ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਬਾਦਲ ਦੁਆਰਾ ਦਿੱਲੀ ਦੇ ਸਕੂਲਾਂ ਵਿਚ ਪੰਜਾਬੀ ਭਾਸ਼ਾ ਨਾ ਪੜ੍ਹਾਏ ਜਾਣ ਦੇ ਕੂੜ ਪ੍ਰਚਾਰ ’ਤੇ ਸਪੱਸ਼ਟੀਕਰਨ ਦਿੰਦਿਆਂ ਆਮ ਆਦਮੀ ਪਾਰਟੀ ਨੇ ਇਸਨੂੰ ਝੂਠ ਦਾ ਪੁਲੰਦਾ ਗਰਦਾਨਿਆ ਹੈ। ਸ਼ੁੱਕਰਵਾਰ ਨੂੰ ਪਾਰਟੀ ਦੁਆਰਾ ਜਾਰੀ ਪ੍ਰੈਸ ਬਿਆਨ ਵਿਚ ਕਿਹਾ ਗਿਆ ਕਿ ਪੰਜਾਬੀ ਭਾਸ਼ਾ ਸਬੰਧੀ ਦਿੱਲੀ ਦੇ ਸਕੂਲਾਂ ਵਿਚ ਕੋਈ ਵੀ ਬਦਲਾਅ ਨਹੀਂ ਕੀਤਾ ਗਿਆ ਅਤੇ ਇਸ ਸਬੰਧੀ ਲਗਾਏ ਜਾ ਰਹੇ ਦੋਸ਼ ਬੇ-ਬੁਨਿਆਦ ਅਤੇ ਝੂਠੇ ਹਨ ਜਿਸਦਾ ਅਸਲ ਮੰਤਵ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਭਟਕਾਉਣਾ ਹੈ।

ਆਪ ਨੇਤਾ ਭਗਵੰਤ ਮਾਨ ਨੇ ਇਸਨੂੰ ਬਾਦਲਾਂ ਦੀ ਕੋਝੀ ਹਰਕਤ ਕਰਾਰ ਦਿੰਦਿਆਂ ਕਿਹਾ ਕਿ ਅਜਿਹਾ ਪੰਜਾਬ ਦੇ ਗੰਭੀਰ ਮਸਲਿਆਂ ਜਿਵੇਂ ਨਸ਼ਾ, ਬੇਰੋਜ਼ਗਾਰੀ, ਕਿਸਾਨ ਆਤਮ ਹੱਤਿਆਵਾਂ ਆਦਿ ਤੋਂ ਲੋਕਾਂ ਦਾ ਧਿਆਨ ਭਟਕਾਉਣ ਲਈ ਕੀਤਾ ਜਾ ਰਿਹਾ ਹੈ।
ਦਿੱਲੀ ਸਰਕਾਰ ਦੇ ਸਾਰੇ ਸਕੂਲ ਸੀ.ਬੀ.ਐਸ.ਈ. ਤੋਂ ਪ੍ਰਮਾਣਿਤ ਹਨ ਅਤੇ ਉਹ ਸਰਕਾਰ ਵਲੋਂ ਜਾਰੀ ਸਾਰੀਆਂ ਹਦਾਇਤਾਂ ਦਾ ਪਾਲਣ ਕਰਦੇ ਹਨ। ਸਾਲ 2016-17 ਦੇ ਲਈ 9ਵੀਂ ਅਤੇ 10ਵੀਂ ਕਲਾਸ ਦੇ ਵਿਦਿਆਰਥੀ ਹਿੰਦੀ ਅੰਗਰੇਜ਼ੀ, ਪੰਜਾਬੀ, ਅਸਾਮੀ, ਬੰਗਾਲੀ, ਗੁਜਰਾਤੀ, ਕੰਨੜ, ਮਰਾਠੀ, ਮਲਿਆਲਮ, ਮਨੀਪੁਰੀ, ਉੜੀਆ, ਸਿੰਧੀ, ਤਾਮਿਲ, ਤੇਲਗੂ, ਉਰਦੂ, ਲੇਪਚਾ, ਲਿੰਬੂ, ਭੂਟੀਆ, ਸੰਸਕ੍ਰਿਤ, ਅਰਬੀ, ਫਾਰਸੀ, ਜਰਮਨ, ਪੁਰਤਗਾਲੀ, ਰਸ਼ੀਅਨ, ਸਪੈਨਿਸ਼, ਨੇਪਾਲੀ, ਤਿਬਤਿਅਨ ਅਤੇ ਮਿਜ਼ੋ ਭਾਸ਼ਾਵਾਂ ਵਿਚੋਂ ਕਿਸੇ 2 ਦੀ ਚੋਣ ਕਰ ਸਕਦੇ ਹਨ।
ਮਾਨ ਨੇ ਕਿਹਾ ਕਿ ਇਸ ਤੋਂ ਅਲਾਵਾ ਵਿਦਿਆਰਥੀ ਜ਼ਰੂਰੀ ਵਿਸ਼ਿਆਂ ਦੇ ਨਾਲ-ਨਾਲ ਕੋਈ ਇਕ ਭਾਸ਼ਾ ਵਾਧੂ ਵਿਸ਼ੇ ਵਜੋਂ ਵੀ ਪੜ੍ਹ ਸਕਦੇ ਹਨ। ਇਸ ਵਰ੍ਹੇ ਦੌਰਾਨ ਵਿਸ਼ੇ ਸਬੰਧੀ ਕੋਈ ਵੀ ਤਬਦੀਲੀ ਨਹੀਂ ਕੀਤੀ ਗਈ ਅਤੇ ਇਹ ਸਕੀਮ ਪਿਛਲੇ ਸਾਲ ਵਾਂਗ ਹੀ ਜਾਰੀ ਰਹੇਗੀ।
(ਸਬੰਧਤ ਖ਼ਬਰਾਂ:)
ਅੱਜ ਪੰਜਾਬੀ ਭਾਸ਼ਾ ਤੇ ਕੱਲ੍ਹ ਨੂੰ ਪੰਜਾਬੀਆਂ ਨੂੰ ਖਤਮ ਕਰਨ ਦੀ ਗੱਲ ਕਰੇਗਾ ਕੇਜਰੀਵਾਲ: ਸਰਨਾ
ਦਿੱਲੀ ਕਮੇਟੀ ਵਲੋਂ ਸਰਕਾਰੀ ਸਕੂਲਾਂ ਵਿਚੋਂ ਪੰਜਾਬੀ, ਉਰਦੂ ਹਟਾਉਣ ਦਾ ਵਿਰੋਧ