ਨਵੀਂ ਦਿੱਲੀ: ਸਿੱਖਾਂ ਦੀ ਧਾਰਮਿਕ ਖੇਤਰ ਵਿੱਚ ਨੁਮਾਂਇੰਦਗੀ ਕਰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ ਸਹਿਜਧਾਰੀ ਸਿੱਖਾਂ ਦੇ ਨਾਂ ‘ਤੇ ਗੈਰ ਸਿੱਖਾਂ ਦੇ ਵੋਟ ਦੇ ਹੱਕ ਨੂੰ ਅੱਜ ਭਾਰਤੀ ਸੰਸਦ ਨੇ ਖਤਮ ਕਰ ਦਿੱਤਾ ਹੈ।
ਸੰਸਦ ਨੇ 1925 ਵਿਚ ਬਣੇ 91 ਸਾਲ ਪੁਰਾਣੇ ਬਿੱਲ ‘ਚ ਸੋਧ ਕਰਕੇ ਭਾਈਚਾਰੇ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਮੰਗ ਪੂਰੀ ਕਰ ਦਿੱਤੀ ਹੈ। ਸਿੱਖ ਗੁਰਦੁਆਰਾ (ਸੋਧ) ਬਿੱਲ, 2016 ਨੂੰ ਰਾਜ ਸਭਾ ਨੇ ਮਹੀਨਾ ਕੁ ਪਹਿਲਾਂ ਪਾਸ ਕਰ ਦਿੱਤਾ ਸੀ ਅਤੇ ਲੋਕ ਸਭਾ ਨੇ ਬਿੱਲ ਨੂੰ ਅੱਜ ਜ਼ੁਬਾਨੀ ਵੋਟ ਰਾਹੀਂ ਪ੍ਰਵਾਨਗੀ ਦੇ ਦਿੱਤੀ ਹੈ। ਬਿੱਲ ’ਤੇ ਹੋਈ ਬਹਿਸ ਦਾ ਜਵਾਬ ਦਿੰਦਿਆਂ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਸਹਿਜਧਾਰੀਆਂ ਨੂੰ ਵੋਟਿੰਗ ਦਾ ਹੱਕ ਨਾ ਦੇਣ ਦੀ ਮੰਗ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਅਤੇ ਅਹੁਦੇਦਾਰਾਂ ਨੇ ਕੀਤੀ ਸੀ।

ਉਨ੍ਹਾਂ ਕਿਹਾ,‘ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰ ਅਤੇ ਮੈਂਬਰ ਅਕਸਰ ਇਹ ਮੰਗ ਕਰਦੇ ਸਨ ਕਿ ਜੋ ਸਿੱਖ ਨਹੀਂ ਹਨ, ਉਨ੍ਹਾਂ ਨੂੰ ਵੋਟਿੰਗ ਦਾ ਹੱਕ ਨਹੀਂ ਦਿੱਤਾ ਜਾਣਾ ਚਾਹੀਦਾ। ਸ਼੍ਰੋਮਣੀ ਕਮੇਟੀ ਦੀ ਆਮ ਸਭਾ ਨੇ 2001 ’ਚ ਇਸ ਬਾਬਤ ਮਤਾ ਵੀ ਪਾਸ ਕੀਤਾ ਸੀ। ਹਾਈ ਕੋਰਟ ਨੇ ਵੀ ਕਿਹਾ ਹੈ ਕਿ ਢੁੱਕਵਾਂ ਬਿਲ ਪਾਸ ਕਰਨ ਦੀ ਲੋੜ ਹੈ। ਇਥੋਂ ਤੱਕ ਕਿ ਰਾਜ ਸਭਾ ਨੇ ਵੀ ਬਿੱਲ ਨੂੰ ਸਰਬਸੰਮਤੀ ਨਾਲ ਪਾਸ ਕਰ ਦਿੱਤਾ।’’
ਇਸ ਤੋਂ ਪਹਿਲਾਂ ਬਿੱਲ ’ਤੇ ਹੋਈ ਬਹਿਸ ਦੌਰਾਨ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ, ਕਾਂਗਰਸ ਦੇ ਸੰਤੋਖ ਸਿੰਘ ਚੌਧਰੀ, ਰਵਨੀਤ ਸਿੰਘ ਬਿੱਟੂ ਅਤੇ ਆਮ ਆਦਮੀ ਪਾਰਟੀ ਦੇ ਭਗਵੰਤ ਮਾਨ ਵਿਚਕਾਰ ਤਿੱਖੀ ਨੋਕ-ਝੋਕ ਹੋਈ।
ਸ੍ਰੀ ਬਿੱਟੂ ਨੇ ਕਿਹਾ,‘‘ਸਿੱਖ ਗੁਰਦੁਆਰਾ ਐਕਟ ਦਾ ਨਾਮ ਬਦਲ ਕੇ ਬਾਦਲ ਗੁਰਦੁਆਰਾ ਐਕਟ ਰੱਖ ਦੇਣਾ ਚਾਹੀਦਾ ਹੈ। ਤੁਸੀਂ ਸਾਜ਼ਿਸ਼ ਕਰ ਕੇ ਪਰਿਵਾਰਾਂ ’ਚ ਵੰਡੀਆਂ ਪਾਉਣ ਦੀ ਕੋਸ਼ਿਸ਼ ਕਰ ਰਹੇ ਹੋ। ਤੁਸੀਂ 70 ਲੱਖ ਸਿੱਖਾਂ ਨਾਲ ਗ਼ਲਤ ਕਰ ਰਹੇ ਹੋ ਜਿਨ੍ਹਾਂ ਨੂੰ ਐਸਜੀਪੀਸੀ ’ਚ ਵੋਟਿੰਗ ਦਾ ਪਿਛਲੇ 60 ਸਾਲਾਂ ਤੋਂ ਹੱਕ ਸੀ। ਤੁਸੀਂ ਪੰਜਾਬ ਦੇ ਪਹਿਲਾਂ ਤੋਂ ਘੱਟ ਗਿਣਤੀ ਫਿਰਕੇ ਦਾ ਦਰਜਾ ਹੋਰ ਘਟਾ ਰਹੇ ਹੋ।’’
ਸ੍ਰੀ ਬਿੱਟੂ ਨੇ ਕਿਹਾ ਕਿ ਦੇਸ਼ ’ਚ ਸਿੱਖਾਂ ਦੀ ਅਬਾਦੀ ਪੌਣੇ ਦੋ ਕਰੋੜ ਹੈ ਅਤੇ ਸਿੱਖ ਗੁਰਦੁਆਰਾ ਐਕਟ ’ਚ ਸੋਧ ਨਾਲ 70 ਲੱਖ ਸਿੱਖ ਹੋਰ ਘੱਟ ਹੋ ਜਾਣਗੇ। ਉਨ੍ਹਾਂ ਕਿਹਾ ਕਿ ਐਕਟ ’ਚ ਸੋਧ ਕਰਨਾ ਠੀਕ ਨਹੀਂ ਹੋਏਗਾ ਕਿਉਂਕਿ ਪਹਿਲਾਂ ਤੋਂ ਹੀ ਅਦਾਲਤਾਂ ’ਚ ਕਈ ਕੇਸ ਚੱਲ ਰਹੇ ਹਨ।
ਅਕਾਲੀ ਦਲ ਦੇ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਬਿੱਲ ਪਾਸ ਹੋ ਜਾਣ ਨਾਲ ਫਿਰਕੇ ਅੰਦਰ ਕੋਈ ਵੰਡੀਆਂ ਨਹੀਂ ਪੈਣਗੀਆਂ ਅਤੇ ਦੋਸ਼ ਲਾਇਆ ਕਿ ਜੋ ਇਸ ਤਰਮੀਮ ਨੂੰ ਪਾਸ ਹੋਣ ਤੋਂ ਰੋਕਣ ਦੀ ਕੋਸ਼ਿਸ਼ ਕਰ ਰਹੇ ਹਨ, ਉਹ ਹੀ ਗੁਰਦੁਆਰਿਆਂ ’ਚ ਗ਼ੈਰਕਾਨੂੰਨੀ ਸਰਗਰਮੀਆਂ ’ਚ ਸ਼ਾਮਲ ਹਨ। ਬਿਲ ਦੀ ਹਮਾਇਤ ਕਰਦਿਆਂ ਭਾਜਪਾ ਦੀ ਮੀਨਾਕਸ਼ੀ ਲੇਖੀ ਨੇ ਕਿਹਾ ਕਿ ਜੋ ਸਿੱਖੀ ਦੇ ਮੂਲ ਸਿਧਾਂਤਾਂ ਨੂੰ ਨਹੀਂ ਮੰਨਦੇ, ਉਨ੍ਹਾਂ ਨੂੰ ਗੁਰਦੁਆਰਿਆਂ ਦੇ ਪ੍ਰਬੰਧ ਦੀ ਚੋਣ ਦਾ ਹਿੱਸਾ ਨਹੀਂ ਬਣਾਇਆ ਜਾ ਸਕਦਾ।
ਇਸ ਖਬਰ ਨੂੰ ਅੰਗਰੇਜ਼ੀ ਵਿੱਚ ਪੜ੍ਹਨ ਲਈ ਵੇਖੋ:
Bill to exclude Sehajdharis from SGPC polls passed by Lok Sabha too
ਪੰਜਾਬ ’ਚ ਧਰਮ ਦੀ ਵਰਤੋਂ ਸਿਆਸੀ ਲਾਹੇ ਵਜੋਂ ਵਰਤੇ ਜਾਣ ਦਾ ਦੋਸ਼ ਲਾਉਂਦਿਆਂ ਭਗਵੰਤ ਮਾਨ (ਆਪ) ਨੇ ਕਿਹਾ,‘‘ਪੰਜਾਬ ’ਚ ਸੀਟਾਂ ਘਟਦੀਆਂ ਦੇਖ ਕੇ ਉਹ ਇਸ ਦੀ ਦੁਰਵਰਤੋਂ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।’’
ਬਹਿਸ ’ਚ ਦਖ਼ਲ ਦਿੰਦਿਆਂ ਕੇਂਦਰੀ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਆਗੂ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਬਿੱਲ ਪਾਸ ਹੋਣ ਨਾਲ ਸਿੱਖਾਂ ਨੂੰ ਛੱਡ ਕੇ ਕਿਸੇ ਹੋਰ ਫਿਰਕੇ ’ਤੇ ਇਸ ਦਾ ਅਸਰ ਨਹੀਂ ਪੈਣ ਵਾਲਾ। ਉਨ੍ਹਾਂ ਕਿਹਾ,‘‘ਗ਼ੈਰ-ਸਿੱਖ ਇਹ ਫ਼ੈਸਲਾ ਨਹੀਂ ਕਰ ਸਕਦੇ ਕਿ ਕੌਣ ਵੋਟਾਂ ਪਾ ਸਕਦਾ ਹੈ। ਸਿੱਖਾਂ ਨੇ ਹੀ ਤੈਅ ਕਰਨਾ ਹੈ ਕਿ ਕਿਸ ਨੂੰ ਹੱਕ ਦਿੱਤਾ ਜਾਵੇ। ਇਸ ਮਸਲੇ ’ਤੇ ਸਿਆਸਤ ਨਾ ਕਰੋ ਅਤੇ ਮਖੌਲ ਨਾ ਉਡਾਉ।’’