ਅੰਮ੍ਰਿਤਸਰ (6 ਸਤੰਬਰ 2015): ਵਡਭਾਗ ਸਿੰਘ ਦੇ ਜਨਮ ਦਿਨ ਮਨਾਉਣ ਲਈ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਵੱਲੋਂ ਦਿੱਤੇ ਬਿਆਨ ‘ਤੇ ਸ਼੍ਰੋਮਣੀ ਕਮੇਟੀ ਅਤੇ ਗਿਆਨੀ ਗੁਰਬਚਨ ਸਿੰਘ ਵਿਚਕਾਰ ਬਿਆਨਬਾਜ਼ੀ ਦੇ ਚੱਲਦਿਆਂ ਸ਼ੋ੍ਰਮਣੀ ਕਮੇਟੀ ਦੇ ਜਨਰਲ ਸਕੱਤਰ ਨੇ ਗਿਆਨੀ ਗੁਰਬਚਨ ਸਿੰਘ ਦੇ ਬਿਆਨ ਨੂੰ ਸਿੱਖ ਰਹਿਤ ਮਰਯਾਦਾ ਵਿਰੋਧੀ ਦੱਸਦਿਆਂ ਵਿਵਾਦਤ ਮਸਲੇ ਅਖ਼ਬਾਰਾਂ ‘ਚ ਨਾ ਉਛਾਲਣ ਦੀ ਸਲਾਹ ਦਿੱਤੀ ਹੈ।

ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਭੌਰ ਨੇ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਅਪੀਲ ਕੀਤੀ ਹੈ ਕਿ ਵਡਭਾਗ ਸਿੰਘ ਵਰਗੇ ਵਿਵਾਦਤ ਮਸਲਿਆਂ ਨੂੰ ਮੀਡੀਆ ਵਿੱਚ ਉਛਾਲਣ ਦੀ ਬਜਾਏ ਉਹ ਸਿੱਖ ਪੰਥ ਨਾਲ ਮਿਲ ਬੈਠ ਕੇ ਵਿਚਾਰਨ।
ਸਿੰਘ ਸਾਹਿਬ ਦੇ ਬਿਆਨ ‘ਤੇ ਟਿੱਪਣੀ ਕਰਦਿਆਂ ਸ਼ੋ੍ਰਮਣੀ ਕਮੇਟੀ ਦੇ ਜਨਰਲ ਸਕੱਤਰ ਸ: ਸੁਖਦੇਵ ਸਿੰਘ ਭੌਰ ਨੇ ਕਿਹਾ ਕਿ ਦੇਸ਼-ਵਿਦੇਸ਼ ‘ਚੋਂ ਸਿੱਖਾਂ ਦੇ ਸ਼ੋ੍ਰਮਣੀ ਕਮੇਟੀ ਨੂੰ ਆ ਰਹੇ ਫੋਨਾਂ ‘ਤੇ ਵਡਭਾਗ ਸਿੰਘ ਦਾ ਜਨਮ ਦਿਹਾੜਾ ਮਨਾਉਣ ਸਬੰਧੀ ਸਿੰਘ ਸਾਹਿਬ ਦੇ ਸ਼ਬਦਾਂ ਦਾ ਭਰਵਾਂ ਵਿਰੋਧ ਹੋ ਰਿਹਾ ਹੈ ।
ਪੰਥ ਦਰਦੀਆਂ ਨੇ ਸਵਾਲ ਕੀਤਾ ਹੈ ਕਿ ਜੇਕਰ ਵਡਭਾਗ ਸਿੰਘ ਨੇ ਅੰਮਿ੍ਤ ਛੱਕ ਲਿਆ ਸੀ, ਤਾਂ ਫਿਰ ਸ਼ੋ੍ਰਮਣੀ ਕਮੇਟੀ ਵੱਲੋਂ ਛਾਪੀ ਤੇ ਵੰਡੀ ਜਾਂਦੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਪ੍ਰਵਾਨਿਤ 1936 ‘ਚ ਬਣੀ ਸਿੱਖ ਰਹਿਤ ਮਰਯਾਦਾ ‘ਚ ਹੁਣ ਤੱਕ ਧੀਰ ਮੱਲ੍ਹੀਏ ਅਤੇ ਰਾਮ ਰਾਈਆਂ ਨਾਲ ਮਿਲਵਰਤਣ ਮਨਾ ਕਿਉਂ ਹੈ ?
ਉਨ੍ਹਾਂ ਕਿਹਾ ਕਿ ਸਿੰਘ ਸਾਹਿਬ ਦੀ ਪੱਦਵੀ ਰਹਿਤ ਮਰਯਾਦਾ ਦੀ ਨਿਯਮਤੱਤਾ ਬਹਾਲ ਰੱਖਣ ਲਈ ਹੈ, ਨਾ ਕਿ ਵਿਵਾਦਾਂ ‘ਚ ਲਿਆਉਣ ਲਈ ।ਇਸ ਸਬੰਧੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੇ ਇਤਿਹਾਸਕਾਰ ਰਣਜੀਤ ਸਿੰਘ ਰਾਣਾ ਦੀ ਪੁਸਤਕ ‘ਕਰਤਾਰ ਪੁਰ ਕਰਤਾ ਵਸੈ’ ਦਾ ਜ਼ਿਕਰ ਕਰਦਿਆਂ ਕਿਹਾ ਕਿ 1721 ਦੀ ਵੈਸਾਖੀ ਮੌਕੇ ਭਾਈ ਮਨੀ ਸਿੰਘ , ਬਾਬਾ ਦੀਪ ਸਿੰਘ, ਭਾਈ ਤਾਰਾ ਸਿੰਘ, ਭਾਈ ਦਰਬਾਰਾ ਸਿੰਘ ਤੋਂ ਅੰਮਿ੍ਤ ਛੱਕਣ ਵਾਲਿਆਂ ‘ਚ ਉਸ ਸਮੇਂ 24 ਸਾਲ ਦੇ ਨਵਾਬ ਕਪੂਰ ਸਿੰਘ ਤੋਂ ਇਲਾਵਾ 11 ਸਾਲਾ ਬਾਬਾ ਵਡਭਾਗ ਸਿੰਘ ਵੀ ਸ਼ਾਮਿਲ ਸਨ ।ਉਨ੍ਹਾਂ ਸਪੱਸ਼ਟ ਕੀਤਾ ਕਿ ਇਸ ਮੁੱਦੇ ‘ਤੇ ਜੇਕਰ ਇਤਿਹਾਸਕਾਰ ਇਕ ਮੱਤ ਨਹੀਂ ਹਨ, ਤਾਂ ਸ਼ੋ੍ਰਮਣੀ ਕਮੇਟੀ ਨੂੰ ਆਪਣੇ ਪੱਧਰ ‘ਤੇ ਇਸ ਸਬੰਧੀ ਸਪੱਸ਼ਟ ਵੇਰਵਾ ਜ਼ਾਰੀ ਕਰਨਾ ਚਾਹੀਦਾ ਹੈ ।