ਸ਼੍ਰੀਨਗਰ: ਬੀਤੇ ਐਤਵਾਰ ਦੱਖਣੀ ਕਸ਼ਮੀਰ ਦੇ ਜ਼ਿਲ੍ਹੇ ਕੁਲਗਾਮ ਦੇ ਪਿੰਡ ਭੁਚਾਰੂ ਵਿੱਚ ਭਾਰਤੀ ਸੁਰੱਖਿਆ ਬਲਾਂ ਨਾਲ ਹੋਏ ਮੁਕਾਬਲੇ ਵਿੱਚ ਮਾਰੇ ਗਏ ਹਿਜ਼ਬੁਲ ਮੁਜ਼ਾਹੀਦੀਨ ਦੇ 22 ਸਾਲਾ ਨੌਜਵਾਨ ਖਾੜਕੂ ਦਾਊਦ ਅਹਿਮਦ ਸ਼ੇਖ ਨੂੰ ਦਫਨ ਕਰਨ ਵੇਲੇ ਉਸ ਨੂੰ ਸਤਿਕਾਰ ਭੇਟ ਕਰਨ ਲਈ ਹਜਾਰਾਂ ਲੋਕਾਂ ਦਾ ਹੜ੍ਹ ਆ ਗਿਆ।

ਦਾਊਦ ਦੇ ਜੱਦੀ ਪਿੰਡ ਕਾਈਮੋਹ ਵਿੱਚ ਉਸ ਦੀ ਮੌਤ ਤੇ ਭੜਕੇ ਲੋਕਾਂ ਅਤੇ ਭਾਰਤੀ ਸੁਰੱਖਿਆ ਬਲਾਂ ਵਿਚਕਾਰ ਝੜਪ ਦੀ ਵੀ ਖਬਰ ਹੈ ਜਿਸ ਵਿੱਚ ਕਈ ਲੋਕ ਜਖਮੀ ਹੋ ਗਏ। ਦਾਅੂਦ ਦੀ ਅੰਤਿਮ ਯਾਤਰਾ ਦੌਰਾਨ ਲੋਕਾਂ ਦੀ ਸ਼ਮੂਲੀਅਤ ਨੂੰ ਰੋਕਣ ਲਈ ਪ੍ਰਸ਼ਾਸਨ ਵੱਲੋਂ ਕਾਈਮੋਹ ਕਸਬੇ ਵਿੱਚ ਧਾਰਾ 144 ਲਗਾਈ ਗਈ ਸੀ ਪਰ ਇਸ ਦੇ ਬਾਵਜੂਦ ਹਜਾਰਾਂ ਲੋਕ ਦਾਊਦ ਦੀ ਅੰਤਿਮ ਯਤਾਰਾ ਵਿੱਚ ਸ਼ਾਮਿਲ ਹੋਣ ਲਈ ਪਹੁੰਚੇ।ਲਗਾਤਾਰ ਲੋਕਾਂ ਦੀ ਆਮਦ ਦੇ ਚਲਦਿਆਂ ਦਾਅੁਦ ਦੀ ਅੰਤਿਮ ਪ੍ਰਾਰਥਨਾ ਕਈ ਵਾਰ ਕੀਤੀ ਗਈ।
ਇਸ ਦੌਰਾਨ ਇਕੱਤਰ ਹੋਏ ਲੋਕਾਂ ਵੱਲੋਂ ਭਾਰਤ ਖਿਲਾਫ ਅਤੇ ਕਸ਼ਮੀਰ ਦੀ ਅਜ਼ਾਦੀ ਦੇ ਪੱਖ ਵਿੱਚ ਨਾਅਰੇਬਾਜ਼ੀ ਕੀਤੀ ਗਈ।ਦਾਊਦ ਦੀ ਅੰਤਿਮ ਯਾਤਰਾ ਦੌਰਾਨ ਔਰਤਾਂ ਵੱਲੋਂ ਉਸ ਦੇ ਤਬੂਤ ‘ਤੇ ਫੁੱਲਾਂ ਦੀ ਬਰਖਾ ਕੀਤੀ ਗਈ।
22 ਸਾਲਾ ਦਾਊਦ ਅਹਿਮਦ ਸ਼ੇਖ ਨੇ 2013 ਵਿੱਚ ਹਥਿਆਰ ਚੁੱਕੇ ਸਨ, ਜਦੋਂ ਉਹ 12ਵੀਂ ਜਮਾਤ ਦਾ ਵਿਦਿਆਰਥੀ ਸੀ।ਹਿਜ਼ਬੁਲ ਮੁਜ਼ਾਹਿਦੀਨ ਦੇ ਕਮਾਂਡਰ ਬੁਰਹਾਨ ਵਾਨੀ ਦਾ ਖਾਸ ਨਜ਼ਦੀਕੀ ਦਾਊਦ ਉਸ ਦੀਆਂ ਸੋਸ਼ਲ ਮੀਡੀਆਂ ਤੇ ਬੀਤੇ ਸਮੇਂ ਸ਼ਾਈਆਂ ਕਈ ਤਸਵੀਰਾਂ ਵਿੱਚ ਵੀ ਏ.ਕੇ 47 ਫੜੀ ਉਸ ਨਾਲ ਨਜ਼ਰ ਆ ਰਿਹਾ ਸੀ। ਦਾਊਦ ਨੂੰ ਪੁਲਿਸ ਵੱਲੋਂ “ਖਾਸ ਲੋੜੀਂਦੇ” ਵਿਅਕਤੀਆਂ ਦੀ ਸੂਚੀ ਵਿੱਚ ਦਰਜ ਕੀਤਾ ਗਿਆ ਸੀ।
ਗਰੇਟਰ ਕਸ਼ਮੀਰ ਅਖਬਾਰ ਨਾਲ ਕੀਤੀ ਗੱਲਬਾਤ ਵਿੱਚ ਦਾਊਦ ਦੀ ਮਾਤਾ ਪ੍ਰਵੀਨਾ ਨੇ ਕਿਹਾ ਕਿ ਉਸ ਦੇ ਪੁੱਤਰ ਨੇ ਆਪਣੀ ਜਿੰਦਗੀ ਦਾ ਮਕਸਦ ਪ੍ਰਾਪਤ ਕਰ ਲਿਆ ਹੈ। ਉਸ ਨੇ ਕਿਹਾ ਕਿ ਉਹ ਹਮੇਸ਼ਾ ਕਸ਼ਮੀਰ ਦੀ ਆਜ਼ਾਦੀ ਲਈ ਲੜਨਾ ਅਤੇ ਇੱਕ ਸ਼ਹੀਦ ਦੀ ਮੌਤ ਮਰਨਾ ਚਾਹੁੰਦਾ ਸੀ।ਉਸ ਨੇ ਦੱਸਿਆ ਕਿ ਮੌਤ ਤੋਂ ਦੋ ਦਿਨ ਪਹਿਲਾਂ ਹੀ ਉਹ ਉਸ ਨੂੰ ਮਿਲਣ ਆਇਆ ਸੀ ਤੇ ਇੱਕ ਪੁੱਤਰ ਵਜੋਂ ਉਸ ਦੀ ਸੇਵਾ ਨਾ ਕਰ ਸਕਣ ਲਈ ਮੁਆਫੀ ਮੰਗ ਕੇ ਗਿਆ ਸੀ।