ਫਤਿਹਗੜ੍ਹ ਸਾਹਿਬ (ਮੇਜਰ ਸਿੰਘ/ਨਰਿੰਦਰ ਪਾਲ ਸਿੰਘ): ਡੇਰਾ ਸਿਰਸਾ ਮੁਖੀ ਮੁਆਫੀ ਮਾਮਲੇ ਵਿੱਚ ਬਾਦਲ ਦਲ ਦੇ ਸ੍ਰਪਰਸਤ ਪ੍ਰਕਾਸ਼ ਸਿੰਘ ਬਾਦਲ ਅਤੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਭੂਮਿਕਾ ਦਾ ਇੰਕਸ਼ਾਫ ਕਰਨ ਵਾਲੇ ਸ਼੍ਰੋਮਣੀ ਕਮੇਟੀ ਵਲੋਂ ਥਾਪੇ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ ਗਿਆਨੀ ਗੁਰਮੁਖ ਸਿੰਘ ਖਿਲਾਫ ਕਾਰਵਾਈ ਕਰਦਿਆਂ ਸ਼੍ਰੋਮਣੀ ਕਮੇਟੀ ਦੀ ਕਾਰਜਕਾਰਣੀ ਨੇ ਅੱਜ ਗਿਆਨੀ ਗੁਰਮੁਖ ਸਿੰਘ ਨੂੰ ਜਥੇਦਾਰੀ ਤੋਂ ਹਟਾਕੇ ਗੁਰਦੁਆਰਾ ਨੌਵੀਂ ਪਾਤਸ਼ਾਹੀ (ਜੀਂਦ) ਵਿਖੇ ਬਤੌਰ ਹੈਡ ਗ੍ਰੰਥੀ ਤਬਾਦਲਾ ਕਰ ਦਿੱਤਾ ਹੈ।

ਕਾਰਜਕਾਰਣੀ ਨੇ ਸ੍ਰੀ ਮੁਕਤਸਰ ਸਾਹਿਬ ਦੇ ਹੈਡ ਗ੍ਰੰਥੀ ਭਾਈ ਹਰਪ੍ਰੀਤ ਸਿੰਘ ਨੂੰ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਦੀ ਜ਼ਿੰਮੇਵਾਰੀ ਸੌਂਪੀ ਹੈ। ਅੱਜ ਫਤਿਹਗੜ੍ਹ ਸਾਹਿਬ ਵਿਖੇ ਹੋਈ ਕਾਰਜਕਾਰਣੀ ਦੀ ਇੱਕਤਰਤਾ ਬਾਰੇ ਜਾਣਕਾਰੀ ਦਿੰਦਿਆਂ ਕਮੇਟੀ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਨੇ ਦੱਸਿਆ ਕਿ ਤਖਤ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਗੁਰਮੁਖ ਸਿੰਘ ਨੂੰ ਤਬਦੀਲ ਕਰ ਦਿੱਤਾ ਗਿਆ ਹੈ ਤੇ ਉਨ੍ਹਾਂ ਦੀ ਜਗ੍ਹਾ ਤੇ ਮੁਕਤਸਰ ਸਾਹਿਬ ਦੇ ਹੈਡ ਗ੍ਰੰਥੀ ਭਾਈ ਹਰਪ੍ਰੀਤ ਸਿੰਘ ਨੁੰ ਤਖਤ ਦਮਦਮਾ ਸਾਹਿਬ ਦੇ ਜਥੇਦਾਰ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।
ਦੂਜੇ ਪਾਸੇ ਕਾਰਜਕਾਰਣੀ ਮੈਂਬਰ ਸੁਰਜੀਤ ਸਿੰਘ ਕਾਲਾਬੂਲਾ ਵਲੋਂ ਸਿਰਫ ਗੁਰਮੁਖ ਸਿੰਘ ਨੂੰ ਹੀ ਬਦਲੇ ਜਾਣ ਦੀ ਪ੍ਰਕਿਰਿਆ ‘ਤੇ ਵਿਰੋਧ ਜਤਾਉਂਦਿਆਂ ਡੇਰਾ ਸਿਰਸਾ ਮੁਖੀ ਮੁਆਫੀ ਮਾਮਲੇ ਵਿੱਚ ਕਮੇਟੀ ਪ੍ਰਬੰਧ ਹੇਠਲੇ ਬਾਕੀ ਦੋ ਜਥੇਦਾਰਾਂ ਗਿਆਨੀ ਗੁਰਬਚਨ ਸਿੰਘ ਅਤੇ ਗਿਆਨੀ ਮਲ੍ਹ ਸਿੰਘ ਨੂੰ ਹਟਾਏ ਜਾਣ ਦੀ ਮੰਗ ਵੀ ਕੀਤੀ ਗਈ। ਜ਼ਿਕਰਯੋਗ ਹੈ ਕਿ 12 ਜਨਵਰੀ 2015 ਨੂੰ ਫਤਿਹਗੜ੍ਹ ਸਾਹਿਬ ਵਿਖੇ ਹੋਈ ਸ਼੍ਰੋਮਣੀ ਕਮੇਟੀ ਕਾਰਜਕਾਰਣੀ ਨੇ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਨੂੰ ਨੌਕਰੀ ਤੋਂ ਮੁਕਤ ਕਰ ਦਿੱਤਾ ਸੀ ਅਕਾਲ ਤਖਤ ਸਾਹਿਬ ਦੇ ਹੈਡ ਗ੍ਰੰਥੀ ਵਜੋਂ ਸੇਵਾ ਕਰ ਰਹੇ ਗਿਆਨੀ ਗੁਰਮੁੱਖ ਸਿੰਘ ਨੂੰ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਵਜੋਂ ਲਾ ਦਿੱਤਾ ਗਿਆ ਸੀ।
ਸਬੰਧਤ ਖ਼ਬਰ:
ਗਿਆਨੀ ਗੁਰਮੁੱਖ ਸਿੰਘ ਮੁਤਾਬਕ; ਡੇਰਾ ਸਿਰਸਾ ਮੁਖੀ ਨੂੰ ਮੁਆਫੀ ਦੇਣ ਦੇ ਹੁਕਮ ਬਾਦਲਾਂ ਨੇ ਦਿੱਤੇ ਸਨ …