ਅੰਮ੍ਰਿਤਸਰ: ਸਿੱਖ ਨੌਜਵਾਨਾਂ ਨੇ ਸ਼ਹਿਰ ਦੀਆਂ ਸੜਕਾਂ ਉਤੇ ਵਿਵਾਦਗ੍ਰਸਤ ਫਿਲ਼ਮ ‘ਨਾਨਕ ਸ਼ਾਹ ਫਕੀਰ’ ਜੋ 17 ਅਪ੍ਰੈਲ ਨੂੰ ਰਿਲੀਜ਼ ਹੋਣ ਜਾ ਰਹੀ ਹੈ, ਵਿਰੁੱਧ ਜਬਰਦਸਤ ਰੋਸ ਮਾਰਚ ਕੀਤਾ।
ਸਿੱਖ ਯੂਥ ਆਫ ਪੰਜਾਬ ਦੀ ਅੰਮ੍ਰਿਤਸਰ ਯੂਨਿਟ ਅਤੇ ਬਾਬਾ ਜੀਵਨ ਸਿੰਘ ਵਿਦਿਅਕ ਅਤੇ ਭਲਾਈ ਟਰੱਸਟ ਦੇ ਸਰਗਰਮ ਨੌਜਵਾਨਾਂ ਨੇ ਮੋਟਰ ਸਾਈਕਲ ਉਤੇ ਸਵਾਰ ਕਰੀਬ 100 ਨੌਜਵਾਨਾਂ ਨੇ ਕਾਲੇ ਝੰਡੇ ਫੜਕੇ ਅਤੇ ਹੱਥਾ ਵਿੱਚ ਤਖਤੀਆਂ ਫੜਕੇ ਛੇਹਰਟਾ ਤੋਂ ਚੱਲਕੇ ਦਰਬਾਰ ਸਾਹਿਬ ਤੱਕ ਮਾਰਚ ਕੀਤਾ ਅਤੇ ਉਥੇ ਪਹੁੰਚ ਕੇ ਅਰਦਾਸ ਕੀਤੀ।

ਪ੍ਰੈਸ ਨਾਲ ਗਲਬਾਤ ਕਰਦਿਆ ਮਾਰਚ ਦੇ ਪ੍ਰਬੰਧਕ ਗਗਨਦੀਪ ਸਿੰਘ ਨੇ ਕਿਹਾ ਕਿ ਫਿਲ਼ਮ ਦੇ ਨਿਰਮਾਤਾ ਹਰਿੰਦਰ ਸਿੰਘ ਸਿੱਕਾ ਨੇ ਗੁਰੂ ਨਾਨਕ ਸਾਹਿਬ ਅਤੇ ਬੇਬੇ ਨਾਨਕੀ ਜੀ ਦਾ ਰੋਲ ਕਿਸੇ ਮਨੁੱਖੀ ਦੇਹ ਤੋਂ ਕਰਵਾਕੇ ਧਾਰਮਿਕ ਗੁਨਾਹ ਕੀਤਾ ਹੈ ਜੋ ਕਿ ਕਦਾਚਿਤ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।
ਉਹਨਾਂ ਕਿਹਾ ਕਿ ਇਹ ਫਿਲ਼ਮ ਸਿੱਖ ਸਿਧਾਂਤਾਂ ਅਤੇ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਘੋਰ ਉਲੰਘਣਾ ਹੈ, ਜਿਸ ਅਨੁਸਾਰ ਕੋਈ ਵੀ ਵਿਅਕਤੀ ਗੁਰੂ ਸਾਹਿਬਾਨ ਅਤੇ ਗੁਰੂ-ਪਰਿਵਾਰ ਨੂੰ ਕਿਸੇ ਵੀ ਮਾਧਿਅਮ ਜਾਂ ਢੰਗ ਰਾਹੀਂ ਫਿਲਮਾ ਨਹੀ ਸਕਦਾ।
ਪਰਮਜੀਤ ਸਿੰਘ ਮੰਡ ਨੇ ਕਿਹਾ ਕਿ ਅਕਾਲ ਤਖਤ ਸਾਹਿਬ ਵਲੋਂ ਫਿਲ਼ਮ ਨੂੰ ਰੋਕਵਾਉਣ ਲਈ ਨਿਰਮਾਤਾ ਦੇ ਵਿਰੁੱਧ ਆਦੇਸ਼ ਜਾਰੀ ਕੀਤਾ ਜਾਣਾ ਸਮੇ ਦੀ ਪ੍ਰਮੁੱਖ ਲੋੜ ਹੈ।ਉਹਨਾਂ ਕਿਹਾ ਕਿ ਅਕਾਲ ਤਖਤ ਸਾਹਿਬ ਅਤੇ ਸ਼੍ਰੋਮਣੀ ਕਮੇਟੀ ਨੂੰ ਉਦਮ ਕਰਕੇ ਫਿਲ਼ਮ ਨੂੰ ਹਰ ਹੀਲੇ ਰੋਕਵਾਉਣਾ ਚਾਹੀਦਾ ਹੈ।
ਮਾਰਚ ਵਿੱਚ ਰਣਧੀਰ ਸਿੰਘ, ਹਰਜੋਤ ਸਿੰਘ, ਅਮਰਿੰਦਰ ਸਿੰਘ, ਕਵਲਦੀਪ ਸਿੰਘ, ਮਲਕੀਅਤ ਸਿੰਘ, ਸੰਦੀਪ ਸਿੰਘ, ਗੁਰਿੰਦਰਜੀਤ ਸਿੰਘ, ਅਮਨਦੀਪ ਸਿੰਘ, ਜਗਦੀਪ ਸਿੰਘ ਨੇ ਹਿੱਸਾ ਲਿਆ।