ਲੰਡਨ: ਯੂ.ਕੇ. ਦੀ ਲੇਬਰ ਪਾਰਟੀ ਨੇ 2017 ਦੀਆਂ ਆਮ ਚੋਣਾਂ ‘ਚ ਸਿੱਖਾਂ ਲਈ ਅਹਿਮ ਮੰਨੇ ਜਾਂਦੇ ਮੁੱਦੇ ਨੂੰ ਆਪਣੇ ਚੋਣ ਮਨੋਰਥ ਪੱਤਰ ‘ਚ ਸ਼ਾਮਲ ਕਰ ਲਿਆ ਹੈ। ਲੇਬਰ ਪਾਰਟੀ ਨੇ ਮਨੋਰਥ ਪੱਤਰ ਦੀ 5ਵੀਂ ਮਦ ਵਿਚ ਇਹ ਸਹੁੰ ਚੁੱਕੀ ਹੈ ਕਿ ਉਹ 1984 ‘ਚ ਭਾਰਤੀ ਫੌਜ ਵਲੋਂ ਅਕਾਲ ਤਖ਼ਤ ਸਾਹਿਬ ‘ਤੇ ਹਮਲੇ ਵੇਲੇ ਬਰਤਾਨਵੀ ਫੌਜ ਦੇ ਰੋਲ ਬਾਰੇ ਜਨਤਕ ਜਾਂਚ ਕਰਾਏਗੀ।
ਲੇਬਰ ਪਾਰਟੀ ਨੇ ਯੂ.ਕੇ. ਸਰਕਾਰ ਦੇ ਜੂਨ 1984 ‘ਚ ਦਰਬਾਰ ਸਾਹਿਬ ‘ਤੇ ਭਾਰਤੀ ਫੌਜ ਦੇ ਹਮਲੇ ਵੇਲੇ ਬਰਤਾਨੀਆ ਦੇ ਰੋਲ ਅਤੇ ਨਵੰਬਰ 1984 ‘ਚ ਯੋਜਨਾਬੱਧ ਤਰੀਕੇ ਨਾਲ ਸਿੱਖਾਂ ਦੇ ਕਤਲੇਆਮ ਬਾਰੇ ਆਜ਼ਾਦ ਜਨਤਕ ਜਾਂਚ ਕਰਾਉਣ ਦਾ ਵਾਅਦਾ ਕੀਤਾ ਹੈ। ਨਾਲ ਹੀ ਸਿੱਖਾਂ ‘ਤੇ ਬਰਤਾਨੀਆ ‘ਚ ਲਾਈਆਂ ਪਾਬੰਦੀਆਂ ਵੀ ਇਸ ਜਾਂਚ ਵਿਚ ਸ਼ਾਮਲ ਹੋਣਗੀਆਂ।

ਲੇਬਰ ਪਾਰਟੀ ਦੇ ਦੂਜੇ ਨੰਬਰ ਦੇ ਆਗੂ ਟਾਮ ਵਾਟਸਨ ਨੇ ਕਿਹਾ, “ਯੂ.ਕੇ. ਦੇ ਸਿੱਖਾਂ, ਖਾਸ ਕਰਕੇ ਮੇਰੇ ਆਪਣੇ ਹਲਕੇ ਦੇ ਸਿੱਖਾਂ ਨੂੰ ਬਹੁਤ ਝਟਕਾ ਲੱਗਿਆ ਜਦੋਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਜੂਨ 1984 ‘ਚ ਭਾਰਤੀ ਫੌਜ ਵਲੋਂ ਅਕਾਲ ਤਖ਼ਤ ਸਾਹਿਬ ‘ਤੇ ਹਮਲੇ ਵੇਲੇ ਬਰਤਾਨਵੀ ਫੌਜ ਦਾ ਵੀ ਰੋਲ ਸੀ। ਇਹ ਜਾਣਕਾਰੀ ਉਸ ਵੇਲੇ ਸਾਹਮਣੇ ਆਈ ਜਦੋਂ ਕੁਝ ਸਰਕਾਰੀ ਦਸਤਾਵੇਜ਼ਾਂ ਨੂੰ ਜਾਰੀ ਕੀਤਾ ਗਿਆ ਪਰ ਹੋਰ ਦਸਤਾਵੇਜ਼ ਹਾਲੇ ਵੀ ਲੰਬੇ ਸਮੇਂ ਤੋਂ ਲੁਕੇ ਹੋਏ ਹਨ। ਬਰਤਾਨੀਆ ਦੀ ਭੂਮਿਕਾ ਬਾਰੇ ਸੱਚਾਈ ਸਾਹਮਣੇ ਲਿਆਉਣ ਲਈ ਉਨ੍ਹਾਂ ਦਸਤਾਵੇਜ਼ਾਂ ਦਾ ਜਨਤਕ ਹੋਣਾ ਜ਼ਰੂਰੀ ਹੈ। ਅਗਲੀ ਲੇਬਰ ਪਾਰਟੀ ਦੀ ਸਰਕਾਰ ਇਨ੍ਹਾਂ ਦਸਤਾਵੇਜ਼ਾਂ ਨੂੰ ਜਨਤਕ ਕਰੇਗੀ ਅਤੇ ਆਜ਼ਾਦ ਜਾਂਚ ਕਰਾਏਗੀ।”
ਸ਼ੈਡੋ ਚਾਂਸਲਰ ਜਾਨ ਮੈਕਡੋਨੇਲ ਨੇ ਕਿਹਾ, “ਯੂ.ਕੇ. ਦੇ ਸਭਿਆਚਾਰ ਅਤੇ ਆਰਥਕ ਜੀਵਨ ‘ਚ ਸਿੱਖਾਂ ਦਾ ਅਹਿਮ ਰੋਲ ਹੈ। ਮੈਨੂੰ ਇਸ ਗੱਲ ਦਾ ਮਾਣ ਹੈ ਕਿ ਸਾਡੇ ਚੋਣ ਮਨੋਰਥ ਪੱਤਰ ‘ਚ 1984 ਸਿੱਖ ਨਸਲਕੁਸ਼ੀ ਦੀ ਜਾਂਚ ਸ਼ਾਮਲ ਹੈ। ਬਰਤਾਨੀਵੀ ਸਿੱਖ ਭਾਈਚਾਰਾ ਲੰਬੇ ਸਮੇਂ ਤੋਂ ਬਹੁਤ ਸਬਰ ਨਾਲ ਇਸਦੀ ਉਡੀਕ ਕਰ ਰਿਹਾ ਹੈ ਅਤੇ ਉਹ ਇਸਦੇ ਲਾਇਕ ਹਨ। ਜਾਂਚ ਬਰਤਾਨਵੀ ਸਰਕਾਰ ਅਤੇ ਫੌਜ ਦੇ ਕੰਮਾਂ ਨੂੰ ਉਜਾਗਰ ਕਰੇਗੀ ਅਤੇ ਬਰਤਾਨਵੀ ਸਿੱਖਾਂ ਨੂੰ ਨਿਆਂ ਮਿਲ ਸਕੇਗਾ। 20 ਸਾਲਾਂ ਤੋਂ ਇਸ ਲਈ ਪ੍ਰਚਾਰ ਕਰਨ ਕਰਕੇ ਮੈਨੂੰ ਮਾਣ ਹੈ ਕਿ ਮੈਂ ਸਚਾਈ ਸਾਹਮਣੇ ਲਿਆਉਣ ਅਤੇ ਨਿਆਂ ਦੀ ਤਲਾਸ਼ ‘ਚ ਅਗਵਾਈ ਕਰ ਰਿਹਾ ਹਾਂ।”
ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ: