ਅੰਮ੍ਰਿਤਸਰ ਸਾਹਿਬ: ਅਕਾਲ ਤਖ਼ਤ ਸਾਹਿਬ ਦੇ ਪੰਜ ਪਿਆਰਿਆਂ ਵੱਲੋਂ ਸ੍ਰੋਮਣੀ ਕਮੇਟੀ ਨੂੰ ਜਾਰੀ ਕੀਤੇ ਗਏ ਨਵੇਂ ਹੁਕਮਾਂ ਤੇ ਅੱਜ ਸ਼ਰੋਮਣੀ ਕਮੇਟੀ ਆਪਣਾ ਪ੍ਰਤੀਕਰਮ ਦੇ ਸਕਦੀ ਹੈ। ਭਾਵੇਂਕਿ ਅਜੇ ਤੱਕ ਸ਼ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਇਸ ਮਾਮਲੇ ਤੇ ਚੁੱਪ ਹਨ ਪਰ ਉਹ ਅੱਜ ਅੰਮ੍ਰਿਤਸਰ ਸਾਹਿਬ ਸਥਿਤ ਸ਼ਰੋਮਣੀ ਕਮੇਟੀ ਦਫਤਰ ਦਾ ਦੌਰਾ ਕਰਨਗੇ ਜਿੱਥੇ ਇਸ ਮਸਲੇ ਸੰਬੰਧੀ ਮੀਟਿੰਗ ਤੋਂ ਬਾਅਦ ਕੋਈ ਐਲਾਨ ਕੀਤਾ ਜਾ ਸਕਦਾ ਹੈ।
ਜਿਕਰਯੋਗ ਹੈ ਕਿ ਬੀਤੇ ਦਿਨੀਂ ਪੰਜ ਪਿਆਰਿਆਂ ਵੱਲੋਂ ਸ਼ਰੋਮਣੀ ਕਮੇਟੀ ਨੂੰ ਆਦੇਸ਼ ਜਾਰੀ ਕੀਤੇ ਗਏ ਸਨ ਕਿ ਜੇਕਰ ਕਮੇਟੀ ਜਥੇਦਾਰਾਂ ਖਿਲਾਫ ਕੋਈ ਕਾਰਵਾਈ ਨਹੀਂ ਕਰਦੀ ਤਾਂ ਉਹ 2 ਜਨਵਰੀ ਨੂੰ ਹੋਰ ਸਖ਼ਤ ਫੈਂਸਲਾ ਲੈ ਸਕਦੇ ਹਨ।
ਜਥੇਦਾਰਾਂ ਵੱਲੋਂ ਕੀਤੇ ਗਏ ਗਲਤ ਫੈਂਸਲਿਆਂ ਤੋਂ ਬਾਅਦ ਉੱਠੇ ਸਿੱਖ ਰੋਹ ਦੇ ਚਲਦਿਆਂ ਪੰਜ ਪਿਆਰਿਆਂ ਵੱਲੋਂ ਤਖ਼ਤਾਂ ਦੇ ਜਥੇਦਾਰਾਂ ਨੂੰ ਸਪਸ਼ਟੀਕਰਨ ਦੇਣ ਲਈ ਅਕਾਲ ਤਖ਼ਤ ਸਾਹਿਬ ਤੇ ਤਲਬ ਕੀਤਾ ਗਿਆ ਸੀ ਪਰ ਜਥੇਦਾਰਾਂ ਵੱਲੋਂ ਪੇਸ਼ ਨਾ ਹੋਣ ਕਾਰਨ ਪੰਜ ਪਿਆਰਿਆਂ ਨੇ ਸ਼ਰੋਮਣੀ ਕਮੇਟੀ ਨੂੰ ਇਹ ਆਦੇਸ਼ ਜਾਰੀ ਕਰ ਦਿੱਤੇ ਸਨ ਕਿ ਜਥੇਦਾਰਾਂ ਨੂੰ ਉਨ੍ਹਾਂ ਦੀਆਂ ਸੇਵਾਵਾਂ ਤੋਂ ਖਾਰਿਜ ਕਰ ਦਿੱਤਾ ਜਾਵੇ। ਪਰ ਉਸ ਆਦੇਸ਼ ਤੇ ਸ਼ਰੋਮਣੀ ਕਮੇਟੀ ਵੱਲੋਂ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ। ਜਿਸ ਦੇ ਚਲਦਿਆਂ ਪੰਜ ਪਿਆਰਿਆਂ ਵੱਲੋਂ ਕਾਰਵਾਈ ਕਰਨ ਲਈ 1 ਜਨਵਰੀ ਤੱਕ ਦਾ ਸਮਾਂ ਦਿੱਤਾ ਗਿਆ ਹੈ।