Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਭਾਈ ਕੰਵਰ ਸਿੰਘ ਧਾਮੀ ਨੂੰ ਯਾਦ ਕਰਦਿਆਂ

ਭਾਈ ਕੰਵਰ ਸਿੰਘ ਧਾਮੀ ਨੂੰ ਯਾਦ ਕਰਦਿਆਂ

ਚੰਡੀਗੜ੍ਹ – ਅਕਾਲ ਫੈਡਰੇਸ਼ਨ ਦੇ ਪ੍ਰਧਾਨ ਭਾਈ ਕੰਵਰ ਸਿੰਘ ਧਾਮੀ ਵੱਲੋਂ 1 ਦਸੰਬਰ 1994 ਨੂੰ ਮਾਡਲ ਜੇਲ੍ਹ ਬੁੜੈਲ, ਚੰਡੀਗੜ੍ਹ ਤੋਂ ਇੱਕ ਚਿੱਠੀ ਜਾਰੀ ਕੀਤੀ ਗਈ ਸੀ, ਜੋ ਉਸ ਸਮੇਂ ਸਿੱਖ ਸਿਆਸਤ ਅਤੇ ਪੰਥਕ ਵਿਚਾਰਧਾਰਾ ਵਿੱਚ ਵੱਡੀ ਚਰਚਾ ਦਾ ਕੇਂਦਰ ਬਣੀ। ਇਸ ਚਿੱਠੀ ਰਾਹੀਂ ਭਾਈ ਧਾਮੀ ਨੇ ਖਾਲਸਾ ਪੰਥ ਨੂੰ ਸੰਬੋਧਨ ਕਰਦਿਆਂ ਅਪੀਲ ਕੀਤੀ ਸੀ ਕਿ ਹਊਮੈ ਅਤੇ ਨਿੱਜੀ ਸੁਆਰਥਾਂ ਨੂੰ ਤਿਆਗ ਕੇ ਗੁਰਮਤਿ ਦੇ ਸੁਨਹਿਰੀ ਅਸੂਲਾਂ ਨੂੰ ਅਪਣਾਇਆ ਜਾਵੇ ਅਤੇ ਮਾਨਵਤਾ ਦੇ ਭਲੇ ਲਈ ਇਕਜੁੱਟ ਹੋ ਕੇ ਸੰਘਰਸ਼ ਕੀਤਾ ਜਾਵੇ। ਜਿਕਰਯੋਗ ਹੈ ਕਿ ਭਾਈ ਕੰਵਰ ਸਿੰਘ ਧਾਮੀ ਬੀਤੇ ਲੰਘੀ 9 ਜਨਵਰੀ 2026 ਨੂੰ ਅਕਾਲ ਪੁਰਖ ਵੱਲੋਂ ਬਖਸ਼ੀ ਸਵਾਸਾਂ ਦੀ ਪੂੰਜੀ ਪੂਰੀ ਕਰਦਿਆਂ ਚਲਾਣਾ ਕਰ ਗਏ ਸਨ। ਉਹਨਾਂ ਨੂੰ ਯਾਦ ਕਰਦਿਆਂ ਅਸੀਂ ਸਿੱਖ ਸਿਆਸਤ ਦੇ ਪਾਠਕਾਂ ਨਾਲ ਚਿੱਠੀ ਇੰਨ-ਬਿੰਨ ਸਾਂਝੀ ਕਰ ਰਹੇ ਹਾਂ-

 

ੴ ਸਤਿਗੁਰ ਪ੍ਰਸਾਦਿ
ਮਾਡਲ ਜੇਲ੍ਹ ਬੁੜੈਲ
1 ਦਸੰਬਰ 1994

ਗੁਰੂ ਰੂਪ ਸਾਧ ਸੰਗਤ ਜੀਓ
“ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ”

ਅਸੀਂ ਅਕਾਲ ਪੁਰਖ ਤੇ ਉਟ ਆਸਰਾ ਮੰਗਦੇ ਹੋਏ ਹਾਜ਼ਰ ਗੁਰੂ ਆਸ਼ੇ ਅਨੁਸਾਰ ਚਲਣ ਦੀ ਕੋਸ਼ਿਸ਼ ਕੀਤੀ ਹੈ ਸਿੱਖ ਰਹਿਤ ਮਰਿਆਦਾ ਵਿੱਚ ਰਹਿੰਦੇ ਹੋਏ ਮੀਰੀ ਅਤੇ ਪੀਰੀ ਦੇ ਅਨੁਸਾਰ ਲੜਾਈ ਲੜਨ ਦੀ ਕੋਸ਼ਿਸ਼ ਕੀਤੀ ਹੈ।

ਜਦੋਂ ਤੱਕ ਅਸੀਂ ਹਉਮੈ ਅਤੇ ਸੁਆਰਥ ਬਸ ਹੋ ਕੇ ਆਪਣੇ ਸੀਮਤ ਗੁਟ, ਨਾਮ ਅਤੇ ਧੜਿਆਂ ਦੀ ਕਾਮਯਾਬੀ ਲਈ ਲੜਦੇ ਰਹਾਂਗੇ ਤਦੋਂ ਤੱਕ ‘ਪੰਥ ਕੀ ਜੀਤ’ ਨਹੀਂ ਹੋਵੇਗੀ। ਇਸ ਲਈ ਗੁਰਮਤਿ ਦੇ ਸੁਨਹਿਰੀ ਅਸੂਲ ਅਪਣਾ ਕੇ ਧਰਮ ਮਾਰਗ ਤੇ ਤੁਰ ਕੇ ਬਿਰਦ ਕੀ ਪੈਜ ਅਤੇ ਮਾਨਵਤਾ ਦੇ ਭਲੇ ਲਈ ਅਤੇ ਖਾਲਸਾ ਰਾਜ ਦੀ ਪ੍ਰਾਪਤੀ ਲਈ ਸਾਂਝੇ ਤੌਰ ਤੇ ਜੰਗ (ਧਰਮ ਯੁੱਧ) ਲੜਨ ਦੀ ਲੋੜ ਹੈ ਤਾਂ ਹੀ ‘ਪੰਥ ਕੀ ਜੀਤ’ ਹੋਵੇਗੀ।

ਇਸ ਸਮੇਂ ਲੋੜ ਹੈ ਅਸੀਂ ਆਪਣੀਆਂ ਪ੍ਰਾਚੀਨ ਪ੍ਰੰਪਰਾਵਾਂ ਨੂੰ ਮੁੜ ਉਜਾਗਰ ਕਰੀਏ। ਲੜਾਈ ਵਿੱਚ ਰਣਨੀਤੀ ਉਹ ਹੀ ਅਪਣਾਈਏ ਜੋ ਮੀਰੀ ਪੀਰੀ ਦੇ ਮਾਲਕ ਅਤੇ ਖਾਲਸੇ ਦੇ ਸਿਰਜਣਹਾਰ ਦਸਮੇਸ਼ ਪਿਤਾ ਨੇ ਆਪ ਧਰਮ ਯੁੱਧ ਲੜਕੇ ਸਾਨੂੰ ਦਿਖਾਈ ਸੀ। ਗੁਰੂ ਕਾਲ ਤੋਂ ਬਾਅਦ ਪ੍ਰਾਚੀਨ ਸਿੱਖ ਯੋਧਿਆਂ ਨੇ ਗੌਰਵਮਈ ਯੁੱਧ ਨੀਤੀ ਅਤੇ ਪ੍ਰੰਪਰਾਵਾਂ ਕਾਇਮ ਕੀਤੀਆਂ।

ਅੱਜ ਲੋੜ ਹੈ ਕਿ ਅਕਾਲ ਤਖ਼ਤ ਸਾਹਿਬ ਤੇ ਮੁੜ ਪੰਥ ਇਕੱਠਾ ਹੋ ਕੇ ਸਰਬੱਤ ਖਾਲਸਾ ਦੀ ਪ੍ਰੰਪਰਾ ਬਹਾਲ ਕਰੇ। ਹਮੇਸ਼ਾ ਪੰਥ ਦੀ ਔਖੀ ਘੜੀ ਵੇਲੇ ਇਸ ਤਰ੍ਹਾਂ ਹੀ ਕੀਤਾ ਗਿਆ ਸੀ ਖਾਲਸਾਈ ਜਮਹੂਰੀ ਤਰੀਕੇ ਨਾਲ ਹਰ ਇਕ ਧੜਾ ਆਪਣੇ ਪੱਖ ਨੂੰ ਪੇਸ਼ ਕਰ ਸਕਦਾ ਹੈ ਅਤੇ ਬਾਅਦ ਵਿੱਚ ਰਲ ਕੇ ਪਾਸ ਕੀਤਾ ਮਤਾ ਹੀ ਗੁਰਮਤਾ ਅਖਵਾ ਸਕਦਾ ਹੈ। ਸਾਨੂੰ ਸਰਬੱਤ ਖਾਲਸਾ ਅਤੇ ਗੁਰਮਤ ਦੀ ਪ੍ਰੰਪਰਾ ਨੂੰ ਮੁੜ ਬਹਾਲ ਕਰਨਾ ਹੀ ਹੋਵੇਗਾ।

1 ਮਈ 1994 ਨੂੰ ਕੁਝ ਅਕਾਲੀ ਵੀਰਾਂ ਵੱਲੋਂ ਪਾਸ ਕੀਤਾ ਸ੍ਰੀ ਅੰਮ੍ਰਿਤਸਰ ਐਲਾਨਨਾਮਾ ਮੌਕੇ ਦੀ ਨਜ਼ਾਕਤ ਅਨੁਸਾਰ ਬਹੁਤ ਸੋਹਣਾ ਦਸਤਾਵੇਜ਼ ਹੈ—ਇਸ ਦਸਤਾਵੇਜ਼ ਨੂੰ ਸਮੁੱਚੀਆਂ ਧਾਰਮਿਕ ਅਤੇ ਸਿਆਸੀ ਪਾਰਟੀਆਂ ਨੂੰ ਅਪਣਾ ਲੈਣਾ ਚਾਹੀਦਾ ਹੈ ਅਤੇ ਸਾਂਝੇ ਤੌਰ ਤੇ ਇਸ ਨੂੰ ਹਾਸਲ ਕਰਨ ਲਈ ਯਤਨ ਕਰਨਾ ਚਾਹੀਦਾ ਹੈ ਸਾਨੂੰ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਜਿਨ੍ਹਾਂ ਨੇ ਮਤਾ ਪਾਸ ਕੀਤਾ ਕਰਵਾਇਆ ਉਹਨਾਂ ਵਿੱਚ ਹੀ ਕੁਝ (ਸਾਰਿਆਂ ਨੇ ਨਹੀਂ) ਲੀਡਰਾਂ ਨੇ ਇਸ ਦੀ ਗਲਤ ਵਿਆਖਿਆ ਕੀਤੀ। ਇਸ ਨੂੰ ਪ੍ਰਾਪਤ ਕਰਨ ਲਈ ਹੁਣ ਤੱਕ ਤਸੱਲੀ ਬਖਸ਼ ਯਤਨ ਨਹੀਂ ਕੀਤਾ। ਅਜ਼ਾਦੀ ਸਾਡਾ ਬੁਨਿਆਦੀ ਹੱਕ ਹੈ—ਹੱਕ ਅਤੇ ਸੱਚ ਲਈ ਲੜਨਾ ਸਾਡਾ ਧਰਮ ਹੈ ਅਤੇ ਬੁਨਿਆਦੀ ਫਰਜ਼ ਵੀ।

ਅਸੀਂ ਸਮੁੱਚੀਆਂ ਧਾਰਮਿਕ ਅਤੇ ਸਿਆਸੀ ਜਥੇਬੰਦੀਆਂ ਨੂੰ ਅਪੀਲ ਕਰਦੇ ਹਾਂ ਕਿ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਾਣ-ਮਰਿਆਦਾ ਨੂੰ ਹਰ ਹਾਲਤ ਵਿੱਚ ਬਰਕਰਾਰ ਰੱਖਣਾ। ਸਿੱਖ ਸਿਧਾਂਤ ਅਤੇ ਮਰਿਆਦਾ ਨੂੰ ਜਿਸ ਨੇ ਵੀ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਸਿੱਖ ਕੌਮ ਉਸ ਨੂੰ ਕਦੇ ਵੀ ਮਾਫ਼ ਨਹੀਂ ਕਰੇਗੀ। ਸਿੱਖ ਪ੍ਰੰਪਰਾਵਾਂ ਅਨੁਸਾਰ ਹੀ  ਉਸ ਨੂੰ ਸਜ਼ਾ ਦਿੱਤੀ ਜਾਵੇਗੀ।

ਅਸੀਂ ਸਮੁੱਚੇ ਪੰਥ ਨੂੰ ਅਪੀਲ ਕਰਦੇ ਹਾਂ ਕਿ ਮੌਜੂਦਾ ਸੰਘਰਸ਼ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੇ  ਕੇਂਦਰਿਤ ਕੀਤਾ ਜਾਵੇ—ਇੱਕ ਕੇਸਰੀ ਨਿਸ਼ਾਨ ਦੇ ਹੇਠਾਂ ਖਾਲਸਾਈ ਜਮਹੂਰੀ ਤਰੀਕੇ ਨਾਲ ਜੰਗ (ਧਰਮ ਯੁੱਧ) ਲੜਿਆ ਜਾਵੇ ਹਰ ਰੋਜ ਅਰਦਾਸ ਕਰਦੇ ਹਾਂ ਦੇਗ ਤੇਗ ਫਤਹਿ, ਬਿਰਦ ਦੀ ਪੈਜ, ਪੰਥ ਦੀ ਜੀਤ, ਸ੍ਰੀ ਸਾਹਿਬ ਜੀ ਸਹਾਇ, ਖਾਲਸਾ ਜੀ ਦੇ ਬੋਲ ਬਾਲੇ ਹੋਣ ਤੇ ਸਿੱਖ ਕੌਮ ਦੀ ਚੜ੍ਹਦੀ ਕਲਾ ਅਤੇ ਸਰਬੱਤ ਦਾ ਭਲਾ ਹੋਵੇ।

ਗੁਰੂ ਪੰਥ ਦਾ ਵਫ਼ਾਦਾਰ ਸਿਪਾਹੀ
ਕੰਵਰ ਸਿੰਘ
ਪ੍ਰਧਾਨ ਅਕਾਲ ਫੈਡਰੇਸ਼ਨ

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: