Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਸਾਡੇ ਵਡੇਰੇ ਕਿੰਨੀ ਦੂਰ ਤੱਕ ਵੇਖ ਸਕਦੇ ਸਨ: 1832 ‘ਚ ਲੁਧਿਆਣਿਓਂ ਵੀ ਧੌਲੀਧਾਰ ਪਹਾੜ ਲੜੀ ਸਾਫ ਦਿਸਦੀ ਹੁੰਦੀ ਸੀ

ਸਾਡੇ ਵਡੇਰੇ ਕਿੰਨੀ ਦੂਰ ਤੱਕ ਵੇਖ ਸਕਦੇ ਸਨ: 1832 ‘ਚ ਲੁਧਿਆਣਿਓਂ ਵੀ ਧੌਲੀਧਾਰ ਪਹਾੜ ਲੜੀ ਸਾਫ ਦਿਸਦੀ ਹੁੰਦੀ ਸੀ

ਲੇਖਕ: ਗੁਰਪ੍ਰੀਤ ਸਿੰਘ ਮੰਡਿਆਣੀ*

ਏਅਰ ਪਲਿਊਸ਼ਨ (ਹਵਾ ਵਿਚਲੇ ਪਰਦੂਸ਼ਣ) ਦੇ ਹਵਾਲੇ ਨਾਲ ਜਦੋਂ ਮੈਂ ਕਿਸੇ ਨੂੰ ਦੱਸਿਆ ਕਰਨਾ ਕਿ ਕੋਈ ਵੇਲਾ ਹੁੰਦਾ ਸੀ ਜਦੋਂ ਬਰਫ਼ ਨਾਲ ਲੱਦੇ ਧੌਲੀਧਾਰ ਦੇ ਪਹਾੜ ਲੁਧਿਆਣੇ ਤੋਂ ਸਾਫ਼ ਦਿਸਦੇ ਹੁੰਦੇ ਸੀ ਤਾਂ ਕੋਈ ਏਹ ਗੱਲ ਮੰਨਣ ਤਿਆਰ ਨਹੀਂ ਸੀ ਹੁੰਦਾ। ਪਰ ਅੱਜ ਦੀਆ ਖਬਰਾਂ ਨੇ ਇਸ ਗੱਲ ਦੀ ਤਸਦੀਕ ਕਰ ਦਿੱਤੀ ਹੈ। ਪੰਜਾਬੀ ਟ੍ਰਿਬਿਊਨ ਅਖਬਾਰ ਦੇ ਸਟਾਫ ਰਿਪੋਰਟਰ ਪਾਲ ਸਿੰਘ ਨੌਲੀ ਨੇ ਫੇਸਬੁੱਕ ਉੱਤੇ ਇਕ ਤਸਵੀਰ ਪਾਈ ਹੈ ਕਿ ਜਲੰਧਰੋਂ ਪਹਾੜਾਂ ਦੀ ਬਰਫ਼ ਦਿਸਦੀ ਹੈ। ‘ਸਿੱਖ ਸਿਆਸਤ’ ਦੇ ਸੰਪਾਦਕ ਪਰਮਜੀਤ ਸਿੰਘ ਗਾਜ਼ੀ ਨੇ ਮੁਕੇਰੀਆਂ ਤਹਿਸੀਲ ’ਚ ਪੈਂਦੇ ਆਪਦੇ ਪਿੰਡ ਪੰਜਢੇਰਾ ਗਾਜ਼ੀ ਤੋਂ ਵੀ ਧੌਲੀਧਾਰ ਪਹਾੜ ਲੜੀ ਉੱਤੇ ਦਿਸਦੀ ਬਰਫ ਦੀ ਬੜੀ ਦਿਲਕਸ਼ ਤਸਵੀਰ ਫੇਸਬੁੱਕ ਉੱਤੇਚਾੜ੍ਹੀ ਹੈ।

ਪੰਜਾਬ ਦੇ ਹੁਸ਼ਿਆਰਪੁਰ ਜਿਲੇ ਦੇ ਉੱਤਰ-ਪੂਰਬ ਵਾਲੇ ਪਾਸੇ ਛੋਟੇ ਪਹਾੜਾਂ ਦੀ ਇੱਕ ਲੜੀ ਹੈ ਤੇ ਉਹ ਟੱਪ ਕੇ ਫੇਰ ਕਾਂਗੜਾ ਘਾਟੀ ਅਖਵਾਉਂਦਾ ਨੀਮ ਮੈਦਾਨੀ ਇਲਾਕਾ ਹੈ। ਹਿਮਾਚਲ ਦੀ ਇਸ ਘਾਟੀ ਚ ਕਾਂਗੜਾ, ਨੂਰਪੁਰ ਤੇ ਪਲਮਪੁਰ ਵਰਗੇ ਸ਼ਹਿਰ ਪੈਂਦੇ ਨੇ। ਕਾਂਗੜਾ ਘਾਟੀ ਤੋਂ ਹੋਰ ਅਗਾਂਹ ਜਾ ਕੇ ਜਿਹੜੇ ਉੱਚੇ ਪਹਾੜਾਂ ਦੀ ਲੜੀ ਪੈਂਦੀ ਹੈ ਉਹਨੂੰ ਹੀ ਧੌਲੀਧਾਰ ਪਹਾੜ ਜਾਂ ਅੰਗਰੇਜ਼ੀ ਵਿੱਚ “ਧੌਲੀਧਾਰ ਮਾਂਊਟੇਨ ਰੇਂਜ” (ਧੌਲੀਧਾਰ ਪਹਾੜ ਲੜੀ) ਕਹਿੰਦੇ ਹਨ। ਜਲੰਧਰ ਤੋਂ ਇਹਦਾ ਘੱਟੋ-ਘੱਟ ਹਵਾਈ ਫ਼ਾਸਲਾ 100 ਕਿੱਲੋਮੀਟਰ ਬਣਦਾ ਹੈ ਤੇ ਲੁਧਿਆਣਿਓਂ 125 ਕਿਲੋਮੀਟਰ ਦੇ ਕਰੀਬ।

ਪੰਜਾਬ ਦੀ ਮੁਕੇਰੀਆਂ ਤਹਿਸੀਲ ਵਿਚਲੇ ਪਿੰਡ ਪੰਜਢੇਰਾ ਗਾਜ਼ੀ ਵਿਚੋਂ ਨਜ਼ਰ ਆ ਰਹੀ ਧੌਲੀਧਾਰ ਪਹਾੜ ਲੜੀ (19 ਜਨਵਰੀ, 2020)

ਇੱਕ ਅੰਗਰੇਜ਼ ਸਫ਼ੀਰ ਦੇ ਐਸਿਸਟੈਂਟ ਵਜੋਂ ਸ਼ੁਹਦੇ ਨਾਲ ਸਫਰ ਕਰ ਰਹੇ ਇੱਕ ਹਿੰਦੁਸਤਾਨੀ ਵੱਲੋਂ ਖੁਦ ਲਿਖੀ ਕਿਤਾਬ ਵਿੱਚ ਲੁਧਿਆਣੇ ਤੋਂ ਧੌਲੀਧਾਰ ਦੇ ਪਹਾੜ ਦਿਸਣ ਦਾ ਜ਼ਿਕਰ ਸੰਨ 1832 ਦਾ ਹਵਾਲਾ ਦੇ ਕੀਤਾ ਹੈ।

ਪੰਜਾਬ ਦੀ ਮੁਕੇਰੀਆਂ ਤਹਿਸੀਲ ਵਿਚਲੇ ਪਿੰਡ ਪੰਜਢੇਰਾ ਗਾਜ਼ੀ ਵਿਚੋਂ ਨਜ਼ਰ ਆ ਰਹੀ ਧੌਲੀਧਾਰ ਪਹਾੜ ਲੜੀ (3 ਅਪਰੈਲ, 2020)

ਇਹ ਕਿਤਾਬ ਪਹਿਲੀ ਦਫ਼ਾ 1834 ਚ ਕੱਲਕੱਤਿਓਂ ਛਪੀ ਸੀ ਤੇ ਇਹਦੀਆਂ ਸਾਰੀਆਂ ਦੀਆਂ ਸਾਰੀਆਂ ਕਾਪੀਆਂ ਹੱਥੋ-ਹੱਥ ਵਿਕ ਗਈਆਂ ਸਨ। ਇੱਥੋਂ ਕਿ ਦੁਬਾਰਾ ਛਪਾਈ ਵਾਸਤੇ ਵੀ ਕੋਈ ਕਿਤਾਬ ਕਾਪੀ ਨਾ ਥਿਆਵੇ। ਲਾ ਪਾ ਕੇ ਇੱਕ ਕਾਪੀ ਇੰਗਲੈਂਡ ਦੀ ਇੱਕ ਲਾਇਬਰੇਰੀ ਚੋਂ ਲੱਭੀ ਤਾਂ ਜਾ ਕੇ 1846 ਚ ਇਹਦੀ ਦੂਜੀ ਛਾਪ (ਐਡੀਸ਼ਨ) ਲੰਡਨ ਵਿੱਚ ਛਾਪੀ ਗਈ। ਅੰਗਰੇਜ਼ੀ ਦੀ ਇਹ ਕਿਤਾਬ ਪੰਜਾਬ ਸਰਕਾਰ ਦੇ ਭਾਸ਼ਾ ਵਿਭਾਗ ਨੇ 1971 ਚ ਛਾਪੀ।

ਇਸ ਕਿਤਾਬ ਦਾ ਸਿਰਲੇਖ (ਟਾਈਟਲ) ਇਹ ਹੈ “Travels in the PANJAB, AFGHANISTAN and TURKISTAN, to Balakh, Bukhara and Herat and A visit to Great Britain and Germany (By Mohan Lal)”।

ਕਪੂਰਥਲੇ ਵਿਚਲੇ ਪਿੰਡ ਮਕਸੂਦਪੁਰ ਤੋਂ ਦਿਸ ਰਹੀ ਧੌਲੀਧਾਰ ਪਹਾੜ ਲੜੀ ਦਾ ਇਕ ਦਿ੍ਰਸ਼ (3 ਅਪਰੈਲ 2020)

ਇਸ ਕਿਤਾਬ ਦਾ ਲਿਖਾਰੀ ਮੋਹਣ ਲਾਲ ਇੱਕ ਅੰਗਰੇਜ਼ ਸਫ਼ੀਰ ਲੈਫਟੀਨੈਂਟ (ਬਾਅਦ ਚ ’ਸਰ’) ਅਲੈਗਜ਼ੈਂਡਰ ਬਰਨੀਜ਼ ਨਾਲ ਦੁਭਾਸ਼ੀਏ ਵਜੋਂ ਤਾਇਨਾਤ ਸੀ ਜੋ ਬਾਅਦ ਅੰਗਰੇਜ਼ ਸਰਕਾਰ ਦੇ ਕਾਬੁਲ ਮਿਸ਼ਨ ਚ ਵੀ ਤਾਇਨਾਤ ਰਿਹਾ।ਮਿਸਟਰ ਅਲੈਗਜ਼ੈਂਡਰ ਬਰਨੀਜ਼ ਨੇ ਦਿੱਲੀਓਂ ਆਪਦਾ ਸਫਰ 20 ਦਸੰਬਰ 1831 ਨੂੰ ਸ਼ੁਰੂ ਕੀਤਾ। 23 ਦਸੰਬਰ ਨੂੰ ਪਾਣੀਪਤ ਕੋਲ ਸੜਕ ਤੇ ਜਾਂਦਾ ਉਨਾਂ ਨੂੰ ਮਹਾਰਾਜਾ ਪਟਿਆਲਾ ਵੀ ਰੁਕ ਕੇ ਮਿਲਿਆ ਜੋ ਦਿੱਲੀ ਜਾ ਰਿਹਾ ਸੀ ਵਾਇਸਰਾਏ ਵਿਲੀਅਮ ਬੈਂਟਿਕ ਨੂੰ ਮਿਲਣ ਵਾਸਤੇ।

ਗੁਰਦਾਸਪੁਰ ਵਿਚਲੇ ਪਿੰਡ ਹੇਮਰਾਜਪੁਰ ਤੋਂ ਦਿਸ ਰਹੀ ਧੌਲੀਧਾਰ ਪਹਾੜ ਲੜੀ ਦਾ ਇਕ ਦਿ੍ਰਸ਼ (3 ਅਪਰੈਲ 2020)

ਅਲੈਗਜ਼ੈਂਡਰ 30 ਦਸੰਬਰ ਨੂੰ ਲੁਧਿਆਣੇ ਪੁੱਜ ਗਿਆ ਤੇ ਮਹਾਂਰਾਜਾ ਰਣਜੀਤ ਸਿੰਘ ਦੇ ਰਾਜ ਦੀ ਹੱਦ ਚ ਦਾਖਲ ਹੋਣ ਦੀ ਮਨਜ਼ੂਰੀ ਮਿਲਣ ਮਗਰੋਂ 3 ਜਨਵਰੀ 1832 ਨੂੰ ਲੁਧਿਆਣਿਓਂ ਲਾਹੌਰ ਜਾਣ ਵਾਸਤੇ ਸਤਲੁਜ ਦਰਿਆ ਦੇ ਨਾਲ-ਨਾਲ ਪੱਛਮ ਵੱਲ ਨੂੰ ਦਰਿਆ ਦੇ ਵਹਿਣ ਵੱਲ ਹੋ ਤੁਰਿਆ।

ਲੁਧਿਆਣਿਓਂ 8 ਮੀਲ ਅਗਾਂਹ ਤੁਰ ਕੇ ਭੂੰਦੜੀ ਤੋਂ ਪਹਿਲਾਂ ਗੌਂਸਪੁਰ ਦੇ ਮੁਕਾਮ ਤੇ ਦਰਿਆ ਕੰਢੇ ਰਾਤ ਕੱਟੀ ਜਿੱਥੇ ਮਹਾਾਂਰਜੇ ਦੇ ਇੱਕ ਅਫਸਰ ਨੇ ਓਹਨਾ ਦੀ ਰੋਟੀ ਪਾਣੀ ਦਾ ਇੰਤਜਾਮ ਕੀਤਾ।

ਅਲੈਗਜ਼ੈਂਡਰ ਦਾ ਸਹਾਇਕ ਅਤੇ ਕਿਤਾਬ ਦਾ ਲਿਖਾਰੀ ਮੋਹਣ ਲਾਲ ਕਿਤਾਬ ਦੇ ਸਫ਼ਾ ਨੰਬਰ 6 ਤੇ ਲਿਖਦਾ ਹੈ ਕਿ 4 ਜਨਵਰੀ 1832 ਦੀ ਹੱਡ ਚੀਰਵੀਂ ਸਵੇਰ ਨੂੰ ਜਦੋਂ ਅਸੀਂ ਉੱਠੇ ਤਾਂ ਮੈਨੂੰ ਉੱਚੇ-ਉੱਚੇ ਪਹਾੜ ਨਜ਼ਰੀਂ ਪਏ ਜੋ ਕਿ ਸਾਰੇ ਦੇ ਸਾਰੇ ਬਰਫ਼ ਨਾਲ ਚਿੱਟੇ ਹੋਏ ਪਏ ਸੀ ।ਜ਼ਾਹਿਰਾ ਤੌਰ ਤੇ ਮੋਹਣ ਲਾਲ ਧੌਲੀਧਾਰ ਪਹਾੜ ਦਾ ਜ਼ਿਕਰ ਕਰ ਰਿਹਾ ਸੀ। ਇਹ ਕਿਤਾਬ ਮੈਂ ਵੀਹ ਵਰ੍ਹੇ ਪਹਿਲਾਂ ਪੜੀ ਸੀ। ਪਰ ਵੀਹ ਸਾਲਾਂ ਚ ਘੱਟੋ ਘੱਟ ਵੀਹ ਬੰਦਿਆਂ ਨੇ ਮੇਰੇ ਇਸ ਹਵਾਲੇ ਉੱਤੇ ਇਤਬਾਰ ਨਹੀਂ ਸੀ ਕੀਤਾ।

ਬੀਤੇ ਦਸ ਦਿਨਾਂ ਤੋਂ ਕਰਫਿਊ ਦੇ ਸਬੱਬ ਨਾਲ ਮਨੁੱਖ ਵੱਲੋਂ ਪ੍ਰਦੂਸ਼ਣ (ਪਲੂਸ਼ਨ) ਫੈਲਾਉਣ ਵਾਲੀ ਸਾਰੀ ਨਕਲੋ-ਹਰਕਤ ਰੁਕਣ ਨਾਲ ਹੀ ਇਹ ਸੰਭਵ ਹੋਇਆ ਹੈ ਕਿ ਅਸੀਂ ਦੇਖ ਸਕੇ ਹਾਂ ਸਾਡੇ ਵਡੇਰੇ ਕਿੰਨੀ ਦੂਰ ਦੁਰੇਡੇ ਤੱਕ ਦੇਖ ਸਕਦੇ ਸੀ।


Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

24 ਜਨਵਰੀ ਦਰਿਆਈ ਪਾਣੀਆਂ ਦੇ ਮਾਮਲੇ ਤੇ ਹੋਈ ਮੀਟਿੰਗ ਵਿਚ ਸਾਰੀਆਂ ਸਿਆਸੀ ਪਾਰਟੀਆਂ ਨੇ ਕੁਝ ਕੱਢਣ ਦੀ ਬਜਾਏ ਅਸਲ ਮੁੱਦੇ ਦੱਬਣ ਤੇ ਸਰਬ ਸੰਮਤੀ ਦਿਖਾਈ ਹੈ।
ਪੰਜਾਬ ਵਿੱਚ ਦੁੱਧ 'ਚ ਪਾਣੀ ਰਲਾ ਕੇ ਵੇਚਣਾ ਇੱਕ ਫੌਜਦਾਰੀ ਜ਼ੁਰਮ ਹੈ, ਇੰਡੀਅਨ ਪੀਨਲ ਕੋਡ ਦੀ ਦਫ਼ਾ 272 ਤਹਿਤ ਇਸ ਜੁਰਮ ਬਦਲੇ ਮੁਜਰਮ 6 ਮਹੀਨੇ ਦੀ ਸਜ਼ਾ ਦਾ ਹੱਕਦਾਰ ਹੈ।
ਅੱਜ ਕੱਲ ਟੀ.ਵੀ ਬਹਿਸਾਂ, ਰੈਲੀਆਂ ਅਤੇ ਪੰਚਾਇਤੀ ਚੋਣ ਜਲਸਿਆਂ ਵਿੱਚ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਅਤੇ ਇਹਦੇ ਨਾਲ ਤਾਅਲੁੱਕ ਰੱਖਣ ਵਾਲੇ ਗੋਲੀ ਕਾਂਡਾਂ ਦੀ ਚਰਚਾ ਵਿੱਚ ਸਿੱਧਮ ਸਿੱਧਾ ਦੋਸ਼ ਪਿਛਲੀ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: