਵਾਉਣ ਦੀ ਮੰਗ ਕਰ ਰਿਹਾ ਹੈ, ਭਾਵ ਸੋਧਿਆ ਹੋਇਆ ਕਾਨੂੰਨ ਅਕਾਲ ਤਖ਼ਤ ਸਾਹਿਬ ਨੂੰ ਮਨਜ਼ੂਰ ਹੋਵੇਗਾ। ਇਸ ਗ਼ੈਰ-ਸਿਧਾਂਤਕ ਪਹੁੰਚ ਨੇ ਦੁਨਿਆਵੀ ਸਰਕਾਰ ਨੂੰ ਸਾਡੇ ਧਾਰਮਿਕ ਮਾਮਲਿਆਂ ਵਿੱਚ ਦਖ਼ਲ ਦੀ ਸਿੱਧੀ ਪ੍ਰਵਾਨਗੀ ਦੇ ਦਿੱਤੀ ਹੈ ਅਤੇ ਗੁਰੂ ਸਾਹਿਬ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਖ਼ਾਲਸਾ ਪੰਥ ਤੋਂ ਹਟਾ ਕੇ ਪੰਜਾਬ ਸਰਕਾਰ ‘ਤੇ ਸੁੱਟੀ ਜਾ ਰਹੀ ਹੈ। ਅਸੀਂ ਪਹਿਲਾਂ ਵੀ ਸਪੱਸ਼ਟ ਕਰ ਚੁੱਕੇ ਹਾਂ ਕਿ ਸਾਨੂੰ ਕੋਈ ਵੀ ਕਾਨੂੰਨ ਮਨਜ਼ੂਰ ਨਹੀਂ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਕਿਸੇ ਅਦਾਲਤੀ ਜਾਂ ਪ੍ਰਸ਼ਾਸਨਿਕ ਕਾਰਵਾਈ ਦਾ ਹਿੱਸਾ ਬਣਾਉਂਦਾ ਹੋਵੇ।
ਸਿਧਾਂਤਾਂ ਦੇ ਘਾਣ ਵਿੱਚ ਸ਼੍ਰੋਮਣੀ ਕਮੇਟੀ ਦਾ ਰੋਲ ਵੀ ਘੱਟ ਨਹੀਂ ਹੈ। ਜਥੇਦਾਰ ਦੀ ਨਿਯੁਕਤੀ ਦਾ ਮੌਜੂਦਾ ਤਰੀਕਾ ਸਿੱਖੀ ਸਿਧਾਂਤਾਂ ਦੇ ਅਨੁਕੂਲ ਨਹੀਂ, ਅਤੇ ਸੰਗਤ ਲੰਮੇ ਸਮੇਂ ਤੋਂ ਠੋਸ ਤੇ ਸਰਬ ਪ੍ਰਵਾਨਿਤ ਵਿਧੀ-ਵਿਧਾਨ ਦੀ ਮੰਗ ਕਰਦੀ ਆ ਰਹੀ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕੁਝ ਸਮਾਂ ਪਹਿਲਾਂ ਵਿਧਾਨ ਬਣਾਉਣ ਲਈ ਸੁਝਾਅ ਮੰਗੇ, ਜੋ ਕਿ ਜਥੇਬੰਦੀਆਂ ਅਤੇ ਬੁੱਧੀਜੀਵੀਆਂ ਨੇ ਭੇਜੇ, ਪਰ ਕਮੇਟੀ ਨੇ ਇਹ ਸਾਰੇ ਸੁਝਾਵਾਂ ਤੇ ਅਮਲ ਕਰਨ ਦੀ ਜਗ੍ਹਾ ਉਨ੍ਹਾਂ ਨੂੰ ਰੱਦੀ ਦੀ ਟੋਕਰੀ ਵਿੱਚ ਸੁੱਟ ਦਿੱਤਾ। ਅਸਲ ਵਿੱਚ ਕਮੇਟੀ ਵਿਧੀ-ਵਿਧਾਨ ਬਣਾਉਣਾ ਚਾਹੁੰਦੀ ਹੀ ਨਹੀਂ ਕਿਉਂਕਿ ਉਹ ਜਥੇਦਾਰਾਂ ਨੂੰ ਆਪਣੇ ਤਨਖਾਹਦਾਰ ਮੁਲਾਜ਼ਮ ਬਣਾ ਕੇ ਰੱਖਣਾ ਚਾਹੁੰਦੀ ਹੈ। ਸਿਆਸੀ ਪ੍ਰਭਾਵ ਥੱਲੇ ਜਥੇਦਾਰਾਂ ਨੂੰ ਆਪਣੀ ਮਰਜ਼ੀ ਨਾਲ ਚਲਾਉਣ ਲਈ ਉਹ ਨਿਯੁਕਤੀ ਅਤੇ ਬਰਖ਼ਾਸਤਗੀ ਦਾ ਅਧਿਕਾਰ ਆਪਣੇ ਕੋਲ ਰੱਖਣਾ ਚਾਹੁੰਦੀ ਹੈ।
ਅੱਜ ਇਹ ਹੋ ਰਿਹਾ ਹੈ ਕਿ ਬਾਦਲ ਪਰਿਵਾਰ ਦੇ ਹੁਕਮ ਸ਼੍ਰੋਮਣੀ ਕਮੇਟੀ ਰਾਹੀਂ ਅਕਾਲ ਤਖ਼ਤ ਸਾਹਿਬ ‘ਤੇ ਪਹੁੰਚਦੇ ਹਨ ਅਤੇ ਜਥੇਦਾਰਾਂ ਨੂੰ ਹੂ-ਬ-ਹੂ ਲਾਗੂ ਕਰਨ ਲਈ ਮਜਬੂਰ ਕੀਤਾ ਜਾਂਦਾ ਹੈ। ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਰੁਤਬੇ ਨੂੰ ਮਹਿਜ਼ ‘ਮੁਲਾਜ਼ਮ’ ਬਣਾ ਕੇ ਰੱਖਣ ਤੋਂ ਵੱਡਾ ਗੁਨਾਹ ਹੋਰ ਕੀ ਹੋਵੇਗਾ? ਤੀਜੀ ਧਿਰ ਅਕਾਲੀ ਦਲ ਹੈ, ਜੋ ਆਪਣੇ ਆਪ ਨੂੰ ਸਿੱਖਾਂ ਦੀ ਨੁਮਾਇੰਦਾ ਜਥੇਬੰਦੀ ਦੱਸਦਾ ਹੈ ਪਰ ਸਨਾਤਨੀ ਸੋਚ ਵਾਲੀ ਬੀਜੇਪੀ ਨਾਲ ਨਹੁੰ-ਮਾਸ ਦਾ ਰਿਸ਼ਤਾ ਬਣਾ ਕੇ ਉਸ ਦੇ ਹੁਕਮਾਂ ‘ਤੇ ਫੁੱਲ ਚੜ੍ਹਾਉਂਦਾ ਰਿਹਾ ਹੈ। 2 ਦਸੰਬਰ ਦੇ ਆਦੇਸ਼ ਇਨ੍ਹਾਂ ਨੇ ਪੂਰੀ ਤਰ੍ਹਾਂ ਛਿੱਕੇ ਟੰਗ ਦਿੱਤੇ ਅਤੇ ਅੱਜ ਤੱਕ ਪ੍ਰਚਾਰ ਰਹੇ ਹਨ ਕਿ ਉਹ ਫ਼ੈਸਲਾ ਜਥੇਦਾਰਾਂ ਦਾ ਨਹੀਂ, ਭਾਰਤੀ ਏਜੰਸੀਆਂ ਜਾਂ ਬੀਜੇਪੀ ਦਾ ਸੀ। ਅਕਾਲ ਤਖ਼ਤ ਸਾਹਿਬ ਦੀ ਇਸ ਤੋਂ ਵੱਡੀ ਤੌਹੀਨ ਹੋਰ ਕੀ ਹੋ ਸਕਦੀ ਹੈ? ਸੰਗਤ ਸਾਹਮਣੇ ਕਬੂਲੇ ਗੁਨਾਹਾਂ ਬਾਰੇ ਕਿਹਾ ਗਿਆ, “ਅਸੀਂ ਤਾਂ ਉੱਥੇ ਐਵੇਂ ਹੀ ਮੰਨ ਲਿਆ ਸੀ, ਕੋਈ ਗੁਨਾਹ ਕੀਤਾ ਹੀ ਨਹੀਂ।” ਉਹਨਾਂ ਤਨਖਾਹ ਲਗਵਾਉਣ ਦਾ ਦਿਖਾਵਾ ਪ੍ਰਵਾਨ ਕੀਤਾ, ਪਰ ਢਾਂਚਾ ਭੰਗ ਕਰਕੇ ਨਵੀਂ ਲੀਡਰਸ਼ਿਪ ਚੁਣਨ ਦੇ ਹੁਕਮ ਅਣਗੌਲੇ ਕਰਕੇ ਅਕਾਲੀ ਆਗੂ ਅੱਜ ਵੀ ਅਹੁਦਿਆਂ ‘ਤੇ ਕਾਬਜ਼ ਹਨ। ਦੂਜੇ ਪਾਸੇ ਕਾਰਜਕਾਰੀ ਜਥੇਦਾਰ ਕੋਲੋਂ ਆਪਣੀ ਮਰਜ਼ੀ ਦੇ ਅਜਿਹੇ ਫ਼ੈਸਲੇ ਜਾਰੀ ਕਰਵਾਏ ਜਾ ਰਹੇ ਹਨ ਜਿਨ੍ਹਾਂ ਦਾ ਸਿੱਖੀ ਸਿਧਾਂਤਾਂ ਨਾਲ ਕੋਈ ਲੈਣਾ-ਦੇਣਾ ਨਹੀਂ। ਮਕਸਦ ਸਿਰਫ਼ ਵੋਟਾਂ, ਸੱਤਾ ਅਤੇ ਪੰਜਾਬ ਦੀ ਸਿਆਸਤ ਵਿੱਚ ਆਪਣੀ ਹੋਂਦ ਬਚਾਉਣਾ ਹੈ। ਸਪੱਸ਼ਟ ਹੈ ਕਿ ਅੱਜ ਜਥੇਦਾਰ, ਸ਼੍ਰੋਮਣੀ ਕਮੇਟੀ ਅਤੇ ਅਕਾਲੀ ਦਲ, ਤਿੰਨੇ ਸਿੱਖ ਸਿਧਾਂਤਾਂ ਦੇ ਉਲਟ ਚੱਲ ਰਹੇ ਹਨ। ਇਸ ਦੇ ਨਾਲ ਹੀ ਕੁਝ ਸ਼ਖਸ਼ੀਅਤਾਂ, ਜਥੇਬੰਦੀਆਂ ਅਤੇ ਡੇਰੇ ਹਨ ਜਿਹੜੇ ਆਪਣੇ ਨਿੱਜੀ ਮੁਫਾਦਾਂ ਲਈ ਜਾਂ ਸੱਤਾ ਵਿੱਚ ਭਾਗੀਦਾਰੀ ਲੈਣ ਲਈ ਸਿੱਖ ਸਿਧਾਂਤਾਂ ਨੂੰ ਤਿਲਾਂਜਲੀ ਦੇ ਕੇ ਇਹਨਾਂ ਦਾ ਸਾਥ ਦੇ ਰਹੇ ਹਨ। ਇਹ ਸਾਰੇ ਅੱਜ ਮਸੰਦਾਂ ਵਾਲਾ ਰੋਲ ਹੀ ਅਦਾ ਕਰ ਰਹੇ ਹਨ ਤੇ ਗੁਰੂ ਪੰਥ ਨਾਲ ਧ੍ਰੋਹ ਕਮਾ ਰਹੇ ਹਨ।
ਅਸੀਂ ਸਪੱਸ਼ਟ ਕਰਨਾ ਚਾਹੁੰਦੇ ਹਾਂ ਕਿ ਜੇ ਤੁਸੀਂ ਮਸੰਦਾਂ ਵਾਲਾ ਇਤਿਹਾਸ ਦੁਹਰਾ ਰਹੇ ਹੋ, ਤਾਂ ਯਾਦ ਰੱਖੋ ਗੁਰੂ ਕਾ ਖ਼ਾਲਸਾ ਵੀ ਦਸਮ ਪਿਤਾ ਵਾਲਾ ਇਤਿਹਾਸ ਦੁਹਰਾਏਗਾ। ਖ਼ਾਲਸਾ ਪੰਥ ਅਵੇਸਲਾ ਨਹੀਂ ਹੈ, ਉਸਦੀ ਤੁਹਾਡੀਆਂ ਕਰਤੂਤਾਂ ‘ਤੇ ਬਾਜ਼ ਨਜ਼ਰ ਹੈ। ਜਿਵੇਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਭ੍ਰਿਸ਼ਟ ਮਸੰਦਾਂ ਨੂੰ ਉਬਲਦੇ ਤੇਲ ਵਿੱਚ ਸੁੱਟ ਕੇ ਮਿਸਾਲੀ ਸਜ਼ਾ ਦਿੱਤੀ ਸੀ, ਸਮਾਂ ਆਉਣ ‘ਤੇ ਖ਼ਾਲਸਾ ਪੰਥ ਅਜੋਕੇ ਮਸੰਦਾਂ ਦਾ ਵੀ ਉਹੀ ਹਸ਼ਰ ਕਰੇਗਾ।
ਅੱਜ ਦੇ ਇਕੱਠ ਵਿੱਚ ਸ਼ਾਮਲ ਜਥੇਬੰਦੀਆਂ ਅਤੇ ਸੰਗਤਾਂ ਨੂੰ ਅਸੀਂ ਇਹ ਅਪੀਲ ਕਰਦੇ ਹਾਂ ਕਿ ਉਹ ਸਿੱਖ ਸਿਧਾਂਤ-ਵਿਰੋਧੀ ਤਾਕਤਾਂ ਅਤੇ ਅਜੋਕੇ ਮਸੰਦਾਂ ਦਾ ਡਟਵਾਂ ਵਿਰੋਧ ਕਰਨ। ਸ੍ਰੀ ਅਕਾਲ ਤਖ਼ਤ ਸਾਹਿਬ ਦੀ ਪ੍ਰਭੂਸੱਤਾ ਦੀ ਬਹਾਲੀ, ਖਾਲਸਾ ਪੰਥ ਦੀ ਆਨ-ਬਾਨ-ਸ਼ਾਨ ਕਾਇਮ ਰੱਖਣ ਅਤੇ ਗੁਰੂ-ਆਸ਼ੇ ਅਨੁਸਾਰ ਆਪਣੀ ਆਜ਼ਾਦ ਪੰਥਕ ਵਿਵਸਥਾ ਸਿਰਜਣ ਲਈ ਤਤਪਰ ਹੋਣ।
ਵਾਹਿਗੁਰੂ ਜੀ ਕਾ ਖਾਲਸਾ ॥ ਵਾਹਿਗੁਰੂ ਜੀ ਕੀ ਫਤਹਿ ॥
ਗੁਰੂ ਪੰਥ ਦਾ ਦਾਸ
ਵਧਾਵਾ ਸਿੰਘ
ਮੁੱਖ ਸੇਵਾਦਾਰ
ਬੱਬਰ ਖਾਲਸਾ ਇੰਟਰਨੈਸ਼ਨਲ