ਅੰਮ੍ਰਿਤਸਰ ਸਾਹਿਬ: ਸਿੱਖ ਰਾਜਸੀ ਕੈਦੀ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਨੂੰ ਅੱਜ ਬਟਾਲਾ ਟਾਡਾ ਕੇਸ ਵਿੱਚ ਅੰਮ੍ਰਿਤਸਰ ਸਾਹਿਬ ਵਿਖੇ ਟਾਡਾ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੇ ਖਿਲਾਫ ਪੰਜਾਬ ਪੁਲਿਸ ਵੱਲੋਂ ਦਾਇਰ ਕੀਤੀ ਗਈ ਚਾਰਜਸ਼ੀਟ ਤੇ ਅਦਾਲਤ ਨੇ ਸਰਕਾਰੀ ਵਕੀਲ ਅਤੇ ਬਚਾਅ ਪੱਖ ਦੇ ਵਕੀਲ ਦੀਆਂ ਦਲੀਲਾਂ ਸੁਣੀਆਂ।
ਪ੍ਰੋ. ਭੁੱਲਰ ਦੇ ਵਕੀਲ ਜਸਪਾਲ ਸਿੰਘ ਮੰਝਪੁਰ ਨੇ ਅਦਾਲਤ ਨੂੰ ਦੱਸਿਆ ਕਿ ਪ੍ਰੋ. ਦਵਿੰਦਰ ਪਾਲ ਸਿੰਘ ਭੁੱਲਰ ਨੂੰ ਬਿਨ੍ਹਾਂ ਕਿਸੇ ਅਧਾਰ ਤੋਂ ਇਸ ਕੇਸ ਵਿੱਚ ਫਸਾਇਆ ਜਾ ਰਿਹਾ ਹੈ ਤੇ ਪੁਲਿਸ ਦੀ ਸਾਰੀ ਚਾਰਜਸ਼ੀਟ ਤੋਂ ਸਾਫ ਪਤਾ ਲੱਗਦਾ ਹੈ ਕਿ ਇਹ ਇੱਕ ਝੂਠਾ ਕੇਸ ਬਣਾਇਆ ਗਿਆ ਹੈ।
ਉਨ੍ਹਾਂ ਕਿਹਾ ਕਿ ਇਸ ਕੇਸ ਦੇ ਦਸਤਾਵੇਜਾਂ ਅਨੁਸਾਰ ਇਸ ਕੇਸ ਦਾ ਸਬੰਧ ਉਸ ਕਥਿਤ ਪੁਲਿਸ ਮੁਕਾਬਲੇ ਨਾਲ ਹੈ ਜਿਸ ਵਿੱਚ ਵੀਰੋ ਨੰਗਲ ਪਿੰਡ ਦੇ ਦੋ ਸਿੱਖ ਨੋਜਵਾਨਾਂ ਗੁਰਮੇਜ ਸਿੰਘ ਉਰਫ ਗੇਜਾ ਅਤੇ ਜੋਗਾ ਸਿੰਘ ਨੂੰ ਬਟਾਲਾ ਪੁਲਿਸ ਵੱਲੋਂ ਮਾਰਿਆਂ ਗਿਆ ਸੀ।
1992 ਵਿੱਚ ਬਟਾਲਾ ਦੇ ਸਦਰ ਥਾਣੇ ਵਿੱਚ ਆਈ.ਪੀ.ਸੀ ਦੀ ਧਾਰਾ 307, 34 ਅਤੇ ਅਸਲਾ ਕਾਨੂੰਨ ਦੀ ਧਾਰਾ 25, 24, 59, ਟਾਡਾ ਦੀ 3, 4, 5 ਧਾਰਾ ਅਤੇ ਵਿਸਫੋਟਕ ਸਮੱਗਰੀ ਕਾਨੂੰਨ ਦੀ ਧਾਰਾ 4, 5 ਅਧੀਨ ਮਾਮਲਾ ਦਰਜ ਕੀਤਾ ਗਿਆ ਸੀ।
ਇਸ ਕੇਸ ਵਿੱਚ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਨੂੰ ਫਰਵਰੀ 1995 ਵਿੱਚ ਨਾਮਜ਼ਦ ਕੀਤਾ ਗਿਆ ਸੀ।ਉਸ ਵਕਤ ਉਹ ਦਿੱਲੀ ਪੁਲਿਸ ਦੀ ਹਿਰਾਸਤ ਵਿੱਚ ਸੀ। ਪ੍ਰੋ. ਭੁੱਲਰ ਖਿਲਾਫ ਇਸ ਮਾਮਲੇ ਵਿੱਚ ਕੋਈ ਵੀ ਚਸ਼ਮਦੀਦ ਗਵਾਹ ਜਾ ਸਬੂਤ ਨਹੀਂ ਹੈ।
ਪੁਲਿਸ ਵੱਲੋਂ ਦਰਜ ਚਾਰਜਸ਼ੀਟ ਅਨੁਸਾਰ ਇੱਕ ਵਿਅਕਤੀ ਨੇ ਪੁਲਿਸ ਨੂੰ ਦੱਸਿਆ ਸੀ ਕਿ “ਸਿੱਖ ਖਾੜਕੂ” ਉਸ ਦੇ ਘਰ ਪ੍ਰਸ਼ਾਦਾ ਸ਼ਕਣ ਲਈ ਆਉਂਦੇ ਸੀ ਤੇ 1992 ਨੂੰ ਇਸ ਕੇਸ ਨਾਲ ਸਬੰਧਿਤ ਘਟਨਾ ਵਾਲੇ ਦਿਨ ਪ੍ਰੋ. ਭੁੱਲਰ ਵੀ ਉਸ ਦੇ ਘਰ ਆਏ ਸਨ। ਉਸ ਵਿਅਕਤੀ ਦੇ ਇਸ ਬਿਆਨ ਦੇ ਅਧਾਰ ਤੇ ਪ੍ਰੋ. ਭੁੱਲਰ ਨੂੰ ਪੁਲਿਸ ਨੇ ਇਸ ਕੇਸ ਵਿੱਚ ਨਾਮਜ਼ਦ ਕੀਤਾ ਹੈ।
ਜਿਕਰਯੋਗ ਹੈ ਕਿ ਪ੍ਰੋ. ਭੁੱਲਰ ਮੋਜੂਦਾ ਸਮੇਂ ਅੰਮ੍ਰਿਤਸਰ ਸਾਹਿਬ ਵਿਖੇ ਗੁਰੂ ਨਾਨਕ ਹਸਪਤਾਲ ਦੇ ਮਨੋਰੋਗ ਵਿਭਾਗ ਵਿੱਚ ਦਾਖਿਲ ਹਨ। ਅਦਾਲਤ ਨੇ ਇਸ ਕੇਸ ਵਿੱਚ ਅਗਲੀ ਸੁਣਵਾਈ ਦਾ ਦਿਨ 4 ਅਪ੍ਰੈਲ ਨਿਯਤ ਕੀਤਾ ਹੈ।