ਘੁਮਾਣ: ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਸਿਧਾਂਤ ਦੇ ਪ੍ਰਚਾਰ ਪ੍ਰਸਾਰ ਹਿੱਤ ਸਿੱਖ ਯੂਥ ਆਫ ਪੰਜਾਬ ਜਥੇਬੰਦੀ ਵੱਲੋਂ ਹੋਰ ਧਾਰਮਿਕ ਜਥੇਬੰਦੀਆਂ ਦੇ ਸਹਿਯੋਗ ਨਾਲ ਭਗਤ ਨਾਮਦੇਵ ਜੀ ਦੇ ਜੋਤੀ ਜੋਤਿ ਦਿਹਾੜੇ ਨੂੰ ਸਮਰਪਿਤ ਇੱਕ ਸਮਾਗਮ ਅਤੇ ਮਾਰਚ ਕੀਤਾ ਜਾ ਰਿਹਾ ਹੈ।

ਜਥੇਬੰਦੀ ਦੇ ਸੀਨੀਅਰ ਆਗੂ ਭਾਈ ਪਰਮਜੀਤ ਸਿੰਘ ਮੰਡ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਥੇਬੰਦੀ ਵੱਲੋਂ ਭਗਤ ਨਾਮਦੇਵ ਜੀ ਦੇ ਜੋਤੀ ਜੋਤਿ ਦਿਹਾੜੇ ਨੂੰ ਸਮਰਪਿਤ ਇੱਕ ਸਮਾਗਮ 17 ਜਨਵਰੀ ਨੂੰ ਗੁਰਦੁਆਰਾ ਦਮਦਮਾ ਸਾਹਿਬ ਸ੍ਰੀ ਹਰਿਗੋਬਿੰਦਪੁਰ ਵਿਖੇ ਕਰਵਾਇਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਇਸ ਸਮਾਗਮ ਵਿੱਚ ਜਥੇਬੰਦੀ ਦੇ ਨੌਜਵਾਨ ਆਗੂਆਂ ਵੱਲੋਂ ਸਮਾਜਿਕ ਬਰਾਬਰੀ ਅਤੇ ਜਾਤ ਪਾਤ ਦਾ ਕਿਸ ਤਰ੍ਹਾਂ ਸਿੱਖ ਸਿਧਾਤਾਂ ਵਿੱਚ ਖੰਡਨ ਕੀਤਾ ਗਿਆ ਹੈ ਬਾਬਤ ਵੀਚਾਰਾਂ ਕੀਤੀਆਂ ਜਾਣਗੀਆ। ਭਾਈ ਪਰਮਜੀਤ ਸਿੰਘ ਮੰਡ ਨੇ ਦੱਸਿਆ ਕਿ 1 ਵਜੇ ਤੋਂ 4 ਵਜੇ ਤੱਕ ਇਹ ਵੀਚਾਰਾਂ ਹੋਣਗੀਆਂ ਜਿਸ ਤੋਂ ਬਾਅਦ ਇਕ ਮਾਰਚ ਦੇ ਰੂਪ ਵਿੱਚ ਸੰਗਤਾਂ ਭਗਤ ਨਾਮਦੇਵ ਜੀ ਗੁਰਦੁਆਰਾ ਸਾਹਿਬ ਘੁਮਾਣ ਤੱਕ ਜਾਣਗੀਆਂ।
ਜਿਕਰਯੋਗ ਹੈ ਕਿ ਬੀਤੇ ਦਿਨੀਂ ਜਲੰਧਰ ਵਿੱਚ ਕਰਵਾਈ ਗਈ ਇੱਕ ਕਾਨਫਰੰਸ ਦੌਰਾਨ ਸਿੱਖ ਯੂਥ ਆਫ ਪੰਜਾਬ ਜਥੇਬੰਦੀ ਵੱਲੋਂ ਇੱਕ ਮਤਾ ਪਾਸ ਕਰਕੇ ਕਿਹਾ ਗਿਆ ਸੀ ਕਿ ਦਲਿਤ ਭਾਈਚਾਰੇ ਨਾਲ ਸਨਮਾਨਜਨਕ ਤਰੀਕੇ ਨਾਲ ਸਾਂਝ ਨੂੰ ਪੱਕਿਆਂ ਕਰਨ ਲਈ ਗੱਲਬਾਤ ਦਾ ਸਿਲਸਿੱਲਾ ਸ਼ੂਰੂ ਕਰਨ ਅਤੇ ਉਹਨਾਂ ਨੂੰ ਸਿੱਖੀ ਦਾਇਰੇ ਵਿੱਚ ਲਿਆਉਣ ਲਈ ਯਤਨ ਕੀਤੇ ਜਾਣਗੇ।
ਭਾਈ ਪਰਮਜੀਤ ਸਿੰਘ ਮੰਡ ਨੇ ਕਿਹਾ ਕਿ ਇਹ ਸਮਾਗਮ ਉਨ੍ਹਾਂ ਯਤਨਾਂ ਦਾ ਹੀ ਇੱਕ ਹਿੱਸਾ ਹੈ ਤੇ ਉਹ ਉਮੀਦ ਕਰਦੇ ਹਨ ਕਿ ਪੰਥ ਦਾ ਸੁਚੇਤ ਵਰਗ ਉਨ੍ਹਾਂ ਦਾ ਇਸ ਯਤਨ ਵਿੱਚ ਸਾਥ ਦੇਵੇਗਾ, ਤਾਂ ਜੋ ਜਾਤ ਪਾਤ ਦੇ ਕੋਹੜ ਨੂੰ ਮਿਟਾ ਕੇ ਖਾਲਸਾ ਪੰਥ ਦੀ ਤਾਕਤ ਨੂੰ ਇੱਕ ਮੁੱਠ ਕੀਤਾ ਜਾ ਸਕੇ।