ਸ੍ਰੀ ਅਨੰਦਪੁਰ ਸਾਹਿਬ(19 ਮਾਰਚ, 2016): ਸਿੱਖਾਂ ਦੇ ਕੌਮੀ ਤਿਉਹਾਰ ਹੋਲੇ ਮਹੱਲੇ ਦੀ ਰਸਮੀ ਸ਼ੁਰੂਆਤ ਕਿਲ੍ਹਾ ਅਨੰਦਗੜ੍ਹ ਸਾਹਿਬ ਵਿਖੇ ਗੁਲਾਬ ਦੇ ਫੁੱਲਾਂ ਦੀ ਵਰਖਾ ਕਰਕੇ ਅਤੇ ਪੰਥ ਦੀਆਂ ਮਹਾਨ ਸਖਸ਼ੀਅਤਾਂ ਵੱਲੋਂ ਪੰਜ ਪੁਰਾਤਨ ਨਗਾਰੇ ਵਜਾਉਣ ਉਪਰੰਤ ਕਰ ਦਿੱਤੀ ਗਈ ਹੈ ।
ਬੀਤੀ ਅੱਧੀ ਰਾਤ ਤੱਕ ਚੱਲੇ ਧਾਰਮਿਕ ਸਮਾਗਮਾਂ ਤੋਂ ਬਾਅਦ 19 ਮਾਰਚ ਦੀ ਸਵੇਰੇ ਨੂੰ ਕਰੀਬ ਸਾਢੇ 12 ਵਜੇ ਹੋਲੇ ਮਹੱਲੇ ਦੀ ਸ਼ੁਰੂਆਤ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ ।ਇਸ ਦੌਰਾਨ ਜਿੱਥੇ ਬੋਲੇ ਸੋ ਨਿਹਾਲ ਦੇ ਜੈਕਾਰਿਆਂ ਦੀ ਗੂੰਜ ਦੇ ਵਿੱਚ ਪੂਰੇ ਜਾਹੋ ਜਲਾਲ ਦੇ ਨਾਲ ਹੋਲੇ ਮਹੱਲੇ ਦਾ ਆਗਾਜ਼ ਕੀਤਾ ਗਿਆ ਉੱਥੇ ਹੀ ਇਸ ਤਿਉਹਾਰ ਦੇ ਅਮਨ ਅਮਾਨ ਨਾਲ ਨੇਪਰੇ ਚੜ੍ਹਨ ਦੀ ਅਰਦਾਸ ਵੀ ਕੀਤੀ ਗਈ ਹੈ ।

ਪੁਰਾਤਨ ਪ੍ਰੰਪਰਾ ਅਨੁਸਾਰ ਹਰ ਸਾਲ ਪੰਜਾਬ ਦੇ ਸਭ ਤੋਂ ਵੱਡੇ ਅਤੇ ਸਿੱਖ ਕੌਮ ਦੇ ਕੌਮੀ ਤਿਉਹਾਰ ਹੋਲੇ ਮਹੱਲੇ ਦਾ ਰਸਮੀ ਤੌਰ ‘ਤੇ ਆਗਾਜ਼ ਕਿਲ੍ਹਾ ਅਨੰਦਗੜ੍ਹ ਸਾਹਿਬ ਵਿਖੇ ਪੰਜ ਪੁਰਾਤਨ ਨਗਾਰੇ ਵਜਾ ਕੇ ਕੀਤਾ ਜਾਂਦਾ ਹੈ ਜਿਸ ਤਹਿਤ ਹਰ ਸਾਲ ਹੀ ਇੱਥੇ ਇੱਕ ਵਿਸ਼ਾਲ ਨਗਰ ਕੀਰਤਨ ਹਿਮਾਚਲ ਪ੍ਰਦੇਸ਼ ਤੋਂ ਪਹੁੰਚਦਾ ਹੈ ।ਉਸੇ ਪ੍ਰੰਪਰਾ ਨੂੰ ਮੁੱਖ ਰੱਖਦੇ ਹੋਏ ਬੀਤੀ ਦੇਰ ਰਾਤ ਕਿਲ੍ਹਾ ਅਨੰਦਗੜ੍ਹ ਸਾਹਿਬ ਵਿਖੇ ਵਿਲੱਖਣ ਸਮਾਗਮਾਂ ਦਾ ਪ੍ਰਬੰਧ ਕੀਤਾ ਗਿਆ ਸੀ ਜਿਸ ਸਬੰਧ ਵਿੱਚ ਬਾਬਾ ਜਰਨੈਲ ਸਿੰਘ ਨੇ ਦੱਸਿਆ ਕਿ ਗੁਰੂ ਸਹਿਬਾਨ ਦੇ ਸਮੇਂ ਤੋਂ ਚੱਲਦੀ ਆ ਰਹੀ ਮਰਿਯਾਦਾ ਅਨੁਸਾਰ ਹੀ ਪੰਜ ਪੁਰਾਤਨ ਨਗਾਰੇ ਵਜਾ ਕੇ ਹੋਲੇ ਮਹੱਲੇ ਦੀ ਸ਼ੁਰੂਆਤ ਕੀਤੀ ਜਾਂਦੀ ਹੈ ।
ਗਿਆਨੀ ਮੱਲ ਸਿੰਘ ਨੇ ਹੋਲੇ ਮਹੱਲੇ ਦਾ ਮਹੱਤਵ ਦੱਸਦੇ ਹੋਏ ਕਿਹਾ ਕਿ ਜਿਸ ਤਰ੍ਹਾਂ ਗੁਰੂ ਸਾਹਿਬ ਦੇ ਸਮੇਂ ਰਣਜੀਤ ਨਗਾਰਾ ਖੜਕਾ ਕੇ 22 ਧਾਰ ਦੇ ਰਾਜਿਆਂ ਨੂੰ ਭੱਜਣ ਤੇ ਮਜਬੂਰ ਕਰ ਦਿੱਤਾ ਜਾਂਦਾ ਸੀ ਉਸੇ ਤਰ੍ਹਾਂ ਖਾਲਸਾਈ ਚੜ੍ਹਦੀਕਲਾ ਦੇ ਪ੍ਰਤੀਕ ਹੋਲੇ ਮਹੱਲੇ ਦੇ ਤਿਉਹਾਰ ਦੀ ਸ਼ੁਰੂਆਤ ਪੰਜ ਪੁਰਾਤਨ ਨਗਾਰੇ ਵਜਾ ਕੇ ਕਿਲ੍ਹਾ ਅਨੰਦਗੜ੍ਹ ਸਾਹਿਬ ਤੋਂ ਕੀਤੀ ਜਾਂਦੀ ਹੈ ।ਉਨ੍ਹਾਂ ਕਿਹਾ ਕਿ ਜੈਕਾਰਿਆਂ ਦੀ ਗੂੰਜ ਦੇ ਨਾਲ ਇਸ ਚੜ੍ਹਦੀਕਲਾ ਦੇ ਪ੍ਰਤੀਕ ਤਿਉਹਾਰ ਦੀ ਜਿੱਥੇ ਸ਼ੁਰੂਆਤ ਕੀਤੀ ਜਾਂਦੀ ਹੈ ਉੱਥੇ ਹੀ ਇਸ ਦੇ ਅਮਨ ਅਮਾਨ ਨਾਲ ਨੇਪਰੇ ਚਾੜ੍ਹਨ ਦੀ ਅਰਦਾਸ ਵੀ ਕੀਤੀ ਜਾਂਦੀ ਹੈ ।
ਇਸ ਮੌਕੇ ਹੋਲੇ ਮਹੱਲੇ ਦੇ ਤਿਉਹਾਰ ਦੇ ਪ੍ਰੋਗਰਾਮਾਂ ਬਾਰੇ ਜਾਣਕਾਰੀ ਦਿੰਦੇ ਹੋਏ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੈਨੇਜਰ ਰੇਸ਼ਮ ਸਿੰਘ ਨੇ ਦੱਸਿਆ ਕਿ ਅੱਜ ਕੀਰਤਪੁਰ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਅਰੰਭ ਕਰ ਦਿੱਤੇ ਗਏ ਹਨ ਜਿਨ੍ਹਾਂ ਦੇ ਭੋਗ 21 ਮਾਰਚ ਨੂੰ ਪਾਏ ਜਾਣਗੇ ਜਦਕਿ 22 ਮਾਰਚ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਅਰੰਭ ਕਰਨ ਉਪਰੰਤ 24 ਮਾਰਚ ਨੂੰ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਭੋਗ ਪਾਏ ਜਾਣਗੇ ਅਤੇ ਗੁਰੂ ਦੀਆਂ ਲਾਡਲੀਆਂ ਫੌਜਾਂ ਵੱਲੋਂ ਮਾਰਸ਼ਲ ਆਰਟ ਦਾ ਪ੍ਰਦਰਸ਼ਨ ਕਰਦੇ ਹੋਏ ਮਹੱਲਾ ਕੱਢਿਆ ਜਾਵੇਗਾ ।
ਇਸ ਮੌਕੇ ਮੈਂਬਰ ਸ਼ੋ੍ਰਮਣੀ ਕਮੇਟੀ ਭਾਈ ਅਮਰਜੀਤ ਸਿੰਘ ਚਾਵਲਾ, ਬਾਬਾ ਜਰਨੈਲ ਸਿੰਘ ਕਾਰ ਸੇਵਾ, ਮੈਂਬਰ ਸ਼ੋ੍ਰਮਣੀ ਕਮੇਟੀ ਪਿ੍ੰਸੀਪਲ ਸੁਰਿੰਦਰ ਸਿੰਘ, ਬਾਬਾ ਗੁਰਦੇਵ ਸਿੰਘ ਹਰੀਆਵੇਲਾ ਵਾਲੇ ਮਨਜਿੰਦਰ ਸਿੰਘ ਬਰਾੜ, ਬਾਬਾ ਤੀਰਥ ਸਿੰਘ, ਹਰਦੇਵ ਸਿੰਘ ਹੈਪੀ ਸੂਚਨਾ ਅਫਸਰ ਪ੍ਰਧਾਨ ਬਾਬਾ ਸੰਗਤ ਸਿੰਘ ਖਾਲਸਾ ਦਲ, ਮਹਿੰਦਰ ਸਿੰਘ ਮਾਹਲ, ਬਾਬਾ ਤਰਲੋਚਨ ਸਿੰਘ ਰੁੜਕਾ ਖੁਰਦ, ਐਸਕਸੀਅਨ ਦਵਿੰਦਰ ਸਿੰਘ, ਆਦਿ ਹਾਜ਼ਰ ਸਨ ।