ਚੰਡੀਗੜ੍ਹ (18 ਜਨਵਰੀ, 2016): ਸੌਦਾ ਸਾਧ ਸਿਰਸਾ ਦੇ ਸਾਧ ਗੁਰਮੀਤ ਰਾਮ ਰਹੀਮ ਦੀ ਹਿੰਦੂ ਧਰਮ ਦੇ ਦੇਵਤੇ ਵਿਸ਼ਨੂੰ ਦੀ ਨਕਲ ਕਰਦੀ ਵੀਡੀਓੁ ਸ਼ੋਸ਼ਲ ਮੀਡੀਆ ‘ਤੇ ਚਰਚਾ ਦਾ ਵਿਸ਼ਾ ਬਨਣ ਤੋਂ ਬਾਅਦ ਹਿੰਦੂ ਜੱਥੇਬੰਦੀਆਂ ਨੇ ਸੌਦਾ ਸਾਧ ਖਿਲਾਫ ਕਾਨੂੰਨੀ ਚਾਰਾਜ਼ੋਈ ਕਰਦਿਆਂ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਤੱਕ ਪਹੁੰਚ ਕੀਤੀ ਹੈ।

ਅੱਜ ਪੁਲਿਸ ਮੁਖੀ ਨੂੰ ਅਖਿਲ ਭਾਰਤੀ ਸੁਰੱਖਿਆ ਸਮਿਤੀ ਦੇ ਕੌਮੀ ਪ੍ਰਧਾਨ ਪੰਚਾ ਨੰਦ ਗਿਰੀ ਦੀ ਅਗਵਾਈ ‘ਚ ਹਿੰਦੂ ਵਰਗ ਨਾਲ ਸਬੰਧਿਤ ਨੁਮਾਇੰਦੇ ਸੌਦਾ ਸਾਧ ਖਿ਼ਲਾਫ਼ ਸ਼ਿਕਾਇਤ ਦੇਣ ਪੁੱਜੇ।ਡੀ.ਜੀ.ਪੀ ਨੂੰ ਵਫ਼ਦ ਨੇ ਕਿਹਾ ਕਿ ਸੌਦਾ ਸਾਧ ਨੇ ਹਿੰਦੂਆਂ ਦੀਆਾ ਭਾਵਨਾਵਾ ਨੂੰ ਠੇਸ ਪਹੁੰਚਾਈ ਹੈ।ਇਸ ਮੌਕੇ ਰਾਹੁਲ ਸ਼ਰਮਾ ਤੇ ਆਲ ਇੰਡੀਆ ਸਟੂਡੈਂਟ ਫੈਡਰੇਸ਼ਨ (ਉੱਤਰੀ ਭਾਰਤ) ਦੇ ਪ੍ਰਧਾਨ ਨਿਸ਼ਾਂਤ ਸ਼ਰਮਾ ਵੀ ਮੌਜੂਦ ਸਨ।
ਹਿੰਦੂ ਸਮਾਜ ਦੇ ਆਗੂਆਾ ਨੇ ਕਿਹਾ ਉਨ੍ਹਾਂ ਵੱਲੋਂ ਜ਼ੀਰਕਪੁਰ ਵਿਖੇ ਸੌਦਾ ਸਾਧ ਖਿ਼ਲਾਫ਼ ਸ਼ਿਕਾਇਤ ਦਿੱਤੀ ਗਈ ਸੀ, ਪਰ ਅਜੇ ਤੱਕ ਪਰਚਾ ਦਰਜ ਨਹੀਂ ਕੀਤਾ ਗਿਆ।ਹਿੰਦੂ ਆਗੂਆ ਵੱਲੋਂ ਦਿੱਤੇ ਮੰਗ ਪੱਤਰ ‘ਤੇ ਪੁਲਿਸ ਮੁਖੀ ਨੇ ਕਿਹਾ ਕਿ ਉਹ ਇਸ ਮਾਮਲੇ ‘ਚ ਬਣਦੀ ਕਾਰਵਾਈ ਕਰਨਗੇ।