ਚੰਡੀਗੜ੍ਹ (20 ਜੁਲਾਈ, 2015): ਆਮ ਆਦਮੀ ਪੰਜਾਬ ਦੇ ਜੱਥੇਬੰਦਕ ਢਾਂਚੇ ਨੂੰ ਲੈਕੇ ਪੰਜਾਬ ਇਕਾਈ ਦੇ ਆਗੂਆਂ ਦਰਮਿਆਨ ਪੈਦਾ ਹੋਏ ਵੱਖਰੇਵੇਂ ਤੋਂ ਬਾਅਦ ਅੱਜ ਲੋਕ ਸਭਾ ਮੈਂਬਰ ਸ: ਹਰਿੰਦਰ ਸਿੰਘ ਖ਼ਾਲਸਾ ਨੇ ਆਮ ਆਦਮੀ ਪਾਰਟੀ ਦੀ ਹਾਈਕਮਾਂਡ ਨੂੰ ਅਪੀਲ ਕੀਤੀ ਹੈ ਕਿ ਉਹ ਯੂ.ਪੀ. ਦੀ ਲੀਡਰਸ਼ਿਪ ਨੂੰ ਪੰਜਾਬ ਦੇ ਜਥੇਬੰਦਕ ਮਾਮਲੇ ਨਾ ਸੰਭਾਲੇ ਕਿਉਂਕਿ ਪੰਜਾਬ ਦੇ ਹਾਲਾਤ ਬਾਕੀ ਰਾਜਾਂ ਨਾਲੋਂ ਵੱਖਰੇ ਹਨ ।

ਕੱਲ੍ਹ 21 ਜੁਲਾਈ ਨੂੰ ਪਾਰਲੀਮੈਂਟ ਦਾ ਇਜਲਾਸ ਸ਼ੁਰੂ ਹੋਣ ਕਾਰਨ ਸ: ਖ਼ਾਲਸਾ ਨੇ ਦਿੱਲੀ ਜਾਂਦੇ ਹੋਏ ਗੱਲਬਾਤ ਕਰਦਿਆਂ ਕਿਹਾ ਕਿ ਸੰਜੇ ਸਿੰਘ ਨੂੰ ਪੰਜਾਬ ਮਾਮਲਿਆਂ ‘ਚ ਦਖ਼ਲ ਨਾ ਦੇਣ ਦਿੱਤਾ ਜਾਏ ।ਉਨ੍ਹਾਂ ਨੂੰ ਇਸ ਸੂਬੇ ਦੀ ਵਿਲੱਖਣ ਤੇ ਨਾਜ਼ੁਕ ਸਿਆਸੀ ਹਾਲਤ ਬਾਰੇ ਕੁਝ ਵੀ ਨਹੀਂ ਪਤਾ ।
ਸ: ਖ਼ਾਲਸਾ ਨੇ ਗੰਭੀਰ ਦੋਸ਼ ਲਾਇਆ ਕਿ ਪੰਜਾਬ ‘ਚ ਜਥੇਬੰਦਕ ਤੌਰ ‘ਤੇ ਇਹੋ ਜਿਹੇ ਲੋਕਾਂ ਨੂੰ ਅੱਗੇ ਲਿਆਂਦਾ ਜਾ ਰਿਹਾ ਹੈ, ਜਿਨ੍ਹਾਂ ਨੂੰ ਇਸ ਰਾਜ ਦੀ ਜਨਤਾ ਨਫ਼ਰਤ ਕਰਦੀ ਹੈ ।ਖ਼ਾਲਸਾ ਨੇ ਕਿਹਾ ਕਿ ਡਾ. ਦਲਜੀਤ ਸਿੰਘ ਨੂੰ ‘ਆਪ’ ਦੀ ਡਸਿਪਲਨਰੀ ਐਕਸ਼ਨ ਕਮੇਟੀ ਦੀ ਚੇਅਰਮੈਨੀ ਤੋਂ ਹਟਾਉਣਾ ਸ਼ਰਮਾਨਾਕ ਹੈ ।
ਉਨ੍ਹਾਂ ਇਸ ਸਬੰਧ ‘ਚ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਅਪੀਲ ਕੀਤੀ ਕਿ ਉਹ ਇਸ ਮਾਮਲੇ ਤੇ ਨਜ਼ਰਸਾਨੀ ਕਰਨ ।ਖ਼ਾਲਸਾ ਨੇ ‘ਆਪ’ ਪੰਜਾਬ ਦੇ ਕਨਵੀਨਰ ਸ: ਸੁੱਚਾ ਸਿੰਘ ਛੋਟੇਪੁਰ ਬਾਰੇ ਕਿਹਾ ਕਿ ਉਨ੍ਹਾਂ ‘ਚ ‘ਆਪ’ ਦੀ ਲੀਡਰਸ਼ਿਪ ਸੰਭਾਲਣ ਦੀ ਸਮਰਥਾ ਨਹੀਂ ।