ਅੰਮ੍ਰਿਤਸਰ, (15 ਮਈ 2014):- ਪਿਛਲੇ ਦਿਨੀ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਵਿੱਚੋਂ ਇਲਾਜ਼ ਲਈ ਦਾਖਲ ਵਿਅਕਤੀ ਦੇ ਲਾਪਤਾ ਹੋਣ ਦੇ ਰਹੱਸ ਦਾ ਪਰਦਾਫਾਸ਼ ਹੋ ਗਿਆ ਹੈ।ਅਸਲ
ਵਿੱਚ ਉਸਨੂੰ ਕਿਸੇ ਹੋਰ ਨੇ ਨਹੀਂ ਬਲਕਿ ਲੋਕਾਂ ਦੀ ਜਾਨ ਮਾਲ ਦੀ ਸੁਰਿੱਖਿਆ ਦੀ ਜਿਮੇਵਾਰ ਪੰਜਾਬ ਪੁਲਿਸ ਨੇ ਹੀ ਹਸਪਤਾਲ’ਚੋਂ ਅਗਵਾ ਕਰਨ ਤੋਂ ਬਾਅਦ ਉਸ ਉਤੇ ਅੰਨਾ ਤਸ਼ੱਦਦ ਕਰਕੇ ਮਾਰ ਦਿੱਤਾ ਸੀ ਅਤੇ ਲਾਸ਼ ਨੂੰ ਭਾਖੜਾ ਨਹਿਰ ਵਿੱਚ ਰੋੜ ਦਿੱਤਾ ਸੀ
ਪੁਲੀਸ ਵੱਲੋਂ ਇਸ ਸਬੰਧੀ ਹੁਣ ਤਕ 7 ਪੁਲੀਸ ਕਰਮੀਆਂ, ਜਿਨ੍ਹਾਂ ਵਿੱਚ ਦੋ ਸਹਾਇਕ ਸਬ ਇੰਸਪੈਕਟਰ ਸ਼ਾਮਲ ਹਨ, ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ ਤੇ 6 ਵਿਅਕਤੀ ਅਜੇ ਫ਼ਰਾਰ ਹਨ। ਕੁਲ 13 ਨਾਮਜ਼ਦ ਵਿਅਕਤੀਆ ਵਿੱਚੋਂ 12 ਪੰਜਾਬ ਪੁਲੀਸ ਤੋਂ ਹਨ। ਇੱਕ ਕੈਦੀ ਨੂੰ ਜਿਸ ਢੰਗ ਨਾਲ ਪੁਲੀਸ ਨੇ ਮਾਰਿਆ ਅਤੇ ਉਸਦੀ ਲਾਸ਼ ਖੁਰਦ ਬੁਰਦ ਕਰਨ ਦਾ ਯਤਨ ਕੀਤਾ ਹੈ, ਉਸਨੇ ਪੰਜਾਬ ਵਿੱਚ ਅਤਿਵਾਦ ਦੇ ਦਿਨਾਂ ਦੀ ਯਾਦ ਮੁੜ ਤਾਜ਼ਾ ਕਰ ਦਿੱਤੀ ਹੈ।
ਗ੍ਰਿਫ਼ਤਾਰ ਕੀਤੇ ਗਏ ਪੁਲੀਸ ਕਰਮੀਆਂ ਦੀ ਸ਼ਨਾਖਤ ਏ.ਐਸ.ਆਈ. ਗੁਲਸ਼ਨਬੀਰ ਸਿੰਘ ਅਤੇ ਸੁਰਿੰਦਰ ਸਿੰਘ, ਹੈਡ ਕਾਂਸਟੇਬਲ ਅਮਨਦੀਪ ਸਿੰਘ, ਲਖਵਿੰਦਰ ਸਿੰਘ, ਅੰਗਰੇਜ਼ ਸਿੰਘ, ਰਣਧੀਰ ਸਿੰਘ, ਮਕਤੂਲ ਸਿੰਘ ਵਜੋਂ ਹੋਈ ਹੈ। ਫ਼ਰਾਰ ਪੁਲੀਸ ਕਰਮੀਆਂ ਵਿੱਚ ਇੰਸਪੈਕਟਰ ਨੌਰੰਗ ਸਿੰਘ, ਜੋ ਕਾਊਂਟਰ ਇੰਟੈਲੀਜੈਂਸ ਟੀਮ ਦਾ ਇੰਚਾਰਜ ਹੈ, ਏ.ਐਸ.ਆਈ. ਬਲਜੀਤ ਸਿੰਘ, ਹੈਡ ਕਾਂਸਟੇਬਲ ਗੁਰਪ੍ਰੀਤ ਸਿੰਘ, ਜਗਜੀਤ ਸਿੰਘ, ਲਖਵਿੰਦਰ ਸਿੰਘ ਸ਼ਾਮਲ ਹਨ, ਇੱਕ ਹੋਰ ਵਿਅਕਤੀ ਜਗਤਾਰ ਸਿੰਘ ਉਰਫ ਕਾਸ਼ੀ ਵਾਸੀ ਪਿੰਡ ਚਾਟੀਵਿੰਡ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ। ਪੁਲੀਸ ਨੇ ਮ੍ਰਿਤਕ ਬਿਕਰਮਜੀਤ ਸਿੰਘ ਵਾਸੀ ਅਲਗੋਂ ਕੋਠੀ ਨਾਲ ਸਬੰਧਤ ਇੱਕ ਬਲੈਰੋ ਗੱਡੀ ਪੀ.ਬੀ. 38 ਐਚ 9840 ਵੀ ਬਰਾਮਦ ਕੀਤੀ ਹੈ।
ਇਸ ਘਟਨਾ ਦਾ ਖੁਲਾਸਾ ਕਰਦਿਆਂ ਅੱਜ ਸ਼ਾਮ ਪੁਲੀਸ ਕਮਿਸ਼ਨਰ ਜਤਿੰਦਰ ਸਿੰਘ ਔਲਖ ਨੇ ਇੱਕ ਪ੍ਰੱੈਸ ਕਾਨਫਰੰਸ ਦੌਰਾਨ ਦੱਸਿਆ ਕਿ ਕੈਦੀ ਬਿਕਰਮਜੀਤ ਸਿੰਘ ਦੀ ਲਾਸ਼ 8 ਮਈ ਨੂੰ ਸ਼ਾਮ ਚਾਰ ਵਜੇ ਥਾਣਾ ਕੀਰਤਪੁਰ ਦੀ ਹੱਦ ਵਿੱਚ ਆਉਂਦੇ ਨੱਕੀਆਂ ਪਾਵਰ ਹਾਊਸ ਕੋਲੋਂ ਨਹਿਰ ਵਿੱਚੋਂ ਬਰਾਮਦ ਹੋਈ ਸੀ ਪਰ ਉਸਦੀ ਸ਼ਨਾਖਤ ਨਾ ਹੋਣ ਕਾਰਨ ਪੰਜ ਦਿਨਾਂ ਮਗਰੋਂ 13 ਮਈ ਨੂੰ ਕੀਰਤਪੁਰ ਪੁਲੀਸ ਵੱਲੋਂ ਸਸਕਾਰ ਕਰ ਦਿੱਤਾ ਗਿਆ ਅਤੇ ਉਸਦੇ ਫੁੱਲ 14 ਮਈ ਨੂੰ ਕੀਰਤਪੁਰ ਹੀ ਜਲ ਪ੍ਰਵਾਹ ਕਰ ਦਿੱਤੇ ਗਏ।
ਕੀਰਤਪੁਰ ਪੁਲੀਸ ਵੱਲੋਂ ਪੇਸ਼ ਕੀਤੀ ਗਈ ਫੋਟੋ ਜਦੋਂ ਮ੍ਰਿਤਕ ਦੇ ਘਰ ਵਾਲਿਆਂ ਨੂੰ ਦਿਖਾਈ ਗਈ ਤਾਂ ਉਨ੍ਹਾਂ ਨੇ ਬਿਕਰਮਜੀਤ ਸਿੰਘ ਵਜੋਂ ਉਸਦੀ ਪਛਾਣ ਕੀਤੀ, ਜਿਸ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਗਈ ਹੈ। ਸਮੁੱਚਾ ਘਟਨਾ´ਮ ਬਿਆਨ ਕਰਦਿਆਂ ਉਨ੍ਹਾਂ ਦੱਸਿਆ ਕਿ ਬਿਕਰਮਜੀਤ ਸਿੰਘ ਉਮਰ ਕੈਦੀ ਸੀ ਅਤੇ ਉਸਨੂੰ ਇਲਾਜ ਲਈ ਗੁਰੂ ਨਾਨਕ ਦੇਵ ਹਸਪਤਾਲ ਦਾਖ਼ਲ ਕਰਾਇਆ ਗਿਆ ਸੀ, ਜਿਥੇ ਉਸ ’ਤੇ ਨਿਗਰਾਨੀ ਲਈ ਅੰਮ੍ਰਿਤਸਰ ਦਿਹਾਤੀ ਪੁਲੀਸ ਦਾ ਕਰਮਚਾਰੀ ਅਮਨਦੀਪ ਸਿੰਘ ਅਤੇ ਲਖਵਿੰਦਰ ਸਿੰਘ ਤੈਨਾਤ ਸਨ। ਦੋਵਾਂ ਪੁਲੀਸ ਕਰਮੀਆਂ ਦੀ ਉਸ ਨਾਲ ਦੋਸਤੀ ਹੋ ਗਈ ਸੀ, ਜਿਸ ਸਦਕਾ ਬਿਕਰਮਜੀਤ ਸਿੰਘ ਬਾਹਰ ਵੀ ਚਲਾ ਜਾਂਦਾ ਸੀ ਅਤੇ ਕਈ ਵਾਰ ਘਰ ਵੀ ਚਲਾ ਗਿਆ ਸੀ।
ਉਨ੍ਹਾਂ ਦੱਸਿਆ ਕਿ ਉਹ ਨਸ਼ਾ ਕਰਨ ਦਾ ਆਦੀ ਸੀ। ਇਸ ਦੌਰਾਨ ਪੁਲੀਸ ਕਰਮਚਾਰੀ ਅਮਨਦੀਪ ਵੀ ਨਸ਼ਾ ਕਰਨ ਲੱਗ ਪਿਆ ਸੀ ਅਤੇ ਇਸ ਕਾਰਨ ਦੋਵਾਂ ਦੀ ਮਿੱਤਰਤਾ ਹੋਰ ਪੱਕੀ ਹੋ ਗਈ। ਉਨ੍ਹਾਂ ਦਸਿਆ ਕਿ ਏ.ਐਸ.ਆਈ. ਗੁਲਸ਼ਨਬੀਰ ਅਤੇ ਸਿਪਾਹੀ ਅਮਨਦੀਪ ਦੀ ਆਪਸ ਵਿਚ ਪੁਰਾਣੀ ਮਿੱਤਰਤਾ ਸੀ, ਜਿਨ੍ਹਾਂ ਨੇ ਹੈਰੋਇਨ ਬਰਾਮਦ ਕਰਨ ਦੀ ਇੱਕ ਯੋਜਨਾ ਤਹਿਤ ਪੰਜ ਮਈ ਨੂੰ ਸ਼ਾਮ ਛੇ ਵਜੇ ਬਿਕਰਮਜੀਤ ਸਿੰਘ ਨੂੰ ਮਾਲ ਮੰਡੀ ਨੇੜੇ ਸੱਦਿਆ ਅਤੇ ਉਸਨੂੰ ਇੱਕ ਲੱਖ 22 ਹਜ਼ਾਰ ਰੁਪਏ ਦੇ ਕੇ ਹੈਰੋਇਨ ਲਿਆਉਣ ਵਾਸਤੇ ਆਖਿਆ।
ਉਨ੍ਹਾਂ ਦੱਸਿਆ ਕਿ ਕਰੀਬ ਇੱਕ ਘੰਟੇ ਮਗਰੋਂ ਹੀ ਬਿਕਰਮਜੀਤ ਸਿੰਘ ਆਪਣੀ ਚਿੱਟੇ ਰੰਗ ਦੀ ਬਲੈਰੋ ਵਿੱਚ ਉਥੇ ਪੁੱਜ ਗਿਆ। ਉਸ ਵੇਲੇ ਕਾਊਂਟਰ ਇੰਟੈਲੀਜੈਂਸ ਪੁਲੀਸ ਦੇ ਏ.ਐਸ.ਆਈ. ਗੁਲਸ਼ਨਬੀਰ ਸਿੰਘ, ਬਲਜੀਤ ਸਿੰਘ, ਸਵਿੰਦਰ ਸਿੰਘ ਤੋਂ ਇਲਾਵਾ ਹੈਡ ਕਾਂਸਟੇਬਲ ਜਗਜੀਤ ਸਿੰਘ, ਗੁਰਪ੍ਰੀਤ ਸਿੰਘ, ਜਗਤਾਰ ਸਿੰਘ ਕਾਸ਼ੀ ਵੀ ਮੌਜੂਦ ਸਨ, ਜਿਨਾਂ੍ਹ ਨੇ ਸਿਪਾਹੀ ਅਮਨਦੀਪ ਸਿੰਘ ਅਤੇ ਲਖਵਿੰਦਰ ਸਿੰਘ ਦੇ ਇਸ਼ਾਰੇ ’ਤੇ ਬਿਕਰਮਜੀਤ ਸਿੰਘ ਨੂੰ ਉਥੋਂ ਚੁੱਕ ਲਿਆ ਅਤੇ ਬਟਾਲੇ ਲੈ ਗਏ। ਇਹ ਸਾਰੀ ਪੁਲੀਸ ਟੀਮ ਵੀ ਦੋ ਵੱਖ ਵੱਖ ਗੱਡੀਆਂ ਵਿੱਚ ਸਵਾਰ ਸੀ।
ਉਨ੍ਹਾਂ ਦੱਸਿਆ ਕਿ ਬਟਾਲਾ ਜਿਸ ਥਾਂ ’ਤੇ ਉਸਨੂੰ ਲੈ ਜਾਇਆ ਗਿਆ, ਉਥੇ ਇੰਸਪੈਕਟਰ ਨਾਰੰਗ ਸਿੰਘ ਤੇ ਉਸਦੇ ਕੁਝ ਹੋਰ ਸਾਥੀ ਪਹਿਲਾਂ ਹੀ ਮੌਜੂਦ ਸਨ, ਜਿਨ੍ਹਾਂ ਨੇ ਬਿਕਰਮਜੀਤ ਸਿੰਘ ਤੋਂ ਪੁੱਛਗਿੱਛ ਕਰਨ ਲਈ ਉਸਦੀ ਮਾਰ ਕੁੱਟ ਕੀਤੀ। ਇਸ ਕਾਰਵਾਈ ਦੌਰਾਨ ਰਾਤ ਸਮੇਂ ਉਸਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਪੁਲੀਸ ਕਰਮਚਾਰੀਆਂ ਨੇ ਉਸਦੀ ਲਾਸ਼ ਨੂੰ ਰਾਤੋ ਰਾਤ ਭਾਖੜਾ ਨਹਿਰ ਵਿੱਚ ਸੁੱਟ ਦਿੱਤਾ ਜਦੋਂਕਿ ਉਸਦੀ ਬਲੈਰੋ ਗੱਡੀ ਥਾਣਾ ਸੇਖਵਾਂ ਨੇੜੇ ਨਹਿਰ ਥਿੰਦ ਦੇ ਪੁਲ ਕੋਲ ਛੱਡ ਦਿੱਤੀ।
ਉਨ੍ਹਾਂ ਦੱਸਿਆ ਕਿ ਇਸ ਸਮੁੱਚੀ ਕਾਰਵਾਈ ਦੌਰਾਨ ਬਿਕਰਮਜੀਤ ਸਿੰਘ ਨੂੰ ਗ੍ਰਿਫ਼ਤਾਰ ਕਰਨ ਅਤੇ ਉਸ ਕੋਲੋਂ ਹੈਰੋਇਨ ਬਰਾਮਦ ਕਰਨ ਬਾਰੇ ਕੋਈ ਕਾਰਵਾਈ ਨਹੀਂ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਮੁੜ ਅੱਠ ਮਈ ਨੂੰ ਕੀਰਤਪੁਰ ਇਲਾਕੇ ਵਿਚੋਂ ਹੀ ਉਸਦੀ ਲਾਸ਼ ਬਰਾਮਦ ਹੋਈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿੱਚ ਪੁਲੀਸ ਕਰਮਚਾਰੀ ਅਮਨਦੀਪ ਸਿੰਘ ਅਤੇ ਲਖਵਿੰਦਰ ਸਿੰਘ ਨੂੰ ਤਾਂ ਪਹਿਲਾਂ ਅੱਠ ਮਈ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਜਦੋਂਕਿ 9 ਮਈ ਨੂੰ ਤਿੰਨ ਹੋਰ ਪੁਲੀਸ ਕਰਮਚਾਰੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ। 15 ਮਈ ਨੂੰ ਏ.ਐਸ.ਆਈ. ਗੁਲਸ਼ਨਬੀਰ ਸਿੰਘ, ਜਿਸ ਨੇ ਅਦਾਲਤ ਵਿੱਚ ਆਤਮ ਸਮਰਪਣ ਕਰ ਦਿੱਤਾ ਸੀ, ਤੇ ਏ.ਐਸ.ਆਈ. ਸਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਇਨ੍ਹਾਂ ਕੋਲੋਂ ਸਖ਼ਤੀ ਨਾਲ ਕੀਤੀ ਗਈ ਪੁੱਛਗਿੱਛ ਮਗਰੋਂ ਹੀ ਇਸ ਅਗਵਾ ਕਾਂਡ ਦਾ ਖੁਲਾਸਾ ਹੋਇਆ ਹੈ।
ਉਨ੍ਹਾਂ ਦਸਿਆ ਕਿ ਬਾਕੀ ਮੁਲਜ਼ਮਾਂ ਦੀ ਭਾਲ ਲਈ ਪੁਲੀਸ ਵੱਲੋਂ ਛਾਪੇ ਮਾਰੇ ਜਾ ਰਹੇ ਹਨ। ਇਸ ਸਬੰਧੀ ਪੁਲੀਸ ਵਲੋਂ ਇੱਕ ਵਿਸ਼ੇਸ਼ ਜਾਂਚ ਟੀਮ ਦਾ ਵੀ ਗਠਨ ਕੀਤਾ ਗਿਆ ਸੀ। ਉਨ੍ਹਾਂ ਆਖਿਆ ਕਿ ਜ਼ਿੰਮੇਵਾਰ ਪੁਲੀਸ ਅਧਿਕਾਰੀਆਂ ਤੇ ਕਰਮਚਾਰੀਆਂ ਵੱਲੋਂ ਕੀਤੀ ਗਈ ਇਹ ਕਾਰਵਾਈ ਗੈਰ ਕਾਨੂੰਨੀ ਅਤੇ ਗੈਰ ਇਨਸਾਨੀਅਤ ਵਾਲੀ ਹੈ, ਜਿਸ ਲਈ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਵਾਸਤੇ ਹਰ ਸੰਭਵ ਯਤਨ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇੰਸਪੈਕਟਰ ਨੌਰੰਗ ਸਿੰਘ ਪਹਿਲਾਂ ਵੀ ਸਰਹੱਦੀ ਜ਼ਿਲ੍ਹਿਆਂ ਵਿੱਚ ਤੈਨਾਤ ਰਿਹਾ ਹੈ ਅਤੇ ਬਾਕੀ ਪੁਲੀਸ ਕਰਮਚਾਰੀ ਵੀ ਉਸ ਨਾਲ ਕੰਮ ਕਰ ਚੁੱਕੇ ਹਨ। ਇਸੇ ਲਈ ਉਸਨੇ ਆਪਣੀ ਇਕ ਵੱਖਰੀ ਟੀਮ ਵੀ ਬਣਾਈ ਹੋਈ ਸੀ, ਜਿਸ ਰਾਹੀਂ ਉਹ ਅਜਿਹੇ ਕੰਮ ਕਰਦਾ ਸੀ। ਪੁਲੀਸ ਨੇ ਇਸ ਸਬੰਧੀ ਥਾਣਾ ਸਿਵਲ ਲਾਈਨ ਵਿੱਚ ਧਾਰਾ 302, 201 ਆਈ.ਪੀ.ਸੀ. ਅਤੇ 222, 223,224, 364, 342, 120 ਬੀ ਆਈ.ਪੀ.ਸੀ. ਹੇਠ ਮਾਮਲਾ ਦਰਜ ਕੀਤਾ ਹੈ।
ਦੱਸਣਯੋਗ ਹੈ ਕਿ ਬਿਕਰਮਜੀਤ ਸਿੰਘ ਅਲਗੋਂ ਕੋਠੀ ਨੂੰ 2002 ਵਿੱਚ ਗੁਰਦਿਆਲ ਸਿੰਘ ਅਲਗੋਂ ਕੋਠੀ ਨੂੰ ਗੋਲੀਆਂ ਮਾਰ ਕੇ ਹਲਾਕ ਕਰਨ ਦੇ ਦੋਸ਼ ਹੇਠ ਉਮਰ ਕੈਦ ਦੀ ਸਜ਼ਾ ਹੋਈ ਸੀ। ਉਸ ਦੇ ਨਾਲ ਤਿੰਨ ਹੋਰ ਵਿਅਕਤੀਆਂ ਨੂੰ ਵੀ ਸਜ਼ਾ ਹੋਈ ਸੀ। ਬਿਕਰਮਜੀਤ ਸਿੰਘ ਦੀ ਸਜ਼ਾ ਦੀ ਮਿਆਦ ਪੂਰੀ ਹੋਣ ਵਾਲੀ ਸੀ ਅਤੇ ਉਸ ਤੋਂ ਪਹਿਲਾਂ ਹੀ ਉਸ ਨਾਲ ਇਹ ਘਟਨਾ ਵਾਪਰ ਗਈ।
ਪਰਿਵਾਰ ਨੇ ਮੰਗੀ ਸੀਬੀਆਈ ਜਾਂਚ
ਅੰਮ੍ਰਿਤਸਰ: ਬਿਕਰਮਜੀਤ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਮੰਗ ਕੀਤੀ ਹੈ ਕਿ ਇਸ ਕੇਸ ਦੀ ਜਾਂਚ ਸੀ.ਬੀ.ਆਈ. ਤੋਂ ਕਰਵਾਈ ਜਾਵੇ ਕਿਉਂਕਿ ਪੁਲੀਸ ਵੱਲੋਂ ਕੀਤੀ ਗਈ ਜਾਂਚ ਤੋਂ ਉਹ ਸੰਤੁਸ਼ਟ ਨਹੀਂ ਹਨ। ਮ੍ਰਿਤਕ ਦੇ ਵੱਡੇ ਭਰਾ ਜਸਬੀਰ ਸਿੰਘ ਜੱਸ ਨੇ ਆਖਿਆ ਕਿ ਇਸ ਮਾਮਲੇ ਵਿੱਚ ਪੁਲੀਸ ਵੱਲੋਂ ਹੀ ਉਸਦੇ ਭਰਾ ਨੂੰ ਅਗਵਾ ਕੀਤਾ ਗਿਆ ਹੈ, ਪੁਲੀਸ ਵੱਲੋਂ ਹੀ ਉਸਨੂੰ ਮਾਰਿਆ ਗਿਆ ਤੇ ਲਾਸ਼ ਨੂੰ ਖੁਰਦ ਬੁਰਦ ਕਰਨ ਦਾ ਯਤਨ ਕੀਤਾ ਗਿਆ ਹੈ ਅਤੇ ਹੁਣ ਪੁਲੀਸ ਵੱਲੋਂ ਹੀ ਇਹ ਸਾਰੀ ਕਹਾਣੀ ਸੁਣਾਈ ਜਾ ਰਹੀ ਹੈ। ਇਸ ਲਈ ਪੁਲੀਸ ’ਤੇ ਵਿਸ਼ਵਾਸ ਨਹੀਂ ਰਿਹਾ, ਜਿਸ ਦੀ ਨਿਗਰਾਨੀ ਹੇਠ ਉਸਦਾ ਭਰਾ ਹਸਪਤਾਲ ਵਿੱਚ ਜ਼ੇਰੇ ਇਲਾਜ ਸੀ। ਉਨ੍ਹਾਂ ਆਖਿਆ ਕਿ ਇਸ ਸਮੁੱਚੇ ਘਟਨਾ´ਮ ਵਿੱਚ ਪੰਜਾਬ ਪੁਲੀਸ ਦਾ ਸ਼ੱਕੀ ਕਿਰਦਾਰ ਸਾਹਮਣੇ ਆਇਆ ਹੈ, ਜਿਸ ਕਾਰਨ ਹੁਣ ਪੰਜਾਬ ਪੁਲੀਸ ’ਤੇ ਭਰੋਸਾ ਨਹੀਂ ਕੀਤਾ ਜਾ ਸਕਦਾ।