
ਫਰੀਦਕੋਟ( 24 ਅਗਸਤ 2014): ਸਿੱਖ ਸਿਆਸਤ ਨੂੰ ਪ੍ਰਾਪਤ ਜਾਣਕਾਰੀ ਅਨੁਸਾਰ ਫਰੀਦਕੋਟ ਪੁਲਸ ਵੱਲੋਂ ਗ੍ਰਿਫਤਾਰ ਬਾਬਾ ਬਲਜੀਤ ਸਿੰਘ ਦਾਦੂਵਾਲ ਨੂੰ ਉਨ੍ਹਾਂ ਦਾ ਇੱਕ ਦਿਨਾਂ ਰਿਮਾਂਡ ਖਤਮ ਹੋਣ ‘ਤੇ ਸਥਾਨਕ ਮੈਜਿਸਟਰੇਟ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੋਂ ਅਦਾਲਤ ਨੇ ਉਨਾਂ ਨੂੰ 6 ਸਤੰਬਰ ਤੱਕ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ। ਉਨ੍ਹਾਂ ਨਾਲ ਗ੍ਰਿਫਤਾਰ ਦੋ ਹੋਰ ਸਿੱਖਾਂ ਨੂੰ ਅਦਾਲਤ ਨੇ ਪਹਿਲਾਂ ਹੀ ਜੇਲ ਭੇਜ ਦਿੱਤਾ ਸੀ।
ਸਿੱਖ ਸਿਆਸਤ ਸੂਤਰਾਂ ਨੇ ਦੱਸਿਆ ਕਿ ਬਾਬਾ ਦਾਦੂਵਾਲ ਫਰੀਦਕੋਟ ਜੇਲ ਵਿੱਚ ਬੰਦ ਹੈ।
ਇਸੇ ਦੌਰਾਨ ਮਾਨਸਾ ਪੁਲਸ ਨੇ ਫਰੀਦਕੋਟ ਅਦਾਲਤ ਦੇ ਮੈਜਿਸਟਰੇਟ ਕੋਲ ਬਾਬਾ ਦਾਦੂਵਾਲ ਦਾ ਰਾਹਦਾਰੀ ਰਿਮਾਂਡ ਲੈਣ ਲਈ ਪਹੁੰਚ ਕੀਤੀ, ਪਰ ਅਦਾਲਤ ਨੇ ੳਸ ਵਕਤ ਹੀ ਬਾਬਾ ਦਾਦੂਵਾਲ ਨੂੰ ਫਰੀਦਕੋਟ ਜੇਲ ਭੇਜ ਦਿੱਤਾ।ਫਰੀਦਕੋਟ ਅਦਾਲਤ ਨੇ ਮਾਨਸਾ ਪੁਲਸ ਨੂੰ ਕਿਹਾ ਕਿ ਉਹ ਦਾਦੂਵਾਲ ਦਾ ਰਿਮਾਂਡ ਲੈਣ ਲਈ ਮਾਨਸਾ ਦੀ ਅਦਾਲਤ ਵਿੱਚ ਪਹੁੰਚ ਕਰੇ। ਮਾਨਸਾ ਪੁਲਸ ਨੇ ਹੁਣ ਦਾਦੂਵਾਲ ਦੇ ਖਿਲਾਫ 2011 ਦਾ ਇੱਕ ਪੁਰਾਣਾ ਕੇਸ ਖੋਲਿਆ ਹੈ।
ਇੱਥੇ ਇਹ ਵਰਨਣਯੋਗ ਹੈ ਕਿ ਸਿੱਖ ਪ੍ਰਚਾਰਕ ਬਾਬਾ ਦਾਦੂਵਾਲ ਨੂੰ ਹੁਣੇ ਹੀ ਨਵੀ ਬਣੀ ਹਰਿਆਣਾ ਸਿੱਖ ਗੁਰਦੁਆਰਾ ਕਮੇਟੀ ਦਾ ਮੈਂਬਰ ਨਿਯੁਕਤ ਕੀਤਾ ਗਿਆ ਹੈ।ਉਨ੍ਹਾਂ ਨੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਮਾਇਤੀ ਇੱਕ ਗਰੁੱਪ ਦੀ ਹਰਿਆਣਾ ਦੇ ਇੱਕ ਇਤਿਹਾਸਕ ਗੁਰਦੁਆਰੇ ਦਾ ਹਰਿਆਣਾ ਗੁਰਦੁਆਰਾ ਕਮੇਟੀ ਲਈ ਕਬਜ਼ਾ ਲੈਣ ਲਈ ਅਗਵਾਈ ਕੀਤੀ ਸੀ।ਇਹ ਗੁਰਦੁਆਰਾ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦੇ ਪ੍ਰਬੰਧ ਅਧੀਨ ਸੀ।ਇਹ ਦੱਸਣਾ ਵਾਜਬ ਹੋਵੇਗਾ ਕਿ ਸ਼੍ਰੋਮਣੀ ਕਮੇਟੀ ਇਸ ਸਮੇਂ ਪੰਜਾਬ ਦੀ ਸਤਾ ‘ਤੇ ਕਾਬਜ਼ ਬਾਦਲ ਦਲ ਦੇ ਕੰਟਰੌਲ ਵਿੱਚ ਹੈ।
ਬਲਜੀਤ ਸਿੰਘ ਦਾਦੂਵਾਲ ਨੂੰ ਆਪਣੇ ਦੋ ਸਾਥੀਆਂ ਸਮੇਤ 21 ਅਗਸਤ ਨੂੰ ਗੁਰਦੁਆਰਾ ਜੰਡਾਲੀ ਸਾਹਿਬ ਕੋਟਸ਼ਮੀਰ 9ਬਠਿੰਡਾ) ਤੋਂ ਗ੍ਰਿਫਤਾਰ ਕੀਤਾ ਸੀ।ਉਨ੍ਹਾਂ ਦੀ ਗੈਰ ਮੌਜੂਦਗੀ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਨੇ ਗੁਰਦੁਆਰਾ ਸਾਹਿਬ ਨੂੰ ਆਪਣੇ ਕਬਜ਼ੇ ‘ਚ ਲੈ ਲਿਆ ਸੀ, ਜੋ ਕਿ ਪਹਿਲਾਂ ਬਾਬਾ ਦਾਦੂਵਾਲ ਦੇ ਕੰਟਰੌਲ ਵਿੱਚ ਸੀ।
ਫਰੀਦਕੋਟ ਪੁਲਸ ਨੇ ਬਾਬਾ ਦਾਦੂਵਾਲ ਨੂੰ 2009 ਦੇ ਇੱਕ ਪੁਰਾਣੇ ਕੇਸ ਵਿੱਚ ਗ੍ਰਿਫਤਾਰ ਕੀਤਾ ਸੀ ਅਤੇ ਫਿਰ ਉਨ੍ਹਾਂ ਵਿਰੁੱਧ ਅਸਲਾ ਐਕਟ ਅਧੀਨ ਇੱਕ ਨਵਾਂ ਕੇਸ ਦਰਜ਼ ਕਰ ਲਿਆ ਸੀ।
ਇਸ ਖ਼ਬਰ ਨੂੰ ਅੰਗਰੇਜ਼ੀ ਵਿੱਚ ਪੜ੍ਹਨ ਲਈ ਸਾਡੀ ਅੰਗਰੇਜ਼ੀ ਦੀਆਂ ਖ਼ਬਰਾਂ ਵਾਲੀ ਵੈੱਬਸਾਈਟ ‘ਤੇ ਜਾਓੁ, ਵੇਖੋ: