ਜਲੰਧਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦੇ ਪ੍ਰਬੰਧ ਹੇਠਲੇ ਗੁਰਦੁਆਰਾ ਬਾਉਲੀ ਸਾਹਿਬ, ਪਿੰਡ ਡੱਲਾ ’ਚ ਕਥਾ ਦੌਰਾਨ ਗ੍ਰੰਥੀ ਸਿੰਘ ਵਲੋਂ ਵਾਲਮੀਕ ਬਾਰੇ ਟਿੱਪਣੀਆਂ ਕੀਤੇ ਜਾਣ ਕਾਰਨ ਉਥੇ ਹਾਲਾਤ ਤਣਾਅ ਪੂਰਨ ਬਣ ਗਏ। ਸਿੱਖਾਂ ਅਤੇ ਵਾਲਮੀਕ ਭਾਈਚਾਰੇ ’ਚ ਇਸ ਕਾਰਨ ਛਿੜੇ ਵਿਵਾਦ ਦੌਰਾਨ ਦੋਹਾਂ ਧਿਰਾਂ ਵੱਲੋਂ ਇਕ ਦੂਜੇ ਵੱਲ ਕਾਫ਼ੀ ਸਮਾਂ ਪਥਰਾਅ ਵੀ ਕੀਤਾ ਗਿਆ।

ਮਾਮਲਾ ਉਦੋਂ ਹੋਰ ਤਣਾਅ ਪੂਰਨ ਹੋ ਗਿਆ ਜਦੋਂ ਉਥੇ ਸਤਿਕਾਰ ਕਮੇਟੀ ਦੇ ਆਗੂ ਸੁਖਜੀਤ ਸਿੰਘ ਖੋਸਾ ਪਹੁੰਚ ਗਏ। ਵਿਵਾਦ ਭਖ਼ਣ ’ਤੇ ਵਾਲਮੀਕ ਭਾਈਚਾਰੇ ਦੇ ਨੌਜਵਾਨਾਂ ਨੇ ਖੋਸਾ ਦੀ ਗੱਡੀ ਨੂੰ ਉਲਟਾ ਦਿੱਤਾ ਤੇ ਭੰਨ-ਤੋੜ ਕੀਤੀ। ਘਟਨਾ ਦਾ ਪਤਾ ਲੱਗਣ ’ਤੇ ਕਪੂਰਥਲਾ ਦੇ ਡਿਪਟੀ ਕਮਿਸ਼ਨਰ ਜਸਕਰਨ ਸਿੰਘ ਅਤੇ ਐਸਐਸਪੀ ਰਜਿੰਦਰ ਸਿੰਘ, ਐਸਪੀ ਬਹਾਦਰ ਸਿੰਘ ਅਤੇ ਡੀਐਸਪੀ ਪਿਆਰਾ ਸਿੰਘ, ਐਸਡੀਐਮ ਚਾਰੂਮਿਤਾ ਸਮੇਤ ਹੋਰ ਪੁਲਿਸ ਅਧਿਕਾਰੀ ਮੌਕੇ ’ਤੇ ਪਹੁੰਚੇ। ਅਕਾਲੀ ਦਲ ਦੇ ਆਗੂ ਵੀ ਘਟਨਾ ਵਾਲੀ ਥਾਂ ’ਤੇ ਪਹੁੰਚੇ ਹੋਏ ਸਨ।
ਜਾਣਕਾਰੀ ਅਨੁਸਾਰ ਘਟਨਾ ਦਾ ਮੁੱਢ ਉਦੋਂ ਬੱਝਾ ਜਦੋਂ ਸਵੇਰੇ ਗੁਰਦੁਆਰਾ ਬਾਉਲੀ ਸਾਹਿਬ ਤੋਂ ਕਥਾਵਾਚਕ ਭਾਈ ਮਨਪ੍ਰੀਤ ਸਿੰਘ ਨੇ ਕਥਾ ਕਰਦਿਆਂ ਵਾਲਮੀਕ ਦਾ ਜ਼ਿਕਰ ਕੀਤਾ। ਸਪੀਕਰ ਵਿਚ ਇਹ ਸੁਣ ਕੇ ਵਾਲਮੀਕ ਭਾਈਚਾਰੇ ਦੇ ਕੁਝ ਮੈਂਬਰ ਉਥੇ ਆ ਗਏ, ਹਾਲਾਂਕਿ ਭਾਈ ਮਨਪ੍ਰੀਤ ਸਿੰਘ ਨੇ ਅਜਿਹੀਆਂ ਟਿੱਪਣੀਆਂ ਤੋਂ ਇਨਕਾਰ ਕੀਤਾ। ਮਾਮਲਾ ਵਧਦਾ ਦੇਖ ਕੇ ਅਧਿਕਾਰੀਆਂ ਨੇ ਗੁਰਦੁਆਰਾ ਬਾਉਲੀ ਸਾਹਿਬ ਵਿਖੇ ਭਾਰੀ ਪੁਲਿਸ ਤਾਇਨਾਤ ਕਰ ਦਿੱਤੀ ਤੇ ਭਾਈ ਮਨਪ੍ਰੀਤ ਸਿੰਘ ਨੂੰ ਸੁਰੱਖਿਆ ਲਈ ਡੱਲਾ ਚੌਕੀ ਲੈ ਗਈ। ਬਾਅਦ ਵਿੱਚ ਉਨ੍ਹਾਂ ਖ਼ਿਲਾਫ਼ ਦਫ਼ਾ 295 ਤਹਿਤ ਕੇਸ ਦਰਜ ਕਰ ਲਿਆ ਗਿਆ। ਪੁਲਿਸ ਨੇ ਕਈ ਅਣਪਛਾਤੇ ਲੋਕਾਂ ਖ਼ਿਲਾਫ਼ ਵੀ ਕੇਸ ਦਰਜ ਕੀਤਾ ਹੈ।

ਇਸ ਦੌਰਾਨ ਸਤਿਕਾਰ ਕਮੇਟੀ ਦੇ ਆਗੂ ਸੁਖਜੀਤ ਸਿੰਘ ਖੋਸਾ ਤੇ ਉਸ ਨਾਲ ਆਏ ਬੰਦਿਆਂ ਦਾ ਵਾਲਮੀਕ ਭਾਈਚਾਰੇ ਦੇ ਨੌਜਵਾਨਾਂ ਨਾਲ ਹੋਇਆ ਤਕਰਾਰ ਹਿੰਸਕ ਰੂਪ ਧਾਰ ਗਿਆ। ਕੁਝ ਲੋਕ ਗੁਰਦੁਆਰੇ ਵੱਲ ਪੱਥਰ ਮਾਰਦੇ ਰਹੇ ਤੇ ਗੁਰਦੁਆਰਾ ਸਾਹਿਬ ਦੀ ਛੱਤ ’ਤੇ ਚੜ੍ਹੇ ਲੋਕ ਜਵਾਬੀ ਪਥਰਾਅ ਕਰਦੇ ਰਹੇ। ਮਾਮਲਾ ਵਿਗੜਦਾ ਦੇਖ ਕੇ ਪੁਲਿਸ ਕਰਮਚਾਰੀਆਂ ਨੇ ਗੁਰਦੁਆਰਾ ਸਾਹਿਬ ਦੇ ਗੇਟ ਬੰਦ ਕਰ ਦਿੱਤੇ। ਦੋਵੇਂ ਧਿਰਾਂ ਨੇ ਇਕ-ਦੂਜੇ ’ਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਲਾਉਣ ਦੇ ਦੋਸ਼ ਲਾਏ।
ਇਸ ਮੌਕੇ ਇੰਟਰਨੈਸ਼ਨਲ ਵਾਲਮੀਕ ਸਭਾ ਦੇ ਪ੍ਰਧਾਨ ਜਗੀਰ ਸਿੰਘ ਕਾਲੜੂ, ਸਵਰਨ ਸਿੰਘ ਗਿੱਲ, ਰੰਘਰੇਟਾ ਦਲ ਦੇ ਚੇਅਰਮੈਨ ਪਰਮਜੀਤ ਸਿੰਘ ਤੇ ਹੋਰ ਆਗੂ ਹਾਜ਼ਰ ਸਨ। ਉਨ੍ਹਾਂ ਨੇ ਮੰਗ ਕੀਤੀ ਕਿ “ਭਗਵਾਨ ਵਾਲਮੀਕ” ਵਿਰੁੱਧ ਟਿੱਪਣੀਆਂ ਕਰਨ ਵਾਲਿਆਂ ਖ਼ਿਲਾਫ਼ ਸਖਤ ਕਾਰਵਾਈ ਕੀਤੀ ਜਾਵੇ। ਗੁਰਦੁਆਰਾ ਬੇਰ ਸਾਹਿਬ ਦੇ ਮੈਨੇਜਰ ਭਾਈ ਗੁਰਾ ਸਿੰਘ ਮਾਨ ਨੇ ਗੁਰਦੁਆਰਾ ਬਾਉਲੀ ਸਾਹਿਬ ਵੱਲ ਇੱਟਾਂ ਰੋੜੇ ਮਾਰਨ ਵਾਲੀ ਘਟਨਾ ਦੀ ਨਿਖੇਧੀ ਕਰਦਿਆਂ ਕਾਰਵਾਈ ਦੀ ਮੰਗ ਕੀਤੀ।
ਨਡਾਲਾ ਨੇੜੇ ਪਿੰਡ ਮੂਸਾ ਖੇਲ ਵਿੱਚੋਂ ਵੀ ਅਜਿਹੀ ਹੀ ਘਟਨਾ ਦੀ ਖ਼ਬਰ ਆਈ ਹੈ। ਪਿੰਡ ਮੂਸਾ ਖੇਲ ਥਾਣਾ ਭੁਲੱਥ ਵਿਚ ਵਾਲਮੀਕ ਦੇ ਜਨਮ ਦਿਵਸ ਮੌਕੇ ਪਿੰਡ ਦੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਬਿਕਰਮ ਸਿੰਘ ਵੱਲੋਂ “ਭਗਵਾਨ ਵਾਲਮੀਕ” ਖਿਲਾਫ ਕਥਿਤ ਅਪਸ਼ਬਦ ਬੋਲਣ ’ਤੇ ਰੋਸ ਪ੍ਰਗਟ ਕਰਦਿਆਂ ਵਾਲਮੀਕ ਭਾਈਚਾਰੇ ਦੇ ਲੋਕਾਂ ਨੇ ਇਕੱਠੇ ਹੋ ਕੇ ਨਡਾਲਾ ਚੌਕ ਵਿਚ ਰੋਸ ਮੁਜ਼ਾਹਰਾ ਕਰਦਿਆਂ ਕਾਰਵਾਈ ਦੀ ਮੰਗ ਕੀਤੀ। ਇਸ ਮੌਕੇ ਗੁਰੂ ਗਿਆਨ ਨਾਥ ਵਾਲਮੀਕ ਆਸ਼ਰਮ ਦੇ ਆਗੂਆਂ ਸਤਨਾਮ ਸਿੰਘ ਮੱਟੂ, ਬਲਬੀਰ ਸਿੰਘ ਸਹੋਤਾ, ਪੂਰਨ ਸਿੰਘ ਹੰਸ, ਆਤਮਾ ਸਿੰਘ, ਰਮੇਸ਼ ਕਮਾਰ, ਨਿਰਮਲ ਸਿੰਘ ਸਹੋਤਾ ਨੇ ਕਿਹਾ ਕਿ ਭਗਵਾਨ ਵਾਲਮੀਕ ਦਾ ਅਪਮਾਨ ਸਹਿਣ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਾਰਵਾਈ ਨਾ ਹੋਣ ’ਤੇ 21 ਅਕਤੂਬਰ ਨੂੰ ਥਾਣਾ ਭੁਲੱਥ ਦਾ ਘਿਰਾਓ ਕਰਨ ਦੀ ਚੇਤਾਵਨੀ ਦਿੱਤੀ।