
ਮੋਹਾਲੀ (17 ਸਤੰਬਰ, 2014): ਗੁਰਮਤਿ ਦਾ ਨਿਡਰਤਾ ਨਾਲ ਪ੍ਰਚਾਰ ਕਰਨ ਵੱਲੇ ਕਥਾ ਵਾਚਕ ਨ ਸ਼੍ਰੋਮਣੀ ਕਮੇਟੀ ਦੇ ਇੱਕ ਮੈਨੇਜ਼ਰ ਅਤੇ ਮੁਲਾਜ਼ਮਾਂ ਵੱਲੋਂ ਅਗਵਾ ਕਰਕੇ ਧਮਕਾੳੇੁਣ ਦਾ ਮਾਮਲਾ ਸਾਹਮਣੇ ਆਇਆ ਹੈ।
ਮੀਡੀਆ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਮੋਹਾਲੀ ਦੇ ਗੁਰਦੁਆਰਾ ਅੰਬ ਸਾਹਿਬ ਫੇਜ਼-8 ਦੇ ਕਥਾਵਾਚਕ ਰਜਿੰਦਰ ਸਿੰਘ ਨੂੰ ਰਾਤੀਂ ਗੁਰਦੁਆਰਾ ਨੌਵੀਂ ਪਾਤਸ਼ਾਹੀ ਫੇਜ਼-9 ’ਚੋਂ ਕਥਾ ਕਰਨ ਮਗਰੋਂ ਸ਼੍ਰੋਮਣੀ ਕਮੇਟੀ ਦੇ ਸਟਾਫ਼ ਵਾਲੇ ਜ਼ਬਰਦਸਤੀ ਚੁੱਕ ਕੇ ਕਿਸੇ ਅਣਦੱਸੀ ਥਾਂ ’ਤੇ ਲੈ ਗਏ।
ਬੁੱਧਵਾਰ ਦੇਰ ਸ਼ਾਮ ਤੱਕ ਜਦੋਂ ਰਜਿੰਦਰ ਸਿੰਘ ਗੁਰਦੁਆਰਾ ਅੰਬ ਸਾਹਿਬ ਵਿਖੇ ਕਥਾ ਕਰਨ ਨਹੀਂ ਪਹੁੰਚੇ ਤਾਂ ਸੰਗਤ ਨੇ ਹੰਗਾਮਾ ਕੀਤਾ। ਸੂਚਨਾ ਮਿਲਦੇ ਹੀ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਮੁਖੀ ਅਤੇ ਮੁਹਾਲੀ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੈਂਬਰ ਪਰਮਜੀਤ ਕੌਰ ਲਾਂਡਰਾਂ ਵੀ ਗੁਰਦੁਆਰਾ ਸਾਹਿਬ ਪਹੁੰਚ ਗਏ ਅਤੇ ਦੋਵਾਂ ਧਿਰਾਂ ਦਾ ਪੱਖ ਸੁਣਿਆ।
ਇਸ ਦੌਰਾਨ ਜਦੋਂ ਬੀਬੀ ਲਾਂਡਰਾਂ ਅਤੇ ਸੰਗਤ ਨੇ ਗੁਰਦੁਆਰਾ ਸਾਹਿਬ ਦੇ ਮੈਨੇਜਰ ਨਾਲ ਗੱਲ ਕਰਨੀ ਚਾਹੀ ਤਾਂ ਉਸ ਨੇ ਦੱਸਿਆ ਕਿ ਉਹ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਕੋਲ ਜਾ ਰਹੇ ਹਨ। ਜਦੋਂ ਬੀਬੀ ਲਾਂਡਰਾਂ ਨੇ ਮੈਨੇਜਰ ਨੂੰ ਘੁਰਕੀ ਦਿੱਤੀ ਤਾਂ ਉਨ੍ਹਾਂ ਵਾਪਸ ਆਉਣ ਦਾ ਭਰੋਸਾ ਦਿੱਤਾ ਲੇਕਿਨ ਜਦੋਂ ਕਾਫ਼ੀ ਦੇਰ ਤੱਕ ਮੈਨੇਜਰ ਨਹੀਂ ਆਇਆ ਤਾਂ ਉਸ ਨਾਲ ਦੁਬਾਰਾ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿਉਂਕਿ ਬਾਅਦ ਵਿੱਚ ਉਸ ਨੇ ਆਪਣਾ ਮੋਬਾਈਲ ਫੋਨ ਬੰਦ ਕਰ ਲਿਆ,ਜਿਸ ਕਾਰਨ ਸੰਗਤ ਭੜਕ ਗਈ।
ਬੀਬੀ ਲਾਂਡਰਾਂ ਅਨੁਸਾਰ ਸੰਗਤ ਨੇ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਕਿ ਕਥਾਵਾਚਕ ਗੁਰਦੁਆਰਾ ਸਾਹਿਬ ਅੰਦਰ ਸਿੱਖ ਰਹਿਤ ਮਰਿਆਦਾ ਨੂੰ ਪੂਰਨ ਰੂਪ ਵਿੱਚ ਲਾਗੂ ਕਰਨ ਅਤੇ ਮਰਿਆਦਾ ਦੀ ਉਲੰਘਣਾ ਵਿਰੁੱਧ ਹਮੇਸ਼ਾ ਅਵਾਜ਼ ਚੁੱਕਦਾ ਸੀ ਅਤੇ ਕਥਾ ਕਰਦੇ ਸਮੇਂ ਵੀ ਅਸਿੱਧੇ ਤੌਰ ’ਤੇ ਗੁਰ ਮਰਿਯਾਦਾ ਦੀ ਉਲੰਘਣਾ ਕਰਨ ਵਾਲਿਆਂ ’ਤੇ ਚੋਟ ਕਰਦਾ ਸੀ। ਇਸ ਕਾਰਨ ਉਹ ਮੈਨੇਜ਼ਰ ਅਤੇ ਉਸਦੇ ਸਾਥੀਆਂ ਦੀਆਂ ਅੱਖਾਂ ਵਿੱਚ ਰੜਕਣ ਲੱਗ ਪਿਆ।
ਉਨ੍ਹਾਂ ਦੱਸਿਆ ਕਿ ਕਥਾਵਾਚਕ ਰਜਿੰਦਰ ਸਿੰਘ ਦੀ ਕਥਾ ਤੋਂ ਪ੍ਰਭਾਵਿਤ ਹੋ ਕੇ ਫੇਜ਼-9 ਦੀ ਸੰਗਤ ਨੇ ਉਨ੍ਹਾਂ ਨੂੰ ਬੀਤੀ ਰਾਤ ਗੁਰਦੁਆਰਾ ਨੌਵੀਂ ਪਾਤਸ਼ਾਹੀ ਫੇਜ਼-9 ਵਿੱਚ ਕਥਾ ਕਰਨ ਲਈ ਸੱਦਿਆ ਸੀ। ਰਾਤੀਂ ਜਦੋਂ ਕਥਾ ਸਮਾਪਤੀ ਮਗਰੋਂ ਰਜਿੰਦਰ ਸਿੰਘ ਗੁਰਦੁਆਰੇ ਤੋਂ ਬਾਹਰ ਆ ਰਹੇ ਸੀ ਤਾਂ ਏਨੇ ਵਿੱਚ ਗੁਰਦੁਆਰਾ ਅੰਬ ਸਾਹਿਬ ਦੇ ਮੈਨੇਜਰ ਤੇ ਕੁੱਝ ਹੋਰ ਲੋਕ ਉਥੇ ਪਹੁੰਚੇ ਅਤੇ ਕਥਾਵਾਚਕ ਨੂੰ ਜ਼ਬਰਦਸਤੀ ਆਪਣੇ ਨਾਲ ਲੈ ਗਏ ਅਤੇ ਰਾਤੀਂ 10 ਵਜੇ ਤੱਕ ਵਾਹਨ ਬਦਲ ਬਦਲ ਕੇ ਉਸ ਨੂੰ ਇੱਧਰ ਉਧਰ ਘੁੰਮਾਉਂਦੇ ਰਹੇ। ਸ਼੍ਰੋਮਣੀ ਕਮੇਟੀ ਦੇ ਸਟਾਫ਼ ਨੇ ਦੇਰ ਰਾਤ ਕਥਾਵਾਚਕ ਤੋਂ ਲਿਖਤੀ ਮੁਆਫ਼ੀਨਾਮਾ ਲੈ ਕੇ ਉਸ ਨੂੰ ਸੜਕ ’ਤੇ ਛੱਡ ਦਿੱਤਾ।
ਮੈਨੇਜਰ ਦੀਆਂ ਵਧੀਕੀਆਂ ਦਾ ਗੰਭੀਰ ਨੋਟਿਸ ਲੈਦਿਆਂ ਬੀਬੀ ਲਾਂਡਰਾਂ ਨੇ ਜਥੇਦਾਰ ਮੱਕੜ ਅਤੇ ਹੋਰਨਾਂ ਆਗੂਆਂ ਨਾਲ ਫੋਨ ’ਤੇ ਗੱਲ ਕਰਕੇ ਸਾਰੀ ਘਟਨਾ ਤੋਂ ਜਾਣੂ ਕਰਵਾਇਆ ਅਤੇ ਮੈਨੇਜਰ ਖ਼ਿਲਾਫ਼ ਬਣਦੀ ਕਾਰਵਾਈ ਦੀ ਮੰਗ ਕੀਤੀ। ਬੀਬੀ ਲਾਂਡਰਾਂ ਨੇ ਸ਼੍ਰੋਮਣੀ ਕਮੇਟੀ ਦੀ ਮੈਂਬਰੀ ਤੋਂ ਅਸਤੀਫ਼ਾ ਦੇਣ ਦੀ ਚਿਤਾਵਨੀ ਵੀ ਦਿੱਤੀ। ਇਸ ਮਗਰੋਂ ਦੇਰ ਰਾਤੀਂ ਜਥੇਦਾਰ ਮੱਕੜ ਨੇ ਗੁਰਦੁਆਰਾ ਅੰਬ ਸਾਹਿਬ ਦੇ ਮੈਨੇਜਰ ਵਿਰੁੱਧ ਬਣਦੀ ਕਾਰਵਾਈ ਦਾ ਭਰੋਸਾ ਦੇ ਕੇ ਬੀਬੀ ਲਾਂਡਰਾਂ ਨੂੰ ਸ਼ਾਂਤ ਕੀਤਾ ਜਿਸ ਤੋਂ ਬਾਅਦ ਸੰਗਤ ਵੀ ਆਪਣੇ ਘਰਾਂ ਨੂੰ ਚਲੀ ਗਈ। ਜਥੇਦਾਰ ਮੱਕੜ ਨੇ ਭਲਕੇ ਵੀਰਵਾਰ ਨੂੰ ਮਾਮਲੇ ਦਾ ਹੱਲ ਕਰਨ ਦਾ ਭਰੋਸਾ ਦਿੱਤਾ ਹੈ।