ਕੈਲਗਰੀ (10 ਅਗਸਤ, 2015): ਲੰਘੇ ਸਿੱਖ-ਅਜ਼ਾਦੀ ਸੰਘਰਸ਼ ਦੌਰਾਨ ਸੰਤ ਜਰਨੈਲ਼ ਸਿੰਘ ਭਿੰਡਰਾਂਵਾਲ਼ਿਆਂ ਦੀ ਸ਼ਹਾਦਤ ਤੋਂ ਬਾਅਦ ਕੌਮੀ ਸੰਘਰਸ਼ ਨੂੰ ਅੱਗੇ ਤੋਰਨ ਵਿੱਚ ਅਹਿਮ ਹਿੱਸਾ ਪਾਉਣ ਵਾਲੇ ਬੱਬਰ ਖਾਲਸਾ ਦੇ ਮੁਖੀ ਸ਼ਹੀਦ ਭਾਈ ਸੁਖਦੇਵ ਸਿੰਘ ਬੱਬਰ ਦਾ ਸ਼ਹੀਦੀ ਦਿਹਾੜਾ ਕੈਲਗਰੀ ਵਿੱਚ ਸਿੱਖ ਸੰਗਤ ਵੱਲੋਂ ਮਨਾਇਆ ਗਿਆ।

ਗੁਰਦੁਆਰਾ ਦਸਮੇਸ਼ ਕਲਚਰ ਸੈਂਟਰ ਕੈਲਗਰੀ ਵਿਖੇ ਸ਼ਹੀਦ ਭਾਈ ਬੱਬਰ ਦੇ ਸ਼ਹੀਦੀ ਦਿਹਾੜੇ ‘ਤੇ ਵਿਸ਼ੇਸ਼ ਦੀਵਾਨ ਸਜਾਏ ਗਏ । ਇਸ ਸਮੇਂ ਵੱਖ-ਵੱਖ ਬੁਲਾਰਿਆਂ ਨੇ ਕੌਮ ਦੇ ਮਹਾਨ ਸ਼ਹੀਦ ਭਾਈ ਸੁਖਦੇਵ ਸਿੰਘ ਬੱਬਰ ਦੀ ਸ਼ਹਾਦਤ ਅਤੇ ਕੌਮੀ ਜਜ਼ਬੇ ਬਾਰੇ ਸੰਗਤਾਂ ਨਾਲ ਵਿਚਾਰਾਂ ਸਾਂਝੀਆਂ ਕੀਤੀਆਂ ।
ਦੀਵਾਨਾਂ ਸਮੇਂ ਭਾਈ ਮਨਜੀਤ ਸਿੰਘ ਹਜੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ, ਆਤਮ ਰਸ ਕੀਰਤਨ ਕੌਸਲ ਵੱਲੋਂ ਭਾਈ ਹਰਚਰਨ ਸਿੰਘ ਖਾਲਸਾ, ਭਾਈ ਮਹਿਤਾਬ ਸਿੰਘ ਜਲੰਧਰ ਵਾਲੇ ਤੇ ਭਾਈ ਬਲਦੇਵ ਸਿੰਘ ਬੁਲੰਦਪੁਰੀ ਲੁਧਿਆਣੇ ਵਾਲਿਆਂ ਦੇ ਜਥਿਆ ਨੇ ਵੀਰ ਰਸ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਅਤੇ ਸਿੰਘ ਸਾਹਿਬ ਗਿਆਨੀ ਰਾਮ ਸਿੰਘ ਦਮਦਮੀ ਟਕਸਾਲ ਵਾਲਿਆ ਨੇ ਵੀ ਹਾਜ਼ਰੀ ਲਗਵਾਈ ।
ਇਸ ਸਮੇਂ ਵਿਸ਼ੇਸ਼ ਤੌਰ ‘ਤੇ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆ ਦੇ ਭਰਾਤਾ ਕੈਪਟਨ ਹਰਚਰਨ ਸਿੰਘ ਰੋਡੇ ਹੁਰਾਂ ਵੀ ਭਾਈ ਸਾਹਿਬ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਸੰਗਤਾਂ ਨਾਲ ਵਿਚਾਰਾਂ ਦੀ ਸਾਂਝ ਪਾਈ । ਇਸ ਸਮੇਂ ਉਨ੍ਹਾਂ ਨੂੰ ਪ੍ਰਬੰਧਕ ਕਮੇਟੀ ਨੇ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ।
ਸਮਾਗਮ ਦੇ ਅਖੀਰ ‘ਚ ਗਿਆਨੀ ਵਰਿੰਦਰ ਸਿੰਘ ਵਾਰਿਸ ਦੇ ਢਾਡੀ ਜਥੇ ਨੇ ਕੌਮ ਦੇ ਮਹਾਨਾਇਕ ਦੀ ਸ਼ਹਾਦਤ ਬਾਰੇ ਵਾਰਾਂ ਸੰਗਤਾਂ ਨੂੰ ਸਰਵਣ ਕਰਵਾਈਆਂ । ਸਟੇਜ ਸਕੱਤਰ ਦੀ ਸੇਵਾ ਭਾਈ ਰਣਬੀਰ ਸਿੰਘ ਨੇ ਨਿਭਾਈ ।