ਕੁਰੂਕਸ਼ੇਤਰ (18 ਜਨਵਰੀ, 2015): ਭਾਰਤ ਵਿੱਚ ਭਗਵਾ ਜੱਥੇਬੰਦੀਆਂ ਦੇ ਸਹਿਯੋਗ ਤੋਂ ਬਾਅਦ ਕੇਂਦਰ ਵਿੱਚ ਭਾਜਪਾ ਦੀ ਸਰਕਾਰ ਆਉਣ ਤੋਂ ਬਾਅਦ ਜਿੱਥੇ ਗੈਰ ਸਰਕਾਰੀ ਅਤੇ ਗੈਰ ਰਾਜਸੀ ਭਗਵਾ ਜੱਥੇਬੰਦੀਆਂ ਦੇ ਆਗੂ ਭਾਰਤ ਦੇ ਭਗਵਾ ਕਰਨ ਕਰਨ ਅਤੇ ਇਸਨੂੰ ਹਿੰਦੂ ਰਾਸ਼ਟਰ ਵਿੱਚ ਬਦਲਣ ਦੇ ਖੁੱਲੇਆਮ ਐਲਾਨ ਕਰ ਰਹੇ ਹਨ, ਉੱਥੇ ਲੋਕਾਂ ਦੁਆਰਾ ਚੁਣੇ ਗਏ ਅਤੇ ਸੰਵਿਧਾਨਕ ਅਹੁਦਿਆਂ ‘ਤੇ ਬਿਰਾਜਮਾਨ ਵਿਅਕਤੀ ਵੀ ਅਜਿਹੇ ਬਿਆਨ ਦੇਣ ਤੋਂ ਰਤਾ ਵੀ ਸੰਕੋਚ ਨਹੀਂ ਕਰ ਰਹੇ।

ਇਸੇ ਸਬੰਧ ਵਿੱਚ ਅੱਜ ਹਰਿਆਣਾ ਦੇ ਸਿੱਖਿਆ ਮੰਤਰੀ ਰਾਮ ਬਿਲਾਸ ਸ਼ਰਮਾ ਨੇ ਕਿਹਾ ਹੈ ਕਿ ਉਨ੍ਹਾਂ ਦੀ ਸਰਕਾਰ ਪੂਰੀ ਤਰ੍ਹਾਂ ਭਗਵਾਕਰਨ ਕਰਨਾ ਚਾਹੁੰਦੀ ਹੈ ਤੇ ਅਜਿਹਾ ਕਰਨ ਵਿੱਚ ਕੁਝ ਵੀ ਗਲਤ ਨਹੀਂ, ਇੱਥੇ ਸੀਮਦ ਭਗਵਤ ਗੀਤਾ ਸੀਨੀਅਰ ਸੈਕੰਡਰੀ ਸਕੂਲ ਵਿੱਚ ‘ਸਿਕਸ਼ਕ ਸਨਮਾਨ ਸਮਾਰੋਹ’ ਵਿੱਚ ਉਨ੍ਹਾਂ ਕਿਹਾ, ”ਭਗਵਾ ਕਿਸੇ ਹਾਲਤ ਗਲਤ ਚੀਜ਼ ਦਾ ਨਾਮ ਨਹੀਂ ਹੈ।
ਜਦੋਂ ਸੂਰਜ ਚੜ੍ਹਦਾ ਤੇ ਡੁੱਬਦਾ ਹੈ ਤਾਂ ਅਸਮਾਨ ਦਾ ਰੰਗ ਵੀ ਕੇਸਰੀ ਹੋ ਜਾਂਦਾ ਹੈ। ਜਿਹੜੇ ਲੋਕ ਰੱਬ ਨੂੰ ਸਮਰਪਿਤ ਹੋ ਜਾਂਦੇ ਹਨ ਉਹ ਭਗਵਾ ਪਹਿਨ ਲੈਂਦੇ ਹਨ ਤੇ ਸਾਡੇ ਤਾਂ ਤਿਰੰਗੇ ਵਿੱਚ ਸਭ ਤੋਂ ਉਪਰ ਕੇਸਰੀ ਰੰਗ ਹੈ।”
ਉਨ੍ਹਾਂ ਕਿਹਾ ਕਿ ਹਰਿਆਣਾ ਸਰਕਾਰ ਵੱਲੋਂ ‘ਭਗਵਦ ਗੀਤਾ’ ਨੂੰ ਸਕੂਲਾਂ ਦੇ ਪਾਠਕ੍ਰਮ ਵਿੱਚ ਸ਼ਾਮਲ ਕਰਨ ਦੇ ਫੈਸਲੇ ਨੂੰ ਇਤਿਹਾਸਕ ਕਰਾਰ ਦਿੰਦਿਆਂ ਕਿਹਾ ਹੈ ਕਿ ਦੁਨੀਆ ਭਰ ਦੇ ਲੋਕਾਂ ਨੇ ਇਸ ਫੈਸਲੇ ਦੀ ਪ੍ਰਸ਼ੰਸਾ ਕੀਤੀ ਹੈ।
ਕੁਝ ਲੋਕ ਇਸ ਫੈਸਲੇ ਦਾ ਇਹ ਕਹਿ ਕੇ ਵਿਰੋਧ ਕਰ ਰਹੇ ਹਨ ਕਿ ਸਰਕਾਰ ਸਿੱਖਿਆ ਦਾ ਭਗਵਾਕਰਨ ਕਰ ਰਹੀ ਹੈ, ਉਨ੍ਹਾਂ ਕਿਹਾ ਕਿ, ”ਇਹ ਸਿਰਫ ਸ਼ੁਰੂਆਤ ਹੈ। ਅਸੀਂ ਤਾਂ ਪੂਰੀ ਤਰ੍ਹਾਂ ਭਗਵਾਕਰਨ ਕਰਨਾ ਚਾਹੁੰਦੇ ਹਾਂ ਤੇ ਇਹ ਗਲਤ ਨਹੀਂ ਹੈ।”