ਲੁਧਿਆਣਾ (24 ਜੁਲਾਈ, 2015): ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ‘ਤੇ ਚੱਲ ਰਹੇ ਬਾਪੂ ਸੂਰਤ ਸਿੰਘ ਖਾਲਸਾ ਨੂੰ ਮਿਲਣ ਲਈ ਸ਼ੋ੍ਰਮਣੀ ਅਕਾਲੀ ਦਲ (ਅੰਮਿ੍ਤਸਰ) ਦੇ ਪ੍ਰਧਾਨ ਸ: ਸਿਮਰਜੀਤ ਸਿੰਘ ਮਾਨ ਸਥਾਨਕ ਦਿਆਨੰਦ ਹਸਪਤਾਲ ਵਿਚ ਪਹੁੰਚੇ।ਪੁਲਿਸ ਨਾਲ ਉਨ੍ਹਾਂ ਦੇ ਤਕਰਾਰ ਤੋਂ ਬਾਅਦ ਉਨ੍ਹਾਂ ਰਿੲਕੱਲਿਆਂ ਹੀ ਬਾਪੂ ਸੂਰਤ ਸਿੰਘ ਨਾਲ ਮੁਲਾਕਾਤ ਕੀਤੀ।
ਜਾਣਕਾਰੀ ਅਨੁਸਾਰ ਸ: ਮਾਨ ਦਾ ਅੱਜ ਬਾਪੂ ਖਾਲਸਾ ਨੂੰ ਮਿਲਣ ਦਾ ਪ੍ਰੋਗਰਾਮ ਸੀ ਅਤੇ ਉਨ੍ਹਾਂ ਨੇ ਤਿੰਨ ਵਜੇ ਹਸਪਤਾਲ ਆਉਣਾ ਸੀ । ਉਨ੍ਹਾਂ ਦੇ ਸਮਰਥਕ ਕੁਝ ਸਮਾਂ ਪਹਿਲਾਂ ਹੀ ਉਥੇ ਇਕੱਠੇ ਹੋਣੇ ਸ਼ੁਰੂ ਹੋ ਗਏ, ਜਦੋਂ ਸ: ਮਾਨ ਆਏ ਅਤੇ ਉਨ੍ਹਾਂ ਨਾਲ ਸੈਂਕੜੇ ਸਮਰਥਕਾਂ ਨੇ ਵੀ ਹਸਪਤਾਲ ਦੇ ਅੰਦਰ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ, ਪਰ ਪੁਲਿਸ ਨੇ ਉਨ੍ਹਾਂ ਨੂੰ ਰੋਕ ਦਿੱਤਾ, ਜਿਸਤੇ ਸਮਰਥਕਾਂ ਨੇ ਖਾਲਿਸਤਾਨ ਦੇ ਹੱਕ ਵਿਚ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ ।

ਮੁੱਖ ਗੇਟ ਤੇ ਤੈਨਾਤ ਏ ਸੀ ਪੀ ਸ੍ਰੀ ਸਤੀਸ਼ ਮਲਹੋਤਰਾ ਨੂੰ ਜਦੋਂ ਸ: ਮਾਨ ਨੇ ਹਸਪਤਾਲ ਵਿਚ ਦਾਖ਼ਲ ਹੋਣ ਤੋਂ ਰੋਕਣ ਦਾ ਕਾਰਨ ਪੁੱਛਿਆ ਤਾਂ ਉਨ੍ਹਾਂ ਨੇ ਸੀਨੀਅਰ ਅਧਿਕਾਰੀਆਂ ਦੇ ਹੁਕਮਾਂ ਦਾ ਹਵਾਲਾ ਦਿੱਤਾ । ਸ: ਮਾਨ ਅਤੇ ਸਮਰਥਕਾਂ ਦੀ ਪੁਲਿਸ ਨਾਲ ਕਾਫੀ ਸਮਾਂ ਬਹਿਸ ਹੁੰਦੀ ਰਹੀ ।
ਸਥਿਤੀ ਵਿਗੜਦੀ ਦੇਖ ਕੇ ਮੌਕੇ ‘ਤੇ ਤਾਇਨਾਤ ਅਧਿਕਾਰੀਆਂ ਨੇ ਇਸਦੀ ਸੂਚਨਾ ਉਚ ਅਧਿਕਾਰੀਆਂ ਨੂੰ ਦਿੱਤੀ, ਜਿਸਤੇ ਏ. ਡੀ. ਸੀ. ਪੀ ਸ: ਪਰਮਜੀਤ ਸਿੰਘ ਪੰਨੂੰ ਉਥੇ ਪਹੰੁਚੇ ਅਤੇ ਉਨ੍ਹਾਂ ਨੇ ਸ: ਮਾਨ ਨੂੰ ਇਕੱਲੇ ਹੀ ਬਾਪੂ ਸੂਰਤ ਸਿੰਘ ਖਾਲਸਾ ਨਾਲ ਮਿਲਣ ਦੀ ਇਜਾਜ਼ਤ ਦੇ ਦਿੱਤੀ ।
ਹਸਪਤਾਲ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ: ਮਾਨ ਨੇ ਦੱਸਿਆ ਕਿ ਮੱੁਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਬੰਦੀ ਸਿੱਖਾਂ ਦੀ ਰਿਹਾਈ ਲਈ ਗੰਭੀਰ ਨਹੀਂ ਹਨ । ਬਾਪੂ ਖਾਲਸਾ ਜਿਨ੍ਹਾਂ ਨੇ ਇਸ ਲਈ ਆਵਾਜ਼ ਉਠਾਈ ਹੈ, ਸਰਕਾਰ ਆਪਣੇ ਜ਼ੋਰ ਨਾਲ ਉਨ੍ਹਾਂ ਦੀ ਅਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ ।
ਕਾਂਗਰਸੀ ਆਗੂ ਸੁਖਪਾਲ ਸਿੰਘ ਖਹਿਰਾ ਨੂੰ ਨਹੀਂ ਮਿਲਣ ਦਿੱਤਾ ਗਿਆ:
ਹਲਕਾ ਭੁਲੱਥ ਤੋਂ ਸਬਾਕ ਵਿਧਾਇਕ ਅਤੇ ਕਾਂਗਰਸੀ ਆਗੂ ਸੁਖਪਾਲ ਸਿੰਘ ਖਹਿਰਾ ਨੇ ਵੀ ਬਾਪੂ ਖਾਲਸਾ ਨਾਲ ਹਸਪਤਾਲ ਵਿਚ ਮਿਲਣ ਦੀ ਕੋਸ਼ਿਸ਼ ਕੀਤੀ, ਪਰ ਪੁਲਿਸ ਨੇ ਉਨ੍ਹਾਂ ਨੂੰ ਇਜਾਜ਼ਤ ਨਹੀਂ ਦਿੱਤੀ ।ਪੁਲਿਸ ਵੱਲੋਂ ਮੁਲਾਕਾਤ ਦੀ ਇਜ਼ਾਜਤ ਨਾ ਦਿੱਤੇ ਜਾਣ ਤੋਂ ਨਾਰਾਜ਼ ਖਹਿਰਾ ਨੇ ਪੰਜਾਬ ਸਰਕਾਰ ਦੀ ਨੁਕਤਾਚੀਨੀ ਕਰਦਿਆਂ ਕਿਹਾ ਕਿ ਇਸ ਤਰਾਂ ਦੀਆਂ ਪਾਬੰਦੀਆਂ ਤਾਂ ਐਮਰਜੈਨਸੀ ਦੌਰਾਨ ਵੀ ਨਹੀਂ ਸੀ ਲੱਗੀਆਂ।