ਅੰਮ੍ਰਿਤਸਰ ਸਾਹਿਬ: ਸਿੱਖ ਸੰਗਤ ਵਿੱਚ ਐਸ.ਜੀ.ਪੀ.ਸੀ ਖਿਲਾਫ ਬਣੇ ਰੋਹ ਨੂੰ ਕੁਝ ਠੰਢਾ ਕਰਨ ਲਈ ਐਸ.ਜੀ.ਪੀ.ਸੀ ਪ੍ਰਧਾਨ ਅਵਤਾਰ ਸਿੰਘ ਮੱਕੜ ਵੱਲੋਂ ਲਗਾਤਾਰ ਮੁਲਾਕਾਤਾਂ ਕੀਤੀਆਂ ਜਾ ਰਹੀਆਂ ਹਨ ਅਤੇ ਕੁਝ ਫੌਰੀ ਕਦਮ ਵੀ ਚੁੱਕੇ ਗਏ ਹਨ।ਜਿਹਨਾਂ ਵਿੱਚ ਪਹਿਲਾਂ ਮੁਅੱਤਲ ਕੀਤੇ ਪੰਜ ਪਿਆਰਿਆਂ ਨੂੰ ਬਹਾਲ ਕੀਤਾ ਗਿਆ ਤੇ ਹੁਣ ਸਿੰਘ ਸਾਹਿਬਾਨ ਦਾ ਵਿਰੋਧ ਕਰਨ ਵਾਲੇ ਰਾਗੀ ਸਿੰਘਾਂ ,ਪ੍ਰਚਾਰਕਾਂ ਸਮੇਤ ਵਿਰੋਧ ਵੇਲੇ ਮੌਕੇ ਤੇ ਮੌਜੂਦ ਸ਼੍ਰੋਮਣੀ ਕਮੇਟੀ ਦੇ ਦੋ ਸਕੱਤਰ ਸ: ਮਨਜੀਤ ਸਿੰਘ ਅਤੇ ਡਾ: ਰੂਪ ਸਿੰਘ ਨੂੰ ਵੀ ਬਹਾਲ ਕਰ ਦਿੱਤਾ ਗਿਆ ਹੈ।

ਸੋਮਵਾਰ ਵਾਲੇ ਦਿਨ ਅਵਤਾਰ ਸਿੰਘ ਮੱਕੜ ਵੱਲੋਂ ਸੰਤ ਸਮਾਜ ਦੇ ਪ੍ਰਧਾਨ ਬਾਬਾ ਹਰਨਾਮ ਸਿੰਘ ਖਾਲਸਾ ਨਾਲ ਮੁਲਾਕਾਤ ਕੀਤੀ ਗਈ ਸੀ ਤੇ ਬੀਤੇ ਦਿਨ ਉਨ੍ਹਾਂ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਵਿਖੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਅਤੇ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਨਾਲ ਮੁਲਾਕਾਤ ਕੀਤੀ ਗਈ।ਸੂਤਰਾਂ ਅਨੁਸਾਰ ਇਹ ਮੁਲਾਕਾਤਾਂ ਬਾਦਲ ਪਰਿਵਾਰ ਦੇ ਭਰੋਸੇਮੰਦ ਸਮਝੇ ਜਾਂਦੇ ਅੰਤ੍ਰਿਗ ਕਮੇਟੀ ਮੈਂਬਰ ਦਿਆਲ ਸਿੰਘ ਕੋਲਿਆਂਵਾਲੀ ਦੀ ਨਿਗਰਾਨੀ ਹੇਠ ਹੋ ਰਹੀਆਂ ਹਨ।ਸਿੱਖ ਸਫਾਂ ਵਿੱਚ ਇਹ ਕਿਆਸ ਲਗਾਏ ਜਾ ਰਹੇ ਹਨ ਕਿ ਆਉਣ ਵਾਲੇ ਦਿਨਾਂ ਵਿੱਚ ਸਿੰਘ ਸਾਹਿਬਾਨਾਂ ਦੇ ਅਸਤੀਫੇ ਜਾਂ ਸੇਵਾ ਮੁਕਤੀ ਦੀ ਖਬਰ ਆ ਸਕਦੀ ਹੈ।
ਅਵਤਾਰ ਸਿੰਘ ਮੱਕੜ ਵੱਲੋਂ ਹਰਨਾਮ ਸਿੰਘ ਖਾਲਸਾ ਨਾਲ ਕੀਤੀ ਗਈ ਮੀਟਿੰਗ ਤੋਂ ਬਾਅਦ ਇਹ ਗੱਲ ਹੋਰ ਵੀ ਚਰਚਾ ਫੜ ਗਈ ਹੈ ਕਿ ਹੁਣ ਸਿੰਘ ਸਾਹਿਬਾਨਾਂ ਦੀ ਪਦਵੀ ਲਈ ਨਵੇਂ ਚਿਹਰੇ ਲੱਭੇ ਜਾ ਰਹੇ ਹਨ।
ਆਉਣ ਵਾਲੀ 2 ਨਵੰਬਰ ਨੂੰ ਪੰਜ ਪਿਆਰਿਆਂ ਵੱਲੋਂ ਜਥੇਦਾਰਾਂ ਨੂੰ ਸੇਵਾ ਮੁਕਤ ਕਰਨ ਦੇ ਕੀਤੇ ਗਏ ਆਦੇਸ਼ਾਂ ਤੇ ਵਿਚਾਰ ਕਰਨ ਲਈ ਸ਼੍ਰੋਮਣੀ ਕਮੇਟੀ ਦੀ ਅੰਤ੍ਰਿਗ ਕਮੇਟੀ ਦੀ ਮੀਟਿੰਗ ਬੁਲਾਈ ਗਈ ਹੈ ਜਿਸ ਵਿੱਚ ਵੇਖਣਾ ਹੋਵੇਗਾ ਕਿ ਕੀ ਨਵਾਂ ਫੈਂਸਲਾ ਲਿਆ ਜਾਂਦਾ ਹੈ।