ਅੰਮ੍ਰਿਤਸਰ (11 ਅਕਤੂਬਰ, 2014): ਜੰਮੂ ਕਸ਼ਮੀਰ ਵਿੱਚ ਹੜਾ ਕੲਰਨ ਹੋਏ ਨੁਕਸਾਨ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੀ ਜਾਂਚ ਟੀਮ ਨੇ ਜੋ ਵੇਰਵੇ ਇਕੱਠੇ ਕੀਤੇ ਹਨ, ਉਸ ਮੁਤਾਬਕ ਸ੍ਰੀਨਗਰ ਵਿੱਚ ਲਗਭਗ 124 ਸਿੱਖ ਪਰਿਵਾਰਾਂ ਦੇ ਘਰਾਂ ਨੂੰ ਨੁਕਸਾਨ ਪੁੱਜਾ ਹੈ। ਇਨ੍ਹਾਂ ਵਿੱਚੋਂ 50 ਫ਼ੀਸਦੀ ਘਰ ਪੂਰੀ ਤਰ੍ਹਾਂ ਢਹਿ ਢੇਰੀ ਹੋ ਗਏ ਹਨ ਅਤੇ ਬਾਕੀ ਘਰਾਂ ਵਿੱਚੋਂ ਕਿਸੇ ਦੀ ਛੱਤ ਨੂੰ ਅਤੇ ਕਿਸੇ ਦੀਆਂ ਕੰਧਾਂ ਨੂੰ ਤੇ ਕਿਸੇ ਦੇ ਫਰਸ਼ ਸਮੇਤ ਸਾਮਾਨ ਨੂੰ ਨੁਕਸਾਨ ਪੁੱਜਾ ਹੈ। ਇਸੇ ਤਰ੍ਹਾਂ ਕਾਰੋਬਾਰ ਨੂੰ ਹੋਏ ਨੁਕਸਾਨ ਸਬੰਧੀ ਵੀ ਵੇਰਵੇ ਇਕੱਠੇ ਕੀਤੇ ਹਨ, ਜਿਸ ਵਿੱਚ ਦੁਕਾਨਾਂ ਤੇ ਨੁਕਸਾਨੇ ਗਏ ਮਾਲ ਦੇ ਅੰਕੜੇ ਸ਼ਾਮਲ ਹਨ। ਸਮੁੱਚੇ ਅੰਕੜਿਆਂ ਨੂੰ ਤਿੰਨ ਸ਼੍ਰੇਣੀਆਂ ਵਿੱਚ ਵੰਡਿਆ ਗਿਆ ਹੈ।
ਸ੍ਰੀਨਗਰ ਦੇ ਹੜ੍ਹ ਪ੍ਰਭਾਵਿਤ ਸਿੱਖਾਂ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਲੋੜੀਂਦੀ ਮਦਦ ਦੇਣ ਲਈ ਸਬ ਕਮੇਟੀ ਦਾ ਗਠਨ ਕੀਤਾ ਗਿਆ ਹੈ। ਇਹ ਕਮੇਟੀ ਆਪਣੀ ਰਾਇ ਜਲਦੀ ਹੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੂੰ ਸੌਂਪੇਗੀ।ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਜਾਇਜ਼ਾ ਲੈਣ ਗਈ ਸ਼੍ਰੋਮਣੀ ਕਮੇਟੀ ਦੀ ਟੀਮ ਨੇ ਇਸ ਸਬੰਧੀ ਵੇਰਵੇ ਸਹਿਤ ਰਿਪੋਰਟ ਪ੍ਰਧਾਨ ਨੂੰ ਸੌਂਪ ਦਿੱਤੀ ਹੈ।

ਇਸ ਦੀ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਦੱਸਿਆ ਕਿ ਸ੍ਰੀਨਗਰ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਜਿਨ੍ਹਾਂ ਸਿੱਖਾਂ ਦੇ ਘਰਾਂ ਦੀਆਂ ਇਮਾਰਤਾਂ ਢਹਿ ਢੇਰੀ ਹੋ ਗਈਆਂ ਹਨ ਅਤੇ ਕਾਰੋਬਾਰ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ, ਨੂੰ ਢੁੱਕਵੀਂ ਮਦਦ ਦੇਣ ਲਈ ਜਲਦੀ ਹੀ ਫ਼ੈਸਲਾ ਕੀਤਾ ਜਾਵੇਗਾ।
ਇਹ ਮਦਦ ਕਿਸ ਰੂਪ ਵਿੱਚ ਹੋਵੇਗੀ ਅਤੇ ਕਿੰਨੀ ਹੋਵੇਗੀ, ਇਸ ਬਾਰੇ ਫ਼ੈਸਲਾ ਸਬ ਕਮੇਟੀ ਦੀ ਰਿਪੋਰਟ ਉਪਰ ਆਧਾਰਿਤ ਹੋਵੇਗਾ। ਉਨ੍ਹਾਂ ਦੱਸਿਆ ਕਿ ਪੰਜ ਮੈਂਬਰੀ ਕਮੇਟੀ ਵਿੱਚ ਅੰਤ੍ਰਿੰਗ ਕਮੇਟੀ ਮੈਂਬਰ ਰਜਿੰਦਰ ਸਿੰਘ ਮਹਿਤਾ, ਕਰਨੈਲ ਸਿੰਘ ਪੰਜੋਲੀ, ਗੁਰਬਚਨ ਸਿੰਘ ਕਰੰਮੂਵਾਲ, ਸਕੱਤਰ ਮਨਜੀਤ ਸਿੰਘ ਤੇ ਵਧੀਕ ਸਕੱਤਰ ਦਲਜੀਤ ਸਿੰਘ ਬੇਦੀ ਸ਼ਾਮਲ ਹਨ।
ਜ਼ਿਕਰਯੋਗ ਹੈ ਕਿ ਸ਼੍ਰੋਮਣੀ ਕਮੇਟੀ ਦੀ ਟੀਮ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚੋਂ ਪ੍ਰਭਾਵਿਤ ਹੋਏ ਸਿੱਖਾਂ ਬਾਰੇ ਵੇਰਵੇ ਇਕੱਠੇ ਕੀਤੇ ਗਏ ਹਨ। ਇਸ ਤੋਂ ਪਹਿਲਾਂ ਰਾਹਤ ਸਮੱਗਰੀ ਅਤੇ ਮੈਡੀਕਲ ਸਹਾਇਤਾ ਬਿਨਾਂ ਕਿਸੇ ਭੇਦ ਭਾਵ ਦੇ ਹਰ ਧਰਮ ਅਤੇ ਜਾਤ ਦੇ ਲੋਕਾਂ ਨੂੰ ਮੁਹੱਈਆ ਕਰਾਈ ਗਈ ਸੀ। ਇਹ ਰਾਹਤ ਹੁਣ ਵੀ ਜਾਰੀ ਹੈ ਅਤੇ ਭਵਿੱਖ ਵਿੱਚ ਵੀ ਜਾਰੀ ਰੱਖੀ ਜਾਵੇਗੀ। ਸ਼੍ਰੋਮਣੀ ਕਮੇਟੀ ਵੱਲੋਂ ਹੁਣ ਤੱਕ ਲਗਭਗ 800 ਟਨ ਰਾਸ਼ਨ ਵਜੋਂ ਵੰਡਿਆ ਜਾ ਚੁੱਕਾ ਹੈ। ਇਸ ‘ਚ ਹਜ਼ਾਰਾਂ ਦੀ ਗਿਣਤੀ ਵਿੱਚ ਕੰਬਲ ਅਤੇ ਗਰਮ ਕੱਪੜੇ ਵੀ ਸ਼ਾਮਲ ਹਨ।
ਇਸ ਤੋਂ ਇਲਾਵਾ ਲੱਖਾਂ ਰੁਪਇਆਂ ਦੀ ਮੈਡੀਕਲ ਮਦਦ ਵੀ ਸ਼ਾਮਲ ਹੈ। ਸ਼੍ਰੋਮਣੀ ਕਮੇਟੀ ਵੱਲੋਂ ਸ੍ਰੀਨਗਰ ਦੇ ਬੜਗਾਮ ਸਥਿਤ ਗੁਰਦੁਆਰਾ ਸ਼ਹੀਦ ਬੁੰਗਾ ਵਿਖੇ ਰਾਹਤ ਕੈਂਪ ਸਥਾਪਤ ਕੀਤਾ ਗਿਆ ਹੈ, ਜੋ 9 ਸਤੰਬਰ ਤੋਂ ਲਗਾਤਾਰ ਜਾਰੀ ਹੈ।
ਸਿੱਖ ਸੰਸਥਾ ਵੱਲੋਂ ਰਾਹਤ ਸਮੱਗਰੀ ਵੰਡਣ ਦੀ ਪ੍ਰਕਿਰਿਆ ਤਹਿਤ ਵੱਖ ਵੱਖ ਇਲਾਕਿਆਂ ਵਿੱਚ ਸਿੱਖ ਭਾਈਚਾਰੇ ਦੀਆਂ ਕਮੇਟੀਆਂ ਬਣਾਈਆਂ ਗਈਆਂ ਹਨ। ਇਨ੍ਹਾਂ ਕਮੇਟੀਆਂ ਦੇ ਮੁਖੀ ਅਤੇ ਅਹੁਦੇਦਾਰ ਬਣਾਏ ਗਏ ਹਨ, ਜਿਨ੍ਹਾਂ ਨੂੰ ਰਾਹਤ ਸਮੱਗਰੀ ਸੌਂਪੀ ਗਈ ਹੈ ਅਤੇ ਅਗਾਂਹ ਇਨ੍ਹਾਂ ਕਮੇਟੀਆਂ ਵੱਲੋਂ ਆਪਣੇ ਇਲਾਕਿਆਂ ਦੇ ਪੀੜਤ ਪਰਿਵਾਰਾਂ ਨੂੰ ਰਾਹਤ ਸਮੱਗਰੀ ਵੰਡੀ ਜਾ ਰਹੀ ਹੈ।
ਸ਼੍ਰੋਮਣੀ ਕਮੇਟੀ ਵੱਲੋਂ 13 ਅਕਤੂਬਰ ਨੂੰ ਭਾਈ ਗੁਰਦਾਸ ਹਾਲ ਅਤੇ ਪਠਾਨਕੋਟ ਤੋਂ ਰਾਹਤ ਸਮੱਗਰੀ ਦੇ ਹੋਰ ਟਰੱਕ ਵੀ ਸ੍ਰੀਨਗਰ ਰਵਾਨਾ ਕੀਤੇ ਜਾਣਗੇ।