Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਦਿੱਲੀ ਦਰਬਾਰ ਦੀਆਂ ਏਜੰਸੀਆਂ ਵੱਲੋਂ ਪਿਗਾਸਸ ਰਾਹੀਂ ਜਸੂਸੀ ਕਰਨ ਦਾ ਮਸਲਾ

ਦਿੱਲੀ ਦਰਬਾਰ ਦੀਆਂ ਏਜੰਸੀਆਂ ਵੱਲੋਂ ਪਿਗਾਸਸ ਰਾਹੀਂ ਜਸੂਸੀ ਕਰਨ ਦਾ ਮਸਲਾ

ਬੀਤੇ ਦਿਨ ਇੰਡੀਆ ਵਿੱਚ ‘ਦ ਵਾਇਰ’ ਨੇ ਇਹ ਖੁਲਾਸਾ ਜਨਤਕ ਕੀਤਾ ਹੈ ਕਿ ਕਿਵੇਂ ਦਿੱਲੀ ਦਰਬਾਰ ਦੀਆਂ ਏਜੰਸੀਆਂ ਇਜ਼ਰਾਈਲ ਦੀ ਕੰਪਨੀ ਐਨ.ਐਸ.ਓ. ਵੱਲੋਂ ਬਣਾਏ ਬਿਜਾਲੀ ਜਸੂਸੀ ਤੰਤਰ ‘ਪਿਗਾਸਸ’ ਦੀ ਵਰਤੋਂ ਕਰਕੇ ਇੰਡੀਆ ਵਿੱਚ ਲੋਕਾਂ ਦੇ ਫੋਨਾਂ ਦੀ ਜਸੂਸੀ ਕਰ ਰਹੀਆਂ ਹਨ। ਇਹ ਪੜਤਾਲ ਫਰਾਸ ਦੀ ਮੁਨਾਫਾ-ਰਹਿਤ ਖਬਰ ਸੰਸਥਾ ‘ਫਾਰਬਿਡਨ ਸਟੋਰੀਜ਼’, ਅਮਨੈਸਟੀ ਇੰਟਰਨੈਸ਼ਨਲ, ਵਾਸ਼ਿਮਗਟਨ ਪੋਸਟ, ਦ ਗਾਰਡੀਅਨ, ਦ ਵਾਇਰ ਅਤੇ ਕਈ ਹੋਰ ਕੌਮਾਂਤਰੀ ਜਥੇਬੰਦੀਆਂ ਅਤੇ ਖਬਰ ਅਦਾਰਿਆਂ ਵੱਲੋਂ ਰਲ ਕੇ ਕੀਤੀ ਗਈ ਹੈ। ਦ ਵਾਇਰ ਨੇ ਬੀਤੇ ਦਿਨ ਜਾਰੀ ਕੀਤੀਆਂ ਖਬਰਾਂ ਵਿੱਚ ਪੰਜਾਬ ਤੋਂ ਰੋਜਾਨਾ ਪਹਿਰੇਦਾਰ ਦੇ ਸੰਪਾਦਕ ਸ. ਜਸਪਾਲ ਸਿੰਘ ਹੇਰਾਂ ਦੇ ਫੋਨ ਵਿੱਚ ਵੀ ਪਿਗਾਸਸ ਜਸੂਸੀ ਤੰਤਰ ਹੋਣ ਦੀ ਪੁਸ਼ਟੀ ਹੋਈ ਹੈ।

ਸਿੱਖ ਸਿਆਸਤ ਨੂੰ ਆਪਣੇ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ “ਦ ਵਾਇਰ” ਅਤੇ “ਅਮਨੈਸਟੀ ਇੰਟਰਨੈਸ਼ਨਲ” ਨੇ ਪੰਜਾਬ ਵਿੱਚ ਹੋਰਨਾਂ ਵਿਅਕਤੀਆਂ ਨਾਲ ਵੀ ਉਹਨਾਂ ਦੇ ਫੋਨਾਂ ਵਿੱਚ ਜਸੂਸੀ ਤੰਤਰ ਮੌਜੂਦ ਹੋਣ ਦੀ ਪੁਸ਼ਟੀ ਕਰਨ ਲਈ ਸੰਪਰਕ ਕੀਤਾ ਸੀ। ਇਹਨਾ ਵਿਅਕਤੀਆਂ ਵਿੱਚ ਬੰਦੀ ਸਿੰਘਾਂ ਦੇ ਕੇਸਾਂ ਦੀ ਪੈਰਵੀ ਕਰਨ ਵਾਲੇ ਵਕੀਲ ਵੀ ਸ਼ਾਮਿਲ ਸਨ।

ਮੌਜੂਦਾ ਸਮੇਂ ਜੋ ਜਾਣਕਾਰੀ ਸਾਹਮਣੇ ਆਈ ਹੈ ਉਸ ਦਾ ਤੱਤ ਨਿਚੋੜ ਅਸੀਂ ਪੰਜਾਬੀ ਵਿੱਚ ਛੇਤੀ ਹੀ ਸੰਖੇਪ ਰੂਪ ਵਿੱਚ ਸਾਂਝਾ ਕਰਨ ਦੀ ਕੋਸ਼ਿਸ਼ ਕਰਾਂਗੇ। ਹੇਠਾਂ ਸਿੱਖ ਸਿਆਸਤ ਵੱਲੋਂ ਪਿਗਾਸਸ ਬਾਰੇ ਦੋ ਸਾਲ ਪਹਿਲਾਂ ਨਸ਼ਰ ਕੀਤੀ ਗਈ ਜਾਣਕਾਰੀ ਮੁੜ ਸਾਂਝੀ ਕਰ ਰਹੇ ਹਾਂ ਜਿਸ ਨਾਲ ਇਸ ਜਸੂਸੀ ਤੰਤਰ ਬਾਰੇ ਮੁੱਢਲੀ ਜਾਣਕਾਰੀ ਪਾਠਕਾਂ ਨੂੰ ਮਿਲ ਜਾਵੇਗੀ:-

ਸਰਕਾਰੀ ਏਜੰਸੀਆਂ ਵਲੋਂ ਵਟਸਐਪ ਰਾਹੀਂ ਜਸੂਸੀ ਕਰਨ ਦਾ ਮਾਮਲਾ ਸਾਹਮਣੇ ਆਇਆ

(ਸਿੱਖ ਸਿਆਸਤ ਬਿਊਰੋ | 15 ਮਈ 2019)

ਚੰਡੀਗੜ੍ਹ: ਬਿਜਾਲ (ਇੰਟਰਨੈਟ) ਰਾਹੀਂ ਸਨੇਹੇ ਲੈਣ-ਦੇਣ ਤੇ ਗੱਲਬਾਤ ਕਰਨ ਦੇ ਇਕ ਮਕਬੂਲ ਢੰਗ ‘ਵਟਸਐਪ’ ਬਾਰੇ ਇਕ ਅਹਿਮ ਖੁਲਾਸਾ ਖਬਰਾਂ ਵਿਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਕੌਮਾਂਤਰੀ ਖਬਰਖਾਨੇ ਦੇ ਕਈ ਹਿੱਸਿਆਂ ਚ ਨਸ਼ਰ ਹੋਈ ਖਬਰ ਮੁਤਾਬਕ ਵਟਸਐਪ ਦੇ ਮੰਤਰ (ਸਾਫਟਵੇਅਰ) ਵਿਚ ਅਜਿਹੀ ਖਾਮੀ ਸੀ ਜਿਸ ਨੂੰ ਵਰਤ ਕੇ ਕਈ ਜੇਬੀਆਂ (ਫੋਨਾਂ) ਵਿਚ ‘ਜਸੂਸੀ ਮੰਤਰ’ (ਸਪਾਈ ਵੇਅਰ) ਭਰ ਦਿੱਤੇ ਗਏ। ਮੰਨਿਆ ਜਾ ਰਿਹਾ ਹੈ ਕਿ ਇਹ ਕੰਮ ਸਰਕਾਰਾਂ ਲਈ ਜਸੂਸੀ ਦਾ ਕੰਮ ਕਰਨ ਵਾਲਿਆਂ ਵਲੋਂ ਕੀਤਾ ਗਿਆ ਹੈ।

ਵਟਸਐਪ ਦੀ ਮਾਲਕ ਫੇਸਬੁੱਕ ਨੇ ਕਿਹਾ ਹੈ ਕਿ ਇਸ ਤਰ੍ਹਾਂ ਦਾ ਹਮਲਾ ਕਰਨ ਵਾਲੇ ਬਹੁਤ ਹੀ ਮਾਹਿਰ (ਅਡਵਾਂਸਡ ਸਾਈਬਰ ਐਕਟਰ) ਹਨ ਤੇ ਉਨ੍ਹਾਂ ਨੇ ਚੋਣਵੇਂ ਲੋਕਾਂ ਨੂੰ ਨਿਸ਼ਾਨਾ ਬਣਾਇਆ ਹੈ। ਪਰ ਕੰਪਨੀ ਨੇ ਕਿਹਾ ਹੈ ਕਿ ਹਾਲੀ ਇਹ ਦੱਸਣ ਵਿਚ ਸਮਾਂ ਲੱਗੇਗਾ ਕਿ ਕਿੰਨੇ ਵਰਤੋਂਕਾਰ ਇਸ ਹਮਲੇ ਦੀ ਲਪੇਟ ਵਿਚ ਆਏ ਹਨ।

ਇਸ ਹਮਲੇ ਦਾ ਢੰਗ ਤਰੀਕਾ ਇਹ ਸੀ ਕਿ ਨਿਸ਼ਾਨਾ ਬਣਾਏ ਜਾ ਰਹੇ ਲੋਕਾਂ ਕੋਲੋਂ ਕਿਸੇ ਵੀ ਤਰੀਕੇ ਇਕ ਖਾਸ ਨੰਬਰ ਉੱਤੇ ਗੱਲ ਕਰਨ ਲਈ ਤੰਦ ਜੁੜਵਾਈ ਜਾਂਦੀ ਸੀ। ਅਜਿਹਾ ਉਹ ਕਿਸੇ ਅਣਜਾਣ ਸਨੇਹੇ ਦੇ ਜਵਾਬ ਵਿਚ ਜਾਂ ਕਿਸੇ ਖੁੰਝ ਗਈ ਗੱਲਬਾਤ (ਮਿਸ-ਕਾਲ) ਦੇ ਜਵਾਬ ਵਿਚ ਕਰ ਲੈਂਦੇ ਸਨ। ਇਸ ਤੋਂ ਬਾਅਦ ਭਾਵੇਂ ਅਗਲੇ ਬੰਨਿਓਂ ਗੱਲਬਾਤ ਦਾ ਕੋਈ ਵੀ ਜਵਾਬ ਨਾ ਦਿੱਤਾ ਜਾਵੇ ਤਾਂ ਵੀ ਇਕ ਖਾਸ ਤਰ੍ਹਾਂ ਦਾ ਜਸੂਸੀ ਮੰਤਰ ਤੰਦ ਜੋੜਨ ਵਾਲੇ ਦੀ ਜੇਬੀ ਵਿਚ ਭਰ ਦਿੱਤਾ ਜਾਂਦਾ ਸੀ। ਇਸ ਤੋਂ ਬਾਅਦ ਗਲੱਬਾਤ ਦੀ ਜਾਣਕਾਰੀ ਵੀ ਗੱਲਬਾਤ ਦੀ ਸੂਚੀ ਵਿਚੋਂ ਮਿਟ ਜਾਂਦੀ ਸੀ। ਇਕ ਵਾਰ ਜਸੂਸੀ ਮੰਤਰ ਭਰੇ ਜਾਣ ਤੋਂ ਬਾਅਦ ਉਸ ਜੇਬੀ ਰਾਹੀਂ ਨਿਸ਼ਾਨਾ ਬਣਾਏ ਜਾਣ ਵਾਲੇ ਦੀ ਜਸੂਸੀ ਕੀਤੀ ਜਾਂਦੀ ਸੀ।

ਕਿਸ ਵਲੋਂ ਤਿਆਰ ਕੀਤਾ ਗਿਆ ਸੀ ਜਸੂਸੀ ਮੰਤਰ?

ਵਟਸਐਪ ਰਾਹੀਂ ਇਸ ਤਰ੍ਹਾਂ ਲੋਕਾਂ ਦੀ ਜਸੂਸੀ ਕੀਤੇ ਜਾਣ ਬਾਰੇ ਖਬਰ ਸਭ ਤੋਂ ਪਹਿਲਾਂ ‘ਫਾਈਨਾਨਸ਼ੀਅਲ ਟਾਈਮਜ਼’ ਵਲੋਂ ਨਸ਼ਰ ਕੀਤੀ ਗਈ ਸੀ। ਇਸ ਅਖਬਾਰ ਨੇ ਜ਼ਾਹਰ ਕੀਤਾ ਹੈ ਕਿ ਵਟਸਐਪ ਵਿਚਲੀ ਰੱਖਿਆ ਖਾਮੀ ਦਾ ਪਤਾ ਲਾ ਕੇ ਇਹ ਜਸੂਸੀ ਮੰਤਰ ਇਜ਼ਰਾਈਲ ਦੇ ਐਨ.ਐਸ.ਓ. ਗਰੁੱਪ ਵਲੋਂ ਤਿਆਰ ਕਤਿਾ ਗਿਆ ਸੀ।

ਜ਼ਿਕਰਯੋਗ ਹੈ ਕਿ ਇਜ਼ਰਾਈਲ ਦੇ ਐਨ.ਐਸ.ਓ. ਗਰੁੱਪ ਨੂੰ ਬਿਜਾਲ ਦੇ ਹਥਿਆਰਾਂ ਦੇ ਵਪਾਰੀ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਅਤੇ ਉਹ ਬਿਜਾਲ ਰਾਹੀਂ ਜਸੂਸੀ ਕਰਨ ਦੇ ਤੰਤਰ ਬਣਾ ਕੇ ਸਰਕਾਰੀ ਏਜੰਸੀਆਂ ਨੂੰ ਦਿੰਦੇ ਹਨ।

ਫੇਸਬੁੱਕ ਨੇ ਹਮਲਾ ਕਰਨ ਵਾਲਿਆਂ ਬਾਰੇ ਕੀ ਕਿਹਾ?

ਫੇਸਬੁੱਕ ਨੇ ਪੱਤਰਕਾਰਾਂ ਨੂੰ ਦਿੱਤੀ ਸੰਖੇਪ ਜਾਣਕਾਰੀ ਵਿਚ ਕਿਹਾ ਹੈ ਕਿ ‘ਇਸ ਹਮਲੇ ਚ ਇਕ ਨਿੱਜੀ ਕੰਪਨੀ ਦੀ ਸ਼ਮੂਲੀਅਤ ਦੇ ਸਾਰੇ ਨਿਸ਼ਾਨ ਮਿਲੇ ਹਨ ਜਿਹੜੀ ਕਿ ਸਰਕਾਰਾਂ ਨਾਲ ਕੰਮ ਕਰਦੀ ਹੈ ਤੇ ਉਨ੍ਹਾਂ ਲਈ ਅਜਿਹੇ ਜਸੂਸੀ ਮੰਤਰ ਤਿਆਰ ਕਰਦੀ ਹੈ ਅਤੇ ਉਨ੍ਹਾਂ ਨੂੰ ਜੇਬੀਆਂ (ਫੋਨਾਂ) ਚ ਭਰ ਕੇ ਉਨ੍ਹਾਂ ਦੇ ਤੰਤਰ ਅਤੇ ਕਾਰਜਾਂ ਉੱਤੇ ਕਾਬੂ ਕਰ ਲੈਂਦੇ ਹਨ’ (ਦਾ ਅਟੈਕ ਹੈਜ਼ ਆਲ ਦਾ ਹਾਲਮਾਰਕਸ ਆਫ ਏ ਪ੍ਰਾਈਵੇਟ ਕੰਪਨੀ ਰਿਪੋਰਟਟਿਡਲੀ ਦੈਟ ਵਰਕਸ ਵਿਦ ਗਵਰਨਮੈਂਟਸ ਟੂ ਡਿਲਿਵਰ ਸਪਾਈਵੇਅਰ ਦੈਟ ਟੇਕਸ ਓਵਰ ਦਾ ਫੰਕਸ਼ਨਸ ਆਫ ਮੋਬਾਈਲ ਫੋਨਜ਼ ਅਪਰੇਟਿੰਗ ਸਿਸਟਮਜ਼)।

ਐਨ.ਐਸ.ਓ. ਦਾ ਪਿਗਾਸਸ ਕੀ ਕੁਝ ਕਰ ਸਕਦਾ ਹੈ?

ਐਨ.ਐਸ.ਓ. ਨੇ ਇਕ ਪਿਗਾਸਸ ਨਾਂ ਦਾ ਜਸੂਸੀ ਪ੍ਰਬੰਧ ਬਣਾਇਆ ਹੈ ਜਿਸ ਰਾਹੀਂ ਜਦੋਂ ਕਿਸੇ ਜੇਬੀ (ਫੋਨ) ਨੂੰ ਨਿਸ਼ਾਨਾ ਬਣਾ ਲਿਆ ਜਾਂਦਾ ਹੈ ਤਾਂ ਫਿਰ ਉਸ ਦੇ ਅੰਦਰੂਨੀ ਅੰਗਾਂ ਨੂੰ ਵਰਤ ਤੇ ਗੁਪਤ ਤਰੀਕੇ ਨਾਲ ਗਲੱਬਾਤ ਸੁਣੀ ਜਾ ਸਕਦੀ ਹੈ, ਆਵਾਜ਼ ਭਰੀ ਜਾ ਸਕਦੀ ਹੈ, ਤਸਵੀਰਾਂ ਖਿੱਚੀਆਂ ਜਾ ਸਕਦੀਆਂ ਹਨ, ਦ੍ਰਿਸ਼ ਭਰੇ ਜਾ ਸਕਦੇ ਹਨ ਅਤੇ ਥਾਂ-ਟਿਕਾਣੇ ਦਾ ਪਤਾ ਲਾਇਆ ਜਾ ਸਕਦਾ ਹੈ।

ਆਪਣੇ ਵਲੋਂ ਬਣਾਏ ਜਸੂਸੀ ਪ੍ਰਬੰਧਾਂ ਬਾਰੇ ਐਨ.ਐਸ.ਓ. ਦਾ ਕੀ ਕਹਿਣਾ ਹੈ?

ਮਾਰੂ ਹਥਿਆਰਾਂ ਵਾਙ ਖਤਰਨਾਕ ਜਸੂਸੀ ਪ੍ਰਬੰਧ ਬਣਾਉਣ ਵਾਲੀ ਇਜ਼ਰਾਈਲੀ ਕੰਪਨੀ ਐਨ.ਐਸ.ਓ. ਦਾ ਕਹਿਣਾ ਹੈ ਕਿ ਉਹ ਇਨ੍ਹਾਂ ਪ੍ਰਬੰਧਾਂ ਦੀ ਵਰਤੋਂ ਦੇ ਹੱਕ ਸਮਝੌਤੇ ਰਾਹੀਂ ਸਰਕਾਰੀ ਏਜੰਸੀਆਂ ਨੂੰ ਸੌਂਪ ਦਿੰਦੀ ਹੈ ਜਿਸ ਦਾ ਇਕੋ ਇਕ ਮਕਸਦ ਜ਼ੁਰਮ ਦਾ ਟਾਕਰਾ ਕਰਨਾ ਹੁੰਦਾ ਹੈ ਤੇ ਇਸ ਤੋਂ ਬਾਅਦ ਇਹ ਸਰਕਾਰੀ ਏਜੰਸੀਆਂ ਉੱਤੇ ਹੁੰਦਾ ਹੈ ਕਿ ਉਨ੍ਹਾਂ ਨੇ ਇਨ੍ਹਾਂ ਪ੍ਰਬੰਧਾਂ ਨੂੰ ਦੱਸੇ ਮਕਸਦ ਲਈ ਕਿਵੇਂ ਵਰਤਣਾ ਹੈ।

ਫੇਸਬੁੱਕ ਨੇ ਖਾਮੀ ਦੂਰ ਕਰਦਾ ਵਟਸਐਪ ਦਾ ਨਵਾਂ ਰੂਪ ਜਾਰੀ ਕੀਤਾ:

ਖਬਰਾਂ ਮੁਤਾਬਕ ਵਟਸਐਪ ਨੂੰ ਕੁਝ ਸਮਾਂ ਪਹਿਲਾਂ ਇਸ ਖਾਮੀ ਬਾਰੇ ਪਤਾ ਲੱਗ ਗਿਆ ਸੀ ਤੇ ਉਨ੍ਹਾਂ ਇਸ ਬਾਰੇ ਮਨੁੱਖੀ ਹੱਕਾਂ ਦੀਆਂ ਚੋਣਵੀਆਂ ਜਥੇਬੰਦੀਆਂ, ਬਿਜਾਲ ਤੇ ਸੁਰੱਖਿਆ ਦੇਣ ਵਾਲੀਆਂ ਕੰਪਨੀਆਂ ਤੇ ਅਮਰੀਕਾ ਦੇ ਨਿਆਂ ਮਹਿਕਮੇਂ ਨੂੰ ਜਾਣਕਾਰੀ ਦੇ ਦਿੱਤੀ ਸੀ।

ਲੰਘੇ ਸੋਮਵਾਰ ਫੇਸਬੁੱਕ ਨੇ ਵਟਸਐਪ ਦਾ ਇਕ ਸੁਧਰਿਆ ਹੋਇਆ ਰੂਪ ਜਾਰੀ ਕੀਤਾ ਹੈ ਅਤੇ ਵਰਤੋਂਕਾਰਾਂ ਨੂੰ ਇਹ ਆਪਣਾ-ਆਪਣਾ ਵਟਸਐਪ ਨਵਿਆਂ (ਅਪਡੇਟ ਕਰ) ਲੈਣ ਦੀ ਸਲਾਹ ਦਿੱਤੀ ਹੈ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਖਾਲਸਾ ਪੰਥ ਦੇ ਤਖਤ ਖਾਲਸਾ ਪੰਥ ਦੇ ਪਾਤਿਸ਼ਾਹੀ ਦਾਅਵੇ ਦੇ ਕੇਂਦਰ ਹਨ। ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਦੀ ਅਗਵਾਈ ਵਾਲੀ ਭਾਰਤ ਸਰਕਾਰ ਸਿੱਖ ਤਖਤਾਂ ਨੂੰ ਸਿੱਧੇ ਸਰਕਾਰੀ ਕੰਟਰੋਲ ਹੇਠ ਲਿਆਉਣ
ਗੁਰਮਤਿ ਸਮਾਗਮ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਪਾਤਸ਼ਾਹੀ ਨੌਵੀਂ ਨਵਾਂਸ਼ਹਿਰ ਵਿਖੇ ੭ ਜੂਨ ੨੦੨੬ ਨੂੰ ਪੰਥ ਸੇਵਕ ਜਥਾ ਦੋਆਬਾ ਅਤੇ ਸਮੂਹ ਇਲਾਕੇ ਦੀਆਂ ਸੰਗਤਾਂ ਵੱਲੋਂ ਕਰਵਾਇਆ ਗਿਆ।
ਪੰਜਾਬ ਸਰਕਾਰ ਹੁਣ ਇਕ ਨਵਾਂ ਕਾਨੂੰਨ ਬਣਾਉਣ ਜਾ ਰਹੀ ਹੈ ਜਿਸ ਵਿਚ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਵਾਸਤੇ ਸਖਤ ਸਜਾ ਤਜਵੀਜ਼ ਕੀਤੀ ਜਾ ਰਹੀ ਹੈ। ਇਸ ਕਾਨੂੰਨ ਦੇ ਕਾਨੂੰਨੀ ਪੱਖਾਂ ਬਾਰੇ
ਗੈਂਗਵਾਦ, ਗੈਂਗਸਟਰ ਅਤੇ ਸਰਕਾਰ ਦੀ ਹਿੰਸਾ: ਸ਼ਬਦ ਜੰਗ ਦੇ ਲੇਖਕ ਡਾ. ਸੇਵਕ ਸਿੰਘ ਨਾਲ ਖਾਸ ਮੁਲਾਕਾਤ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: