ਚੰਡੀਗੜ੍ਹ: ਅੱਜ 32 ਸਾਲਾਂ ਬਾਅਦ ਨਵੰਬਰ 1984 ਸਿੱਖ ਨਸਲਕੁਸ਼ੀ ਦੇ ਇਕ ਪ੍ਰਮੁੱਖ ਗਵਾਹ ਸਰਦਾਰ ਹਰਵਿੰਦਰ ਸਿੰਘ ਕੋਹਲੀ ਨੂੰ ਇਲ ਲੰਮੀ ਜੱਦੋ ਜਹਿਦ ਤੋਂ ਬਾਅਦ ਉਸ ਵਕਤ ਆਸ ਦੀ ਕਿਰਨ ਜਾਗੀ ਜਦੋਂ ਕੇਂਦਰ ਸਰਕਾਰ ਵਲੋਂ ਬਣਾਈ ਜਾਂਚ ਕਮੇਟੀ ਦੇ ਦੋ ਜਾਂਚ ਅਧਿਕਾਰੀ ਇੰਸਪੈਕਟਰ ਐਮ.ਆਰ. ਮੀਨਾ ਅਤੇ ਇੰਸਪੈਕਟਰ ਅਨਿਲ ਕੁਮਾਰ ਨੇ ਉਨ੍ਹਾਂ ਦੇ ਬਿਆਨ ਦਰਜ ਕੀਤੇ। ਸ. ਕੋਹਲੀ ਨੇ ਉਨ੍ਹਾਂ ਦੇ ਪਰਿਵਾਰ ਨਾਲ ਇਕ ਨਵੰਬਰ 1984 ਅਤੇ 2 ਨਵੰਬਰ 1984 ਨੂੰ ਵਾਪਰੀਆਂ ਘਟਨਾਵਾਂ ਦਾ ਵੇਰਵਾ ਕਲਮਬੰਦ ਕਰਵਾਇਆ।

ਉਨ੍ਹਾਂ ਵਲੋਂ ਜਾਂਚ ਟੀਮ ਨੂੰ ਦਿੱਤੇ ਬਿਆਨ ਵਿਚ ਕਾਂਗਰਸ ਨੇਤਾ ਸੱਜਣ ਕੁਮਾਰ ਦਾ ਨਾਂ ਲੈਂਦਿਆਂ ਦੱਸਿਆ ਗਿਆ ਕਿ ਸੱਜਣ ਕੁਮਾਰ ਦੀ ਅਗਵਾਈ ਵਿਚ ਆਈ ਭੀੜ ਨੇ ਉਸਦੇ ਪਿਤਾ ਸ. ਸੋਹਣ ਸਿੰਘ ਅਤੇ ਜੀਜਾ ਸ. ਅਵਤਾਰ ਸਿੂੰਘ ਨੂੰ ਜ਼ਿੰਦਾ ਜਲਾ ਦਿੱਤਾ ਸੀ। ਆਪਣੇ ਚਾਰ ਸਫਿਆਂ ਦੇ ਬਿਆਨ ਵਿਚ ਸ. ਕੋਹਲੀ ਨੇ ਸ. ਨਾਥ ਸਿੰਘ ਦੇ ਪਰਿਵਾਰ ਸਮੇਤ ਕਈ ਹੋਰ ਸਿੱਖ ਪਰਿਵਾਰਾਂ ਦੇ ਮੈਂਬਰਾਂ ਦੇ ਕਤਲ ਲਈ ਵੀ ਸੱਜਣ ਕੁਮਾਰ ਨੂੰ ਦੋਸ਼ੀ ਦੱਸਿਆ।