ਨਵੀਂ ਦਿੱਲੀ (13 ਫਰਵਰੀ, 2016): ਦਿੱਲੀ ਦੀ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿੱਚ ਪਿਛਲੇ ਦਿਨੀ ਭਾਰਤ ਵਿਰੋਧੀ ਨਾਅਰੇ ਲੱਗਣ ਦੇ ਮਾਮਲੇ ਵਿੱਚ ਦਿੱਲੀ ਸਰਕਾਰ ਨੇ ਨਿਆਇਕ ਜਾਂਚ ਦੇ ਹੁਕਮ ਦੇ ਦਿੱਤੇ ਹਨ।

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਟਵੀਟ ਰਾਹੀਂ ਇਹ ਪ੍ਰਗਟਾਵਾ ਕਰਦਿਆਂ ਉਨ੍ਹਾਂ ਕਿਹਾ ਕਿ ਖੱਬੇ ਦਲਾਂ ਵੱਲੋਂ ਉਨ੍ਹਾਂ ਨਾਲ ਅੱਜ ਕੀਤੀ ਮੁਲਾਕਾਤ ਤੋਂ ਬਾਦ ਇਹ ਫ਼ੈਸਲਾ ਲਿਆ ਗਿਆ ਹੈ।
ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇ. ਐਨ. ਯੂ.) ‘ਚ ਭਾਰਤ ਵਿਰੋਧੀ ਨਾਅਰੇ ਲਗਾਉਣ ਅਤੇ ਵਿਦਿਆਰਥੀ ਸੰਘ ਦੇ ਪ੍ਰਧਾਨ ਕਨ੍ਹਈਆ ਕੁਮਾਰ ਦੀ ਗਿ੍ਫ਼ਤਾਰੀ ਤੋਂ ਬਾਅਦ ਮਾਮਲੇ ਨੇ ਗੰਭੀਰ ਰੂਪ ਅਖ਼ਤਿਆਰ ਕਰ ਲਿਆ ਹੈ । ਭਾਰਤ ਦੀ ਕੇਂਦਰ ਸਰਕਾਰ ਨੇ ਇਸ ਮਾਮਲੇ ‘ਤੇ ਸਖ਼ਤ ਰੁਖ਼ ਲੈਂਦਿਆਂ 7 ਹੋਰ ਵਿਦਿਆਰਥੀਆਂ ਨੂੰ ਹਿਰਾਸਤ ‘ਚ ਲੈ ਲਿਆ ਹੈ ।
ਨਾਅਰੇਬਾਜ਼ੀ ਕਰਨ ਵਾਲੇ ਜਿਨ੍ਹਾਂ 20 ਵਿਦਿਆਰਥੀਆਂ ਦੀ ਸੂਚੀ ਬਣਾਈ ਗਈ ਹੈ, ਉਨ੍ਹਾਂ ‘ਚ ਖੱਬੇ ਪੱਖੀ ਨੇਤਾ ਡੀ. ਰਾਜਾ ਦੀ ਬੇਟੀ ਦਾ ਨਾਂਅ ਵੀ ਸ਼ਾਮਿਲ ਹੈ । ਡੀ. ਰਾਜਾ ਨੇ ਦਾਅਵਾ ਕੀਤਾ ਹੈ ਕਿ ਉਸ ਦੀ ਬੇਟੀ ਨੂੰ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ । ਯੇਚੁਰੀ ਵੱਲੋਂ ਕਨ੍ਹੱਈਆ ਦੀ ਗਿ੍ਫ਼ਤਾਰੀ ਦਾ ਵਿਰੋਧ ਕੀਤਾ ਗਿਆ ।
ਦਿੱਲੀ ਪੁਲਿਸ ਨੇ ਜੇ. ਐਨ. ਯੂ. ਮਾਮਲੇ ਵਿਚ ਗ੍ਰਹਿ ਮੰਤਰਾਲੇ ਨੂੰ ਆਪਣੀ ਰਿਪੋਰਟ ਸੌਾਪ ਦਿੱਤੀ ਹੈ ।ਰਿਪੋਰਟ ਵਿਚ ਨਾ ਸਿਰਫ ਜੇ. ਐਨ. ਯੂ. ਵਿਚ ਭਾਰਤ ਵਿਰੋਧੀ ਨਾਅਰੇ ਲੱਗਣ ਦੀ ਪੁਸ਼ਟੀ ਕੀਤੀ ਹੈ, ਸਗੋਂ ਅਫਜ਼ਲ ਗੁਰੂ ਅਤੇ ਮਕਬੂਲ ਭੱਟ ਦੀ ਹਮਾਇਤ ਵਿਚ ਨਾਅਰੇਬਾਜ਼ੀ ਕਰਨ ਦੀ ਵੀ ਗੱਲ ਕਹੀ ਹੈ ।ਰਿਪੋਰਟ ਮੁਤਾਬਿਕ ਕਨ੍ਹਈਆ ਕੁਮਾਰ ਅਤੇ ਉਮਰ ਖਾਲਿਦ ਤਕਰੀਬਨ 80 ਤੋਂ 90 ਵਿਦਿਆਰਥੀਆਂ ਦੇ ਝੁੰਡ ਦੀ ਅਗਵਾਈ ਕਰ ਰਹੇ ਸਨ ।