ਅੰਮ੍ਰਿਤਸਰ: ਸਰਬੱਤ ਖਾਲਸਾ ਦੇ ਅਯੋਜਨ ਨੂੰ ਲੈਕੇ ਅੰਮ੍ਰਿਤਸਰ ਦਿਹਾਤੀ ਪੁਲਿਸ ਵਲੋਂ ਕੁਝ ਪੰਥਕ ਆਗੂਆਂ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਖਿਲਾਫ ਦਰਜ ਕੀਤੇ ਦੇਸ਼ ਧ੍ਰੋਹ ਦੇ ਮਾਮਲੇ ਦੀ ਸੁਣਾਵਈ ਕਰਦਿਆਂ ਇੱਕ ਸਥਾਨਕ ਅਦਾਲਤ ਨੇ ਭਾਈ ਸਤਨਾਮ ਸਿੰਘ ਮਨਾਵਾ ਅਤੇ ਭਾਈ ਜਸਕਰਨ ਸਿੰਘ ਕਾਹਨਸਿੰਘ ਵਾਲਾ ਨੂੰ ਜੇਲ੍ਹ ਭੇਜ ਦਿੱਤਾ ਹੈ ਜਦੋਂਕਿ ਭਾਈ ਧਿਆਨ ਸਿੰਘ ਮੰਡ ਦਾ ਇਕ ਦਿਨ ਦਾ ਹੋਰ ਪੁਲਿਸ ਰਿਮਾਂਡ ਦੇ ਦਿੱਤਾ। ਜਿਲ੍ਹਾ ਪੁਲਿਸ ਵਲੋਂ ਭਾਰੀ ਸੁਰੱਖਿਆ ਤਹਿਤ ਬਾਅਦ ਦੁਪਿਹਰ 3:30 ਦੇ ਕਰੀਬ ਭਾਈ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਅਤੇ ਭਾਈ ਸਤਨਾਮ ਸਿੰਘ ਮਨਾਵਾ ਨੂੰ ਮੈਡਮ ਹਰਸਿਮਰਨ ਜੀਤ ਕੌਰ ਦੀ ਅਦਾਲਤ ਵਿੱਚ ਪੇਸ਼ ਕੀਤਾ ਜਿਥੇ ਸਫਾਈ ਧਿਰ ਵਲੋਂ ਸ੍ਰ ਜਸਬੀਰ ਸਿੰਘ ਜੰਮੂ ਵਕੀਲ ਪੇਸ਼ ਹੋਏ ।ਦੋਨਾਂ ਧਿਰਾਂ ਨੂੰ ਸੁਨਣ ਬਾਅਦ ਮਾਨਯੋਗ ਅਦਾਲਤ ਨੇ ਭਾਈ ਕਾਹਨ ਸਿੰਘ ਵਾਲਾ ਅਤੇ ਭਾਈ ਮਨਾਵਾ ਨੂੰ ਜੇਲ੍ਹ ਭੇਜ ਦਿੱਤਾ।

ਇਸੇ ਤਰ੍ਹਾਂ ਪੁਲਿਸ ਨੇ ਦੇਰ ਸ਼ਾਮ 4:30 ਦੇ ਕਰੀਬ ਸਰਬੱਤ ਖਾਲਸਾ ਦੁਆਰਾ ਥਾਪੇ ਗਏ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਨੂੰ ਵੀ ਉਸੇ ਹੀ ਅਦਾਲਤ ਵਿੱਚ ਪੇਸ਼ ਕਰਕੇ 14 ਦਿਨ ਦੇ ਪੁਲਿਸ ਰਿਮਾਂਡ ਦੀ ਮੰਗ ਕੀਤੀ । ਭਾਈ ਮੰਡ ਵਲੋਂ ਵਕੀਲ ਸ੍ਰ ਅਮਿਤ ਪਾਲ ਸਿੰਘ ਪੇਸ਼ ਹੋਏ। ਇਸੇ ਦੌਰਾਨ ਭਾਈ ਧਿਆਨ ਸਿੰਘ ਮੰਡ ਨੇ ਵੀ ਅਦਲਾਤ ਨੂੰ ਦੱਸਿਆ ਕਿ ਸਰਬੱਤ ਖਾਲਸਾ ਕੋਈ ਦੇਸ਼ ਵਿਰੋਧੀ ਨਹੀ ਸੀ, ਇਸ ਵਿੱਚ ਸਟੇਜ ਵਲੋਂ ਕੋਈ ਵੀ ਖਾਲਿਸਤਾਨ ਦਾ ਨਾਅਰਾ ਨਹੀ ਲਗਾਇਆ ਗਿਆ।ਪੇਸ਼ ਕੀਤੇ ਮਤੇ ਸੰਗਤ ਦੀ ਧਾਰਮਿਕ ਭਾਵਨਾਵਾ ਅਨੁਸਾਰ ਤੇ ਸੰਗਤ ਵਲੋਂ ਹੀ ਪਾਸ ਕੀਤੇ ਗਏ ਹਨ ।ਉਨ੍ਹਾਂ ਮਾਨਯੋਗ ਅਦਾਲਤ ਨੂੰ ਦੱਸਿਆ ਕਿ ਉਹ ਸਾਬਕਾ ਮੈਂਬਰ ਪਾਰਲੀਮੈਂਟ ਹਨ ਉਨ੍ਹਾਂ ਜੋ ਕੁਝ ਵੀ ਕੀਤਾ ਹੈ ਜਾਂ ਕਰਨਗੇ ਕਾਨੂੰਨ ਦੇ ਦਾਇਰੇ ਅੰਦਰ ਰਹਿ ਕੇ ਹੀ ਹੋਵੇਗਾ।ਮਾਨਯੋਗ ਅਦਾਲਤ ਨੇ ਸਾਰੇ ਪੱਖ ਸੁਨਣ ਬਾਅਦ ਭਾਈ ਮੰਡ ਦਾ ਸਿਰਫ ਇੱਕ ਦਿਨ ਦਾ ਪੁਲਿਸ ਰਿਮਾਂਡ ਦਿੱਤਾ।

ਉਧਰ ਅਦਾਲਤ ਦੇ ਅੰਦਰ ਤੇ ਬਾਹਰ ਨੂੰ ਪੁਲਿਸ ਨੇ ਸਵੇਰ ਤੋਂ ਹੀ ਪੁਲਿਸ ਛਾਉਣੀ ਵਿੱਚ ਤਬਦੀਲ ਕਰ ਦਿੱਤਾ ਸੀ ।ਮੀਡੀਆ ਨੂੰ ਪੰਥਕ ਆਗੂਆਂ ਦੀ ਤਸਵੀਰਾਂ ਖਿੱਚਣ ਤੋਂ ਰੋਕਣ ਦੀ ਮਨਸ਼ਾ ਨਾਲ ਹੀ ਪੁਲਿਸ ਅਧਿਕਾਰੀਆਂ ਨੇ ਕਈ ਵਾਰ ਰਣਨੀਤੀ ਬਦਲੀ।ਪੁਲਿਸ ਦੀ ਐਨੀ ਸਖਤੀ ਦੇ ਬਾਵਜੂਦ ਅਦਾਲਤੀ ਕੰਪਲੈਕਸ ਦੇ ਬਾਹਰ ਦਮਦਮੀ ਟਕਸਾਲ ਅਜਨਾਲਾ, ਸ੍ਰੀ ਗੁਰੁ ਗ੍ਰੰਥ ਸਾਹਿਬ ਸਤਿਕਾਰ ਸਭਾ ਦੇ ਵੱਡੀ ਗਿਣਤੀ ਸਿੰਘਾਂ ਤੋਂ ਇਲਾਵਾ ਭਾਈ ਕਾਹਨਸਿੰਘ ਵਾਲਾ ਦੇ ਨਜਦੀਕੀ ਰਿਸ਼ਤੇਦਾਰ ਇੱਕਤਰ ਹੋਏ ਤੇ ਆਪਣੇ ਆਗੂਆਂ ਦੀ ਝਲਕ ਮਾਤਰ ਪਾਕੇ ‘ਸ੍ਰੀ ਅਕਾਲ ਤਖਤ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ, ਰਾਜ ਕਰੇਗਾ ਖਾਲਸਾ’ ਦੇ ਨਾਅਰੇ ਬੁਲੰਦ ਕੀਤੇ ਅਤੇ ਸਮੁਚਾ ਸਮਾਂ ਨਿਰੰਤਰ ਸਤਿਨਾਮ ਵਾਹਿਗੁਰੂ ਕਰਦੇ ਰਹੇ ।