ਫਤਹਿਗੜ੍ਹ ਸਾਹਿਬ: ਭਾਰਤੀ ਸੁਰੱਖਿਆ ਬਲਾਂ ਹੱਥੋਂ ਮਾਰੇ ਗਏ ਅਤੇ ਜ਼ਖਮੀ ਕਸ਼ਮੀਰੀਆਂ ਦੇ ਪਰਿਵਾਰਾਂ ਨੂੰ ਮਿਲਣ ਜਾਂਦੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਸੋਮਵਾਰ ਮਾਧੋਪੁਰ ਤੋਂ ਜੰਮੂ ਕਸ਼ਮੀਰ ’ਚ ਦਾਖ਼ਲ ਹੋਣ ’ਤੇ ਪੁਲੀਸ ਨੇ ਰੋਕ ਲਿਆ ਤੇ ਅੱਗੇ ਨਹੀਂ ਜਾਣ ਦਿੱਤਾ। ਸਿਮਰਨਜੀਤ ਸਿੰਘ ਮਾਨ ਤੇ ਉਨ੍ਹਾਂ ਦੇ ਸਾਥੀਆਂ ਨੇ ਕੌਮੀ ਮਾਰਗ ’ਤੇ ਧਰਨਾ ਦੇਣਾ ਸ਼ੁਰੂ ਕਰ ਦਿੱਤਾ, ਜਿਸ ਨਾਲ ਜਾਮ ਲੱਗ ਗਿਆ। ਬੜੀ ਮੁਸ਼ਕਲ ਨਾਲ ਐਸ.ਪੀ. ਖਲੀਲ ਪੋਸਵਾਲ ਨੇ ਅੱਧੇ ਘੰਟੇ ਬਾਅਦ ਉਨ੍ਹਾਂ ਨੂੰ ਸਮਝਾ ਕੇ ਧਰਨੇ ਤੋਂ ਉਠਾਇਆ ਅਤੇ ਉਨ੍ਹਾਂ ਨੂੰ ਨੇੜਲੀ ਇਮਾਰਤ ’ਚ ਜਾਣ ਲਈ ਕਿਹਾ, ਪਰ ਉਹ ਸਾਰੇ ਇਮਾਰਤ ਦੇ ਬਾਹਰ ਹੀ ਬੈਠੇ ਰਹੇ।

ਮਾਨ ਤੇ ਉਨ੍ਹਾਂ ਦੇ ਸਾਥੀਆਂ ਦਾ ਕਹਿਣਾ ਸੀ ਕਿ ਜੇਕਰ ਦੇਸ਼ ਦੇ ਗ੍ਰਹਿ ਮੰਤਰੀ ਕਸ਼ਮੀਰ ਘਾਟੀ ਅੰਦਰ ਜਾ ਸਕਦੇ ਹਨ ਤਾਂ ਫਿਰ ਉਨ੍ਹਾਂ ਨੂੰ ਕਿਉਂ ਰੋਕਿਆ ਜਾ ਰਿਹਾ ਹੈ। ਉਹ ਤਾਂ ਕਸ਼ਮੀਰੀਆਂ ਦਾ ਦੁੱਖ ਦਰਦ ਜਾਨਣਾ ਚਾਹੁੰਦੇ ਹਨ ਤੇ ਪੁਲੀਸ/ ਫੌਜ ਦੀ ਗੋਲੀਬਾਰੀ ’ਚ ਸ਼ਹੀਦ ਹੋਏ ਕਸ਼ਮੀਰੀਆਂ ਦੇ ਪਰਿਵਾਰਾਂ ਨੂੰ ਮਿਲਣਾ ਚਾਹੁੰਦੇ ਹਨ। ਇਸ ਮੌਕੇ ਉਨ੍ਹਾਂ ਨਾਲ ਪਾਰਟੀ ਦੇ ਜਨਰਲ ਸਕੱਤਰ ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਪ੍ਰੋਫੈਸਰ ਮਹਿੰਦਰ ਪਾਲ ਸਿੰਘ ਜਨਰਲ ਸਕੱਤਰ, ਗੁਰਦੇਵ ਸਿੰਘ ਸਿੱਧੂ ਸਟੇਟ ਪ੍ਰਧਾਨ (ਜੰਮੂ ਕਸ਼ਮੀਰ), ਆਦਿ ਮੌਜੂਦ ਸਨ।
ਸਿਮਰਨਜੀਤ ਸਿੰਘ ਮਾਨ ਤੇ ਉਨ੍ਹਾਂ ਦੇ ਸਾਥੀਆਂ ਦਾ ਕਾਫਲਾ ਮਾਧੋਪੁਰ ਵਿਖੇ ਰਾਵੀ ਦਰਿਆ ਦਾ ਪੁਲ ਪਾਰ ਕਰ ਕੇ ਜੰਮੂ ਕਸ਼ਮੀਰ ਦੀ ਹੱਦ ’ਚ ਪੌਣੇ ਇੱਕ ਵਜੇ ਦੇ ਕਰੀਬ ਦਾਖ਼ਲ ਹੋਇਆ ਤੇ ਉਥੇ ਭਾਰੀ ਗਿਣਤੀ ਵਿੱਚ ਜੰਮੂ ਕਸ਼ਮੀਰ ਦੀ ਪੁਲੀਸ ਉਨ੍ਹਾਂ ਨੂੰ ਰੋਕਣ ਲਈ ਪਹਿਲਾਂ ਹੀ ਤਾਇਨਾਤ ਸੀ। ਜੰਮੂ ਕਸ਼ਮੀਰ ਦੇ ਸ਼੍ਰੋਮਣੀ ਅਕਾਲੀ ਅੰਮ੍ਰਿਤਸਰ ਦੇ ਆਗੂਆਂ ਨੇ ਮਾਨ ਅਤੇ ਉਨ੍ਹਾਂ ਦੇ ਸਾਥੀਆਂ ਦਾ ਸਿਰੋਪਾਓ ਦੇ ਕੇ ਸਵਾਗਤ ਕੀਤਾ। ਵਧੀਕ ਐਸ.ਪੀ. ਖਲੀਲ ਪੋਸਵਾਲ ਨੇ ਉਨ੍ਹਾਂ ਨੂੰ ਅੱਗੇ ਜਾਣ ਤੋਂ ਰੋਕਿਆ ਅਤੇ ਕਿਹਾ ਕਿ ਕਸ਼ਮੀਰ ਦੇ ਹਾਲਾਤ ਖਰਾਬ ਹਨ ਇਸ ਕਰ ਕੇ ਉਹ ਅੱਗੇ ਨਹੀਂ ਜਾ ਸਕਦੇ। ਅੱਧਾ ਘੰਟਾ ਜਾਮ ਲੱਗ ਜਾਣ ਬਾਅਦ ਪੋਸਵਾਲ ਉਨ੍ਹਾਂ ਨੂੰ ਉੱਥੋਂ ਧਰਨਾ ਖ਼ਤਮ ਕਰਵਾਉਣ ਲਈ ਸਹਿਮਤ ਕਰ ਸਕੇ।
ਮਾਨ ਨੇ ਕਿਹਾ ਕਿ ਕਸ਼ਮੀਰ ’ਚ ਕੀ ਹੋ ਰਿਹਾ ਹੈ ਇਸ ਨੂੰ ਪੂਰੀ ਦੁਨੀਆਂ ਦੇਖ ਰਹੀ ਹੈ। ਉਨ੍ਹਾਂ ਕਿਹਾ ਕਿ ਕਸ਼ਮੀਰ ਘਾਟੀ ਦੇ ਲੋਕਾਂ ਦੀ ਗੱਲ ਸੁਣੀ ਜਾਵੇ ਅਤੇ ਉੱਥੇ ਅਮਨ ਬਹਾਲ ਹੋਵੇ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਉੱਥੇ ਤੰਗ ਕਰ ਕੇ ਸਥਿਤੀ ਨੂੰ ਹੋਰ ਗੰਭੀਰ ਨਹੀਂ ਬਣਾਉਣਾ ਚਾਹੀਦਾ।
ਉਨ੍ਹਾਂ ਨੇ ਕਸ਼ਮੀਰੀਆਂ ਦੀ ਰਾਏਸ਼ੁਮਾਰੀ ਕਰਨ ਵਾਲੀ ਮੰਗ ਦੀ ਹਿਮਾਇਤ ਕੀਤੀ। ਉਨ੍ਹਾਂ ਕਿਹਾ ਕਿ ਸੰਯੁਕਤ ਰਾਸ਼ਟਰ ਨੂੰ ਇਹ ਮਸਲਾ ਆਪਣੇ ਹੱਥ ’ਚ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਦੇ ਆਜ਼ਾਦ ਕਸ਼ਮੀਰ ਸਮੇਤ ਕਸ਼ਮੀਰੀਆਂ ਨੂੰ ਪੁੱਛਣਾ ਚਾਹੀਦਾ ਹੈ ਕਿ ਉਹ ਭਾਰਤ ਨਾਲ ਰਹਿਣਾ ਚਾਹੁੰਦੇ ਹਨ ਜਾਂ ਪਾਕਿਸਤਾਨ ’ਚ ਜਾਣਾ ਚਾਹੁੰਦੇ ਹਨ ਜਾਂ ਆਜ਼ਾਦ ਰਹਿਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਉਹ ਕਸ਼ਮੀਰ ਜਾ ਕੇ ਕਸ਼ਮੀਰੀਆਂ ਦਾ ਦੁੱਖ ਦਰਦ ਜਾਨਣਾ ਚਾਹੁੰਦੇ ਹਨ ਅਤੇ ਹੁਰੀਅਤ ਨੇਤਾਵਾਂ ਨੂੰ ਮਿਲਣਾ ਚਾਹੁੰਦੇ ਸਨ।