ਅੰਮ੍ਰਿਤਸਰ (16 ਅਕਤੂਬਰ, 2015): ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਪੰਜ ਜੱਥੇਦਾਰਾਂ ਦੀ ਹੋਈ ਇੱਕ ਅਹਿਮ ਮੀਟਿੰਗ ਵਿੱਚ ਪਿੱਛਲੇ ਦਿਨੀ ਫਰੀਦਕੋਟ ਦੇ ਪਿੰਡ ਬਰਗਾੜੀ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਘਟਨਾਂ ਦੀ ਅਫਸੋਸ ਪ੍ਰਗਟ ਕਰਦਿਆਂ ਪੁਲਿਸ ਵੱਲੋਂ ਸ਼ਾਂਤਮਈ ਰੋਸ ਪ੍ਰਦਰਸ਼ਨ ਕਰ ਰਹੀ ਸਿੱਖ ਸੰਗਤ ‘ਤੇ ਪੁਲਿਸ ਵੱਲੋਂ ਚਲਾਈਆਂ ਗੋਲੀਆਂ ਦੀ ਕਰੜੇ ਸ਼ਬਦਾਂ ਵਿੱਚ ਨਿਖੇਧੀ ਕੀਤੀ।

ਜਾਰੀ ਪ੍ਰੈੱਸ ਨੋਟ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਚੋਰੀ ਹੋਣ ਦੇ ਮਾਮਲੇ ਵਿੱਚ ਪ੍ਰਸ਼ਾਸ਼ਨ ਦੀ ਢਿੱਲੁੇ ਰਵੱਈਏ ਦੀ ਆਲੋਚਨਾ ਕਰਦਿਆਂ ਕਿਹਾ ਗਿਆ ਕਿ ਪ੍ਰਸ਼ਾਸ਼ਨ ਦੀ ਇਸ ਲਾਪਰਵਾਹੀ ਨਾਲ ਸਿੱਖ ਹਿਰਦੇ ਵਲੂੰਦਰੇ ਗਏ ਹਨ।

ਪ੍ਰੈੱਸ ਨੋਟ ਵਿੱਚ ਕਿਹਾ ਗਿਆ ਹੈ ਕਿ “ਚਾਹੀਦਾ ਤਾਂ ਇਹ ਸੀ ਕਿ ਪ੍ਰਸ਼ਾਸ਼ਨ ਸਮੇਂ ਸਿਰ ਢੁੱਕਵੀ ਕਾਰਵਾਈ ਕਰਕੇ ਇਸ ਘਿਨਾਉਣੀ ਹਰਕਤ ਕਰਨ ਵਾਲਿਆਂ ਨੂੰ ਸਜ਼ਾ ਦਿੰਦਾ ਪ੍ਰੰਤੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲਿਆਂ ਨੂੰ ਗ੍ਰਿਫਤਾਰ ਕਰਨ ਦੀ ਮੰਗ ਕਰਨ ਲਈ ਬਾਣੀ ਦਾ ਜਾਪ ਕਰ ਰਹੀ ਰਹੀਆਂ ਸ਼ਾਂਤਮਈ ਸੰਗਤਾਂ ਉੱਤੇ ਪੁਲਿਸ ਨੇ ਗੋਲੀਆਂ ‘ਤੇ ਡਾਂਗਾ ਚਲਾ ਕੇ ਨਾਦਰਸ਼ਾਹੀ ਜ਼ੁਲਮਾਂ ਦੀ ਯਾਦ ਤਾਜ਼ਾ ਕਰਵਾ ਦਿੱਤੀ ਹੈ”।
ਜੱਥੇਦਾਰਾਂ ਨੇ ਰੋਸ ਪ੍ਰਦਰਸ਼ਨ ਕਰਨ ਵਾਲੇ ਸਿੱਖਾਂ ਨੂੰ ਬਿਨ੍ਹਾਂ ਸ਼ਰਤ ਰਿਹਾਅ ਕਰਕੇ ਅੱਤਿਆਚਾਰ ਕਰਨ ਵਾਲੇ ਦੋਸ਼ੀ ਪੁਲਿਸ ਅਫਸਰਾਂ ਖਿਲਾਫ ਕਤਲ ਦਾ ਮੁਕੱਦਮਾ ਦਰਜ਼ ਕੀਤਾ ਜਾਣ ਦੀ ਸਰਕਾਰ ਤੋਂ ਮੰਗ ਕੀਤੀ ਹੈ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹੁਕਮ ਦਿੰਦਿਆਂ ਕਿਹਾ ਕਿ ਸ਼ਹੀਦ ਹੋਏ ਸਿੰਘਾਂ ਦੇ ਪਰਿਵਾਰਾਂ ਦੀ ਵੱਧ ਤੋਂ ਵੱਧ ਆਰਥਿਕ ਮੱਦਦ ਕੀਤੀ ਜਾਵੇ ਅਤੇ ਜ਼ਖਮੀ ਸਿੰਘਾਂ ਦੇ ਇਲਾਜ਼ ਦਾ ਸਾਰਾ ਖਰਚਾ ਸ਼੍ਰੋਮਣੀ ਕਮੇਟੀ ਵੱਲੋਂ ਕੀਤੇ ਜਾਣ ਦੇ ਨਾਲ-ਨਾਲ ਉਨ੍ਹਾਂ ਦੀ ਮਾਲੀ ਮੱਦਦ ਵੀ ਕੀਤੀ ਜਾਵੇ।