ਨਵੀਂ ਦਿੱਲੀ (11 ਜੁਲਾਈ2014): ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕੇਸ ਵਿੱਚ ਉਮਰ ਕੈਦ ਦਾ ਸਾਹਮਣਾ ਕਰ ਰਹੇ ਅਤੇ ਹੋਰ ਸੁਣਵਾਈ ਅਧੀਨ ਕੇਸਾਂ ਸਬੰਧੀ ਦਿੱਲ਼ੀ ਦੀ ਅਤਿ ਸੁਰੱਖਿਆ ਵਾਲੀ ਤਿਹਾੜ ਜੇਲ੍ਹ ‘ਚ ਬੰਦ ਭਾਈ ਜਗਤਾਰ ਸਿੰਘ ਹਵਾਰਾ ਦਾ ਇਲਾਜ ਕਰਵਾਉਣ ਨਾਲ ਸਬੰਧਿਤ ਮਾਮਲੇ ਦੀ ਸੁਣਵਾਈ ਕਰਦਿਆਂ ਅੱਜ ਹਾਈ ਕੋਰਟ ਨੇ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸ (ਏਮਜ਼) ਤੋਂ ਭਾਈ ਹਵਾਰਾ ਦਾ ਇਲਾਜ ਕਰਵਾਉਣ ਦੇ ਆਦੇਸ਼ ਦਿੱਤੇ ਹਨ।
ਪੰਜਾਬੀ ਅਖ਼ਬਾਰ “ਅਜੀਤ” ਵਿੱਚ ਨਸ਼ਰ ਖਬਰ ਅਨੁਸਾਰ ਮਾਮਲੇ ਦੀ ਪਿਛਲੀ ਸੁਣਵਾਈ ਦੌਰਾਨ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਕੇ. ਟੀ. ਐਸ. ਤੁਲਸੀ ਨੇ ਭਾਈ ਹਵਾਰਾ ਦੇ ਰੀੜ੍ਹ ਦੀ ਹੱਡੀ ਦੀ ਗੰਭੀਰ ਬੀਮਾਰੀ ਨਾਲ ਪੀੜਤ ਹੋਣ ਕਾਰਨ ਉਸ ਦਾ ਇਲਾਜ ਕਰਵਾਏ ਜਾਣ ਦਾ ਮਸਲਾ ਉਠਾਇਆ ਸੀ, ਜਿਸ ਤੋਂ ਬਾਅਦ ਅਦਾਲਤ ਨੇ ਜੇਲ੍ਹ ਪ੍ਰਸ਼ਾਸਨ ਨੂੰ ਨੋਟਿਸ ਜਾਰੀ ਕਰਦਿਆਂ ਭਾਈ ਹਵਾਰਾ ਦਾ ਮੈਡੀਕਲ ਰਿਕਾਰਡ 11 ਜੁਲਾਈ ਤੱਕ ਅਦਾਲਤ ਵਿਚ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਸਨ।
ਅੱਜ ਮਾਮਲੇ ਦੀ ਸੁਣਵਾਈ ਦੌਰਾਨ ਜੱਜ ਪ੍ਰਤਿਭਾ ਰਾਣੀ ਨੇ ਭਾਈ ਹਵਾਰਾ ਦਾ ਇਲਾਜ ਏਮਜ਼ ਤੋਂ ਕਰਵਾਉਣ ਦਾ ਆਦੇਸ਼ ਦਿੱਤਾ। ਮਾਮਲੇ ਦੀ ਸੁਣਵਾਈ ਦੌਰਾਨ ਅੱਜ ਅਦਾਲਤ ਪੁੱਜੇ ਅਖੰਡ ਕੀਰਤਨੀ ਜੱਥਾ ਇੰਟਰਨੈਸ਼ਨਲ ਦੇ ਮੁਖੀ ਜਥੇਦਾਰ ਬਲਦੇਵ ਸਿੰਘ ਨੇ ਉਕਤ ਮਾਮਲੇ ‘ਚ ਤਿਹਾੜ ਜੇਲ੍ਹ ਪ੍ਰਸ਼ਾਸਨ ਨੂੰ ਕਸੂਰਵਾਰ ਠਹਿਰਾਇਆ ਹੈ ਅਤੇ ਕਿਹਾ ਕਿ ਇਸ ਮਾਮਲੇ ਦੀ ਵੀ ਜਾਂਚ ਹੋਣੀ ਚਾਹੀਦੀ ਹੈ ਕਿ ਗੰਭੀਰ ਬੀਮਾਰ ਹੋਣ ਦੇ ਬਾਵਜੂਦ ਇਲਾਜ ਕਰਵਾਉਣ ਦੀ ਬਜਾਏ ਜੇਲ੍ਹ ਪ੍ਰਸ਼ਾਸਨ ਵੱਲੋਂ ਭਾਈ ਹਵਾਰਾ ਨੂੰ ਦਰਦ ਨਿਵਾਰਕ ਗੋਲੀਆਂ ਹੀ ਕਿਉਂ ਦਿੱਤੀਆਂ ਜਾਂਦੀਆਂ ਰਹੀਆਂ। ਅੱਜ ਸੁਣਵਾਈ ਦੌਰਾਨ ਅਦਾਲਤ ‘ਚ ਪਰਮਜੀਤ ਸਿੰਘ ਚੰਡੋਕ, ਰਤਿੰਦਰ ਸਿੰਘ ਇੰਦੌਰ, ਹਰਮਿੰਦਰ ਸਿੰਘ ਤੇ ਇਕਬਾਲ ਸਿੰਘ ਵੀ ਹਾਜ਼ਰ ਸਨ।
ਜ਼ਿਕਰਯੋਗ ਹੈ ਕਿ ਭਾਈ ਹਵਾਰਾ ਫਿਛਲੇ ਕਾਫੀ ਸਮੇਂ ਤੋਂ ਰੀੜ ਅਤੇ ਲੱਤ ਦੇ ਦਰਦ ਤੋਂ ਪੀੜਤ ਸਨ, ਜਿਸ ਕਰਕੇ ਉਨ੍ਹਾਂ ਲਈ ਚੱਲਣਾ ਫਿਰਨਾ ਵੀ ਮੁਸ਼ਕਲ ਹੋ ਗਿਆ ਸੀ ਅਤੇ ਉਹ ਪੂਰਨ ਤੌਰ ‘ਤੇ ਵੀਲ ਚੇਅਰ ‘ਤੇ ਨਿਰਭਰ ਸਨ।ਉਨ੍ਹਾਂ ਦੇ ਇਲਾਜ਼ ਲਈ ਭਾਈ ਹਵਾਰਾ ਦੇ ਪਰਿਵਾਰਕ ਮੈਬਰਾਂ ਅਤੇ ਸਿੱਖ ਜੱਥੇਬੰਦੀਆਂ ਦੇ ਨੁਮਾਇੰਦਿਆਂ ਨੇ ਜੇਲ ਪ੍ਰਸ਼ਾਸ਼ਨ ਨਾਲ ਕਈ ਮੁਲਾਕਾਤਾਂ ਕੀਤੀਆਂ ,ਪਰ ਗੱਲ ਇਲਾਜ਼ ਦੇ ਵਿਸ਼ਵਾਸ਼ ਦਿਵਾਉਣ ਤੋਂ ਅੱਗੇ ਨਾ ਵੱਧ ਸਕੀ।ਇਥੋਂ ਤੱਕ ਕਿ ਇਸ ਮਾਮਲੇ ਵਿੱਚ ਦਿੱਲੀ ਦੇ ਲੈਫ. ਘਵਰਨਰ ਨੂੰ ਸਿੱਖ ਜੱਥੇਬੰਦੀਆਂ ਵੱਲੋਂ ਪੱਤਰ ਲਿਖਕੇ ਇਲਾਜ਼ ਕਰਵਾਉਣ ਦੀ ਮੰਗ ਕੀਤੀ ਗਈ, ਪਰ ਕੋਈ ਸਿੱਟਾ ਨਾ ਨਿਕਲਿਆ।ਆਖਰ ਭਾਈ ਹਵਾਰਾ ਦੇ ਇਲਾਜ਼ ਲਈ ਦਿੱਲ਼ੀ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਣਾ ਪਿਆ, ਜਿਸ ਕਰਕੇ ਅੱਜ ਅਦਾਲਤ ਨੇ ਉਨ੍ਹਾਂ ਦਾ ਇਲਾਜ਼ ਏਮਜ਼ ਹਸਪਤਾਲ ਤੋਂ ਕਰਵਾਉਣ ਲਈ ਜੇਲ ਪ੍ਰਸ਼ਾਸ਼ਨ ਨੂੰ ਹੁਕਮ ਦਿੱਤੇ।
ਇਸ ਖ਼ਬਰ ਨੂੰ ਅੰਗਰੇਜ਼ੀ ਵਿੱਚ ਪੜ੍ਹਨ ਲਈ ਸਾਡੀ ਅੰਗਰੇਜ਼ੀ ਦੀ ਵੈੱਬਸਾਈਟ ‘ਤੇ ਜਾਓੁ, ਵੇਖੋ:
Delhi HC directs medical treatment of Bhai Jagtar Singh Hawara at AIIMS
