ਕੈਲੇਫੋਰਨੀਆ: ਮਨੁੱਖੀ ਅਧਿਕਾਰ ਸੰਸਥਾ ਸਿਖਸ ਫਾਰ ਜਸਟਿਸ (ਐਸ.ਐਫ.ਜੇ.) ‘ਤੇ ਪਾਕਿਸਤਾਨ ਦੀ ਖੂਫੀਆ ਏਜੰਸੀ ਆਈ.ਐਸ.ਆਈ. ਨਾਲ ਮਿਲੇ ਹੋਣ ਦਾ ਦੋਸ਼ ਲਾਉਣ ਲਈ ਐਸ.ਐਫ.ਜੇ. ਨੇ ਕੈਨੇਡੀਅਨ ਕਾਨੂੰਨਾਂ ਤਹਿਤ ਕੈਪਟਨ ਅਮਰਿੰਦਰ ਖਿਲਾਫ ਮਾਨਹਾਨੀ ਦਾ ਮੁਕੱਦਮਾ ਦਰਜ਼ ਕਰਵਾਇਆ ਹੈ।
ਬੀਤੇ ਦਿਨ ਐਸ.ਐਫ.ਜੇ. ਨੇ ਦਾਅਵਾ ਕੀਤਾ ਕਿ ਇਸ ਮੁਕਦਮੇਂ ਦੇ ਸੰਮਨ ਕੈਪਟਨ ਅਮਰਿੰਦਰ ਸਿੰਘ ਨੂੰ ਸੌਂਪ ਦਿੱਤੇ ਗਏ ਹਨ। ਇਕ ਲਿਖਤੀ ਬਿਆਨ ਵਿਚ ਸਿੱਖਸ ਫਾਰ ਜਸਟਿਸ ਨੇ ਕਿਹਾ ਹੈ ਕਿ ਬੇਅ ਏਰੀਆ ਕੈਲੀਫੋਰਨੀਆ ਵਿਚ ਪਰਵਾਸੀਆਂ ਦੇ ਇਕੱਠ ਨੂੰ ਸੰਬੋਧਨ ਕਰ ਰਹੇ ਅਮਰਿੰਦਰ ਸਿੰਘ ਨੂੰ ਇਹ ਸੰਮਨ ਪਹੁੰਚਾਏ ਗਏ।

ਇਹ ਨੋਟਿਸ ਆਫ ਲਿਬਲਾ ਲਿਬਲ ਅਤੇ ਸਲੈਂਡਰ ਐਕਟ ਆਰ.ਐਸ.ਓ. 1990 ਸੀ. ਐਲ. 12 ਦੀ ਧਾਰਾ 5 (1) ਅਤੇ ਰੂਲਜ਼ ਆਫ ਸਿਵਲ ਪ੍ਰੋਸੀਜਰ ਆਰ.ਆਰ.ਓ. 1990 ਰਜਿ. 194 ਦੀ ਧਾਰਾ 17.02 ਤਹਿਤ ਸਾਬਕਾ ਮੁੱਖ ਮੰਤਰੀ ਨੂੰ ਸੌਪਿਆਂ ਗਿਆ ਹੈ।
ਸਿੱਖਸ ਫਾਰ ਜਸਟਿਸ ਦੇ ਟੋਰਾਂਟੋ ਸਥਿਤ ਲਾਅ ਫਰਮ ਗੋਲਡਬਲੈਟ ਪਾਰਟਨਰਜ਼ ਵੱਲੋਂ ਦਿੱਤੇ ਗਏ ਇਸ ਨੋਟਿਸ ਦੇ ਨਾਲ ਇਕ ਪੱਤਰ ਵੀ ਹੈ, ਜਿਸ ਵਿਚ ਲਿਿਖਆ ਗਿਆ ਹੈ ਕਿ ਇਸ ਪੱਤਰ ਰਾਹੀਂ ਤੁਹਾਨੂੰ ਪੂਰਾ ਮੌਕਾ ਦਿੱਤਾ ਜਾਂਦਾ ਹੈ ਕਿ ਤੁਸੀਂ ਇਸ ਨੋਟਿਸ ਦੇ ਜਾਰੀ ਹੋਣ ਦੇ 7 ਦਿਨਾਂ ਅੰਦਰ ਜਵਾਬ ਦੇ ਸਕਦੇ ਹੋ ਤੇ ਬਿਨਾਂ ਸ਼ਰਤ ਮੁਆਫੀ ਮੰਗ ਲਓ।
ਕੈਪਟਨ ਦੇ ਉਕਤ ਬਿਆਨਾਂ ਨੂੰ ਪ੍ਰਕਾਸ਼ਿਤ ਕਰਨ ਵਾਲੀਆਂ ਅਖਬਾਰਾਂ ਦਾ ਉਂਟਾਰੀਓ ਦੇ ਸੁਪੀਰੀਅਰ ਕੋਰਟ ਆਫ ਜਸਟਿਸ ਵਿਚ ਜ਼ਿਕਰ ਕਰਦਿਆਂ ਇਸਤਗਾਸਾ ਧਿਰ ਨੇ ਕਿਹਾ ਕਿ ਇਨ੍ਹਾਂ ਬਦਨਾਮੀ ਵਾਲੇ ਬਿਆਨਾਂ ਕਾਰਨ ਉਨ੍ਹਾਂ ਦੀ ਸੰਸਥਾ ਸਿਖਸ ਫਾਰ ਜਸਟਿਸ ਨੂੰ ਭਾਰੀ ਸੱਟ ਵੱਜੀ ਹੈ ਤੇ ਬਦਨਾਮੀ ਹੋਈ ਹੈ ਜੋ ਕਿ ਕੈਨੇਡਾ ਦੀ ਲਾਭ ਰਹਿਤ ਸੰਸਥਾ ਹੈ ਤੇ ਇਹ ਕੈਨੇਡਾ ਦੇ ਕਾਨੂੰਨ ਅਨੁਸਾਰ ਕੰਮ ਕਰਦੀ ਹੈ।
ਸਿੱਖਸ ਫਾਰ ਜਸਟਿਸ ਨੇ ਅਮਰਿੰਦਰ ਸਿੰਘ ਨੂੰ ਸੰਮਨ ਸੌਂਪੇ ਜਾਣ ਦੀ ਵੀਡੀਓ ਵੀ ਜਾਰੀ ਕੀਤੀ ਹੈ।