ਲੰਡਨ: ਭਾਰਤੀ ਦੂਤਾਵਾਸਾਂ ਦੇ ਅਧਿਕਾਰੀਆਂ ਨੂੰ ਗੁਰਦੁਆਰਾ ਸਾਹਿਬ ਵਿੱਚ ਬੁਲਾਏ ਜਾਣ ਤੇ ਚਿੰਤਾ ਪ੍ਰਗਟ ਕਰਦਿਆਂ ਇੰਗਲੈਂਡ ‘ਚ ਆਜ਼ਾਦ ਸਿੱਖ ਰਾਜ ਖਾਲਿਸਤਾਨ ਦੇ ਨਿਸ਼ਾਨੇ ਨੂੰ ਸਮਰਪਿਤ ਅਤੇ ਯਤਨਸ਼ੀਲ ਸਿੱਖ ਜਥੇਬੰਦੀਆਂ ਦੇ ਸੰਗਠਨ ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ.ਕੇ. ਨੇ ਸਮੂਹ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਸਿੱਖ ਕੌਮ ਦੇ ਦੁਸ਼ਮਣ ਅਤੇ ਕਾਤਲ ਜਮਾਤ ਦੇ ਨੁਮਾਇੰਦਿਆਂ ਨੂੰ ਗੁਰਦੁਆਰਿਆਂ ਵਿੱਚ ਸੱਦਣ ਤੋਂ ਗੁਰੇਜ਼ ਕਰਨ।
ਉਹਨਾਂ ਕਿਹਾ ਕਿ ਸਾਡੇ ਧਿਆਨ ਵਿੱਚ ਆਇਆ ਹੈ ਕਿ ਭਾਰਤੀ ਹਾਈ ਕਮਿਸ਼ਨ ਦੇ ਅਧਿਕਾਰੀਆਂ ਨੂੰ ਸੈਂਟਰਲ ਗੁਰਦੁਆਰਾ ਸਿੰਘ ਸਭਾ ਗਲਾਸਗੋ ਵਿਖੇ ਸ਼ਨਿੱਚਰਵਾਰ 26 ਸਤੰਬਰ ਨੂੰ ਬੁਲਾਇਆ ਜਾ ਰਿਹਾ ਹੈ। ਇਸ ਵਾਸਤੇ ਭਾਰਤੀ ਓ.ਸੀ.ਆਈ. ਵੀਜ਼ਾ ਆਦਿ ਦਾ ਬਹਾਨਾ ਬਣਾ ਕੇ ਸਿੱਖ ਸੰਗਤਾਂ ਨੂੰ ਭਰਮਾਉਣ ਦਾ ਯਤਨ ਕੀਤਾ ਜਾ ਰਿਹਾ ਹੈ।

ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ.ਕੇ. ਦੇ ਕੋਆਰਡੀਨੇਟਰ ਭਾਈ ਕੁਲਦੀਪ ਸਿੰਘ ਚਹੇੜੂ, ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਅਤੇ ਭਾਈ ਜੋਗਾ ਸਿੰਘ ਵੱਲੋਂ ਸੈਂਟਰਲ ਗੁਰਦੁਆਰਾ ਸਿੰਘ ਸਭਾ ਗਲਾਸਗੋ ਦੇ ਪ੍ਰਬੰਧਕਾਂ ਨੂੰ ਸਨਿਮਰ ਅਪੀਲ ਕੀਤੀ ਗਈ ਹੈ ਕਿ ਉਹ ਸ਼ਨਿੱਚਰਵਾਰ ਨੂੰ ਹੋ ਰਹੇ ਉਕਤ ਪ੍ਰੋਗਰਾਮ ਨੂੰ ਰੱਦ ਕਰ ਦੇਣ।
ਉਹਨਾਂ ਵੱਲੋਂ ਜਾਰੀ ਬਿਆਨ ਵਿੱਚ ਆਖਿਆ ਗਿਆ ਹੈ ਕਿ ਗੁਰਦੁਆਰਾ ਸਾਹਿਬ ਵਿੱਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਤਮਸਤਕ ਹੋਣ, ਕਥਾ-ਕੀਰਤਨ ਸਰਵਣ ਕਰਨ ਅਤੇ ਲੰਗਰ ਛਕਣ ਕੋਈ ਵੀ ਆ ਸਕਦਾ ਹੈ। ਪਰ ਭਾਰਤ ਸਰਕਾਰ, ਜੋ ਕਿ ਲਗਾਤਾਰ ਸਿੱਖਾਂ ’ਤੇ ਜ਼ੁਲਮ ਕਰ ਰਹੀ ਹੈ, ਉਸਦੇ ਕਿਸੇ ਨੁਮਾਇੰਦੇ ਦਾ ਬਤੌਰ ਅਧਿਕਾਰੀ ਗੁਰਦੁਆਰਾ ਸਾਹਿਬ ਆਉਣਾ ਅਤੇ ਕੈਂਪ ਲਗਾਉਣਾ ਬਰਦਾਸ਼ਤਯੋਗ ਨਹੀਂ ਹੈ।
ਬਿਆਨ ਵਿੱਚ ਕਿਹਾ ਗਿਆ ਹੈ ਕਿ ਕਿਸੇ ਵੀ ਧਾਰਮਿਕ ਸਥਾਨ ਦੇ ਬਾਹਰ ਕੋਈ ਰੋਸ ਪ੍ਰਦਰਸ਼ਨ ਕਰਨਾ ਵਾਜਿਬ ਨਹੀਂ ਹੈ। ਪਰ ਜੇਕਰ ਕੌਮੀ ਭਾਵਨਾਵਾਂ ਸਿੱਖ ਜ਼ਜ਼ਬਾਤਾਂ ਨੂੰ ਠੇਸ ਪਹੁੰਚਦੀ ਹੈ, ਪ੍ਰਬੰਧਕ ਭਾਰਤ ਸਰਕਾਰ ਦੀਆਂ ਨਜ਼ਰਾਂ ਵਿੱਚ ਆਪਣੀ ਭੁੱਲ ਬਖਸਾਉਣ ਜਾਂ ਬੀਬੇ ਪੁੱਤ ਬਣਨ ਵਾਸਤੇ ਕੋਈ ਕੌਮ ਵਿਰੋਧ ਰਕਤ ਕਰਨਗੇ ਅਤੇ ਸਿੱਖ ਸੰਗਤ ਇਸਦਾ ਵਿਰੋਧ ਕਰਨ ਆਉਂਦੀ ਹੈ ਤਾਂ ਇਸ ਦੇ ਜ਼ਿੰਮੇਵਾਰ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਹੋਣਗੇ।

ਫੈਡਰੇਸ਼ਨ ਨੇ ਕਿਹਾ ਕਿ ਗੁਰਦੁਆਰਾ ਸਾਹਿਬ ਸਿੱਖ ਸੰਗਤਾਂ ਦੇ ਦਸਵੰਧ ਦੀ ਮਾਇਆ ਨਾਲ ਸਥਾਪਤ ਹੋਏ ਹਨ। ਇਸ ਕਰਕੇ ਉਹ ਸਿੱਖ ਸੰਗਤਾਂ ਦੀਆਂ ਕੌਮੀ ਭਾਵਨਾਵਾਂ ਦੇ ਵਿਪਰੀਤ ਹੋਣ ਵਾਲੇ ਕੰਮਾਂ ਦਾ ਵਿਰੋਧ ਹੋਣਾ ਕੁਦਰਤੀ ਹੈ।
ਫੈਡਰੇਸ਼ਨ ਨੇ ਗਲਾਸਗੋ ਦਾ ਹਵਾਲਾ ਦਿੰਦਿਆਂ ਕਿਹਾ ਕਿ ਗਲਾਸਗੋ ਦੇ ਵਸਨੀਕ ਭਾਈ ਜਗਤਾਰ ਸਿੰਘ ਜੱਗੀ ਜੌਹਲ ਪਿਛਲੇ ਨੌਂ ਸਾਲ ਤੋਂ ਝੂਠੇ ਕੇਸਾਂ ਵਿੱਚ ਭਾਰਤੀ ਜੇਲ੍ਹਾਂ ਵਿੱਚ ਬੰਦ ਹਨ, ਜਿਸ ਦੀ ਰਿਹਾਈ ਵਾਸਤੇ ਦੁਨੀਆ ਭਰ ਵਿੱਚ ਆਵਾਜ਼ ਉਠਾਈ ਜਾ ਰਹੀ ਹੈ।
ਜਥੇਬੰਦੀ ਅਨੁਸਾਰ ਇਹ ਵੀ ਪਤਾ ਲੱਗਾ ਹੈ ਕਿ ਗਲਾਸਗੋ ਦੀਆਂ ਸੁਹਿਰਦ ਸਿੱਖ ਸੰਗਤਾਂ ਵੱਲੋਂ ਗੁਰਦੁਆਰਾ ਪ੍ਰਬੰਧਕਾਂ ਨੂੰ ਉਕਤ ਪ੍ਰੋਗਰਾਮ ਕਿਸੇ ਹੋਰ ਜਗ੍ਹਾ ਤਬਦੀਲ ਕਰਨ ਵਾਸਤੇ ਆਖਿਆ ਜਾ ਰਿਹਾ ਹੈ, ਜੋ ਸਿੱਖ ਸੰਗਤਾਂ ਵਿੱਚ ਚੇਤੰਨਤਾ ਅਤੇ ਕੌਮੀ ਦਰਦ ਦੀ ਨਿਸ਼ਾਨੀ ਹੈ।
