ਵੈਨਕੂਵਰ (5 ਮਾਰਚ , 2015): ਵੈਨਕੂਵਰ ਦੀਆਂ ਯੂਨੀਵਰਸਿਟੀਆਂ ਸਾਈਮਨ ਫਰੇਜ਼ਰ ਯੂਨੀਵਰਸਿਟੀ ਅਤੇ ਯੂਨੀਵਰਸਿਟੀ ਆਫ਼ ਬ੍ਰਿਟਿਸ ਕੋਲੰਬੀਆ ‘ਚ ਪੜ੍ਹਦੇ ਸਿੱਖ ਵਿਦਿਆਰਥੀਆਂ ਵੱਲੋਂ ‘ਨਿਹਾਲ’ ਨਾਂਅ ਅਧੀਨ ਯਾਦਗਾਰੀ ਨਾਟਕੀ ਸਮਾਗਮ ਕੀਤਾ ਗਿਆ।

ਇਸ ਵਿਚ ਸਿੱਖ ਸਟੂਡੈਂਟ ਐਸੋਸੀਏਸ਼ਨਾਂ ਵੱਲੋਂ ਆਪਣੇ ਹੀ ਪੱਧਰ ‘ਤੇ ਤਿਆਰ ਕੀਤੇ ਨਾਟਕ ਸ਼ਾਨਦਾਰ ਢੰਗ ਨਾਲ ਪੇਸ਼ ਕੀਤੇ ਗਏ, ਜਿਨ੍ਹਾਂ ਦਾ ਕਰੀਬ 1100 ਦਰਸ਼ਕਾਂ ਨੇ ਭਰਪੂਰ ਅਨੰਦ ਮਾਣਿਆ। ‘ਨਿਹਾਲ’ ਪ੍ਰੋਗਰਾਮ ‘ਚ ਇੰਗਲੈਂਡ ਤੋਂ ਪੁੱਜੇ ‘ਖਾਲਸਾ ਏਡ’ ਸੰਸਥਾ ਦੇ ਮੁਖੀ ਰਵੀ ਸਿੰਘ ਨੂੰ 22 ਹਜ਼ਾਰ ਡਾਲਰ ਤੋਂ ਵੱਧ ਦੀ ਰਾਸ਼ੀ ਮਾਨਵਵਾਦੀ ਕਾਰਜਾਂ ਲਈ ਦਿੱਤੀ ਗਈ, ਜਿਨ੍ਹਾਂ ਨੇ 1999 ਤੋਂ ਦੁਨੀਆ ਭਰ ‘ਚ ਪੀੜਤ ਲੋਕਾਂ ਦੀ ਮਦਦ ਦਾ ਬੀੜਾ ਚੁੱਕਿਆ ਹੋਇਆ ਹੈ।
ਸੰਸਥਾ ਮੁਖੀ ਰਵੀ ਸਿੰਘ ਨੇ ਦੱਸਿਆ ਕਿ ਅੱਜਕਲ੍ਹ ਉਹ ਇਰਾਕ ਤੇ ਸੀਰੀਆ ਦੀ ਸਰਹੱਦ ‘ਤੇ 14 ਹਜ਼ਾਰ ਲੋਕਾਂ ਨੂੰ ਭੋਜਨ ਤੇ ਹੋਰ ਲੋੜੀਂਦਾ ਸਮਾਨ ਪਹੁੰਚਾ ਰਹੇ ਹਨ। ਕੈਨੇਡਾ ‘ਚ ਸਿੱਖੀ ਵਿਰਸੇ ਦੀ ਸੰਭਾਲ ਲਈ ਕੀਤਾ ‘ਨਿਹਾਲ’ ਪ੍ਰੋਗਰਾਮ ਯਾਦਕਾਰੀ ਹੋ ਨਿੱਬੜਿਆ।