ਇਸਲਾਮਾਬਾਦ (6 ਅਗਸਤ 2014): ਸਿੱਖਾਂ ਨੂੰ ਆਪਣੀ ਵੱਖਰੀ ਪਛਾਣ ਕਰਕੇ ਭਾਰਤ ਸਮੇਤ ਵਿਦੇਸ਼ਾਂ ਵਿੱਚ ਨਸਲੀ ਨਫਰਤ ਨਾਲ ਸਬੰਧਿਤ ਜ਼ੁਰਮਾਂ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਅਜੇ ਕੁਝ ਦਿਨ ਪਹਿਲਾਂ ਹੀ ਅਮਰੀਕਾ ਵਿੱਚ ਇੱਕ ਟਰੱਕ ਨਸਲੀ ਨਫਰਤ ਵਿੱਚ ਅੰਨੇ ਹੋਏ ਡਰਾਈਵਰ ਨੇ ਇੱਕ 29 ਸਾਲਾ ਸਿੱਖ ਸੰਦੀਪ ਸਿੰਘ ਨੂੰ ਗਾਲ੍ਹਾਂ ਕੱਢਦਿਆਂ ਉਸ ਉੱਪਰ ਟਰੱਕ ਚੜ੍ਹਾ ਕੇ ਜ਼ਖਮੀ ਕਰ ਦਿੱਤਾ ਸੀ।
ਹੁਣ ਪਾਕਿਸਤਾਨ ‘ਚ ਪਿਸ਼ਾਵਰ ਦੇ ਇਕ ਬਾਜ਼ਾਰ ‘ਚ ਕੁਝ ਬੰਦੂਕਧਾਰੀਆਂ ਨੇ ਸਿੱਖਾਂ ਦੇ ਇਕ ਸਮੂਹ ‘ਤੇ ਹਮਲਾ ਕਰ ਦਿੱਤਾ, ਜਿਸ ‘ਚ ਇਕ ਸਿੱਖ ਦੀ ਮੌਤ ਹੋ ਗਈ, ਜਦੋਂ ਕਿ ਦੋ ਹੋਰ ਜ਼ਖ਼ਮੀ ਹੋ ਗਏ ।
ਸਿੱਖਾਂ ਨੇ ਇਸ ਘਟਨਾ ਦੇ ਵਿਰੋਧ ‘ਚ ਪ੍ਰਦਰਸ਼ਨ ਕੀਤਾ ਤੇ ਪਿਸ਼ਾਵਰ ਵਿਚ ਜੀ.ਟੀ. ਰੋਡ ਜਾਮ ਕਰ ਦਿੱਤਾ । ਇਸ ਮੌਕੇ ਸਿੱਖਾਂ ਨੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਤੇ ਕਿਹਾ ਕਿ ਸਰਕਰ ਘੱਟ ਗਿਣਤੀ ਭਾਈਚਾਰਿਆਂ ਨੂੰ ਸੁਰੱਖਿਆ ਦੇਣ ‘ਚ ਅਸਫ਼ਲ ਰਹੀ ਹੈ ।
ਉਨ੍ਹਾਂ ਨੇ ਇਸ ਮੌਕੇ ਹਮਲੇ ‘ਚ ਸ਼ਾਮਿਲ ਦੋਸ਼ੀਆਂ ਨੂੰ ਤੁਰੰਤ ਗਿ੍ਫ਼ਤਾਰ ਕਰਨ ਦੀ ਮੰਗ ਕੀਤੀ ਙ ਅਜੀਤ ਅਖਬਾਰ ਵਿੱਚ ਛਪੀ ਖਬਰ ਅਨੁਸਾਰ ਪ੍ਰਦਰਸ਼ਨਕਾਰੀਆਂ ਨੇ ਮੁੱਖ ਮੰਤਰੀ ਦੇ ਘਰ ਪਹੁੰਚਣ ਦੀ ਕੋਸ਼ਿਸ਼ ਕੀਤੀ ਪਰ ਸੁਰੱਖਿਆ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਰਸਤੇ ‘ਚ ਰੋਕ ਲਿਆ, ਜਿਸ ਤੋਂ ਬਾਅਦ ਪ੍ਰਦਰਸ਼ਨਕਾਰੀਆਂ ਨੇ ਰਾਜਪਾਲ ਦੀ ਰਿਹਾਇਸ਼ ਵੱਲ ਰੁਖ਼ ਕੀਤਾ ।
ਡਾਨ ਆਨਲਾਈਨ ਅਨੁਸਾਰ ਜਸਮੋਤ ਸਿੰਘ, ਬਹਿਰਾਮ ਸਿੰਘ ਤੇ ਮਨਮੀਤ ਸਿੰਘ ‘ਤੇ ਹਮਲਾ ਕੀਤਾ ਗਿਆ । ਰਿਪੋਰਟ ਅਨੁਸਾਰ ਜ਼ਖ਼ਮੀਆਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ, ਜਿਥੇ ਇਕ ਸਿੱਖ ਜਗਮੋਤ ਸਿੰਘ ਦੀ ਮੌਤ ਹੋ ਗਈ।
ਪੁਲਿਸ ਨੇ ਦੱਸਿਆ ਕਿ ਪ੍ਰਦਰਸ਼ਨਕਾਰੀਆਂ ਨੇ ਮਿ੍ਤਕ ਸਿੱਖ ਦੀ ਲਾਸ਼ ਜੀ. ਟੀ. ਰੋਡ ‘ਤੇ ਰੱਖ ਕੇ ਜਾਮ ਲਗਾ ਦਿੱਤਾ ਤੇ ਮੰਗ ਕੀਤੀ ਕਿ ਸਰਕਾਰ ਉਨ੍ਹਾਂ ਨੂੰ ਸੁਰੱਖਿਆ ਮੁਹੱਈਆ ਕਰਵਾਏ ।ਇਸ ਮੌਕੇ ਇਕ ਸਿੱਖ ਨੇ ਕਿਹਾ ਕਿ ਇਹ ਸਿੱਖਾਂ ‘ਤੇ ਹੋਇਆ ਕੋਈ ਪਹਿਲਾ ਹਮਲਾ ਨਹੀਂ ਹੈ ਤੇ ਸਰਕਾਰ ਜੇਕਰ ਸਾਨੂੰ ਸੁਰੱਖਿਆ ਨਹੀਂ ਦੇ ਸਕਦੀ ਤਾਂ ਸਾਨੂੰ ਇਸ ਦਾ ਕੋਈ ਬਦਲਵਾਂ ਰਸਤਾ ਦੱਸੇ।