ਚੰਡੀਗੜ੍ਹ: ਆਮ ਆਦਮੀ ਪਾਰਟੀ ਨੇ ਦੋਸ਼ ਲਾਇਆ ਕਿ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਵੀ ਕਾਂਗਰਸ ਦੀ ਪੁਰਾਣੀ ਨੀਤੀਆਂ ’ਤੇ ਚਲਦਿਆਂ 1984 ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਬਚਾਉਣ ਲੱਗੀ ਹੈ। ਇਸੇ ਤਹਿਤ 1984 ਸਿੱਖ ਕਤਲੇਆਮ ਦੀ ਜਾਂਚ ਲਈ ਬਣੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ (ਐਸ.ਆਈ.ਟੀ.) ਨੂੰ ਕੰਮ ਕਰਨ ਲਈ ਦਿੱਤੇ ਸਮੇਂ ਦੀ ਮਿਆਦ ਇਕ ਸਾਲ ਹੋਰ ਵਧਾ ਦਿੱਤੀ।

‘ਆਪ’ ਨੇ ਕਿਹਾ ਆਰ.ਟੀ.ਆਈ. ਤੋਂ ਮਿਲੀ ਜਾਣਕਾਰੀ ਮੁਤਾਬਕ ਮੋਦੀ ਸਰਕਾਰ ਨੇ 1984 ਸਿੱਖ ਕਤਲੇਆਮ ਦੀ ਜਾਂਚ ਲਈ ਬਣੀ ਐਸ.ਆਈ.ਟੀ. ਨੂੰ ਬਿਨਾਂ ਕਿਸੇ ਠੋਸ ਕਾਰਨਾਂ ਦੇ ਇਕ ਸਾਲ ਦਾ ਸਮਾਂ ਹੋਰ ਦੇ ਦਿੱਤਾ।
ਮੋਦੀ ਸਰਕਾਰ ਨੇ 1984 ਸਿੱਖ ਕਤਲੇਆਮ ਦੀ ਜਾਂਚ ਲਈ 12 ਫਰਵਰੀ 2015 ਨੂੰ ਐਸ.ਆਈ.ਟੀ. ਬਣਾਈ ਸੀ। ਜਾਂਚ ਟੀਮ ਨੂੰ ਹੁਣ ਤਕ ਸਾਰੀ ਜਾਂਚ ਪੂਰੀ ਕਈ ਲੈਣੀ ਚਾਹੀਦੀ ਸੀ।
ਆਪ ਦੇ ਬੁਲਾਰੇ ਸੁਖਪਾਲ ਸਿੰਘ ਖਹਿਰਾ ਨੇ ਕਿਹਾ, “ਐਸ.ਆਈ.ਟੀ. ਨੂੰ ਜਾਂਚ ਪੂਰੀ ਕਰਨ ਲਈ ਜੋ 6 ਮਹੀਨੇ ਦਾ ਸਮਾਂ ਦਿੱਤਾ ਗਿਆ ਸੀ ਉਹ 12 ਅਗਸਤ 2015 ਨੂੰ ਪੂਰਾ ਹੋ ਗਿਆ ਸੀ ਪਰ ਕੋਈ ਵੀ ਕੰਮ ਨਾ ਹੋਣ ’ਤੇ ਜਾਂਚ ਟੀਮ ਨੂੰ 1 ਸਾਲ ਦਾ ਸਮਾਂ ਹੋਰ ਦੇ ਦਿੱਤਾ ਗਿਆ”।
ਉਨ੍ਹਾਂ ਕਿਹਾ ਕਿ ਗ੍ਰਹਿ ਮੰਤਰਾਲਾ ਇਹ ਦੱਸਣ ਦਾ ਨਾਕਾਮ ਰਿਹਾ ਕਿ ਐਸ.ਆਈ.ਟੀ. ਨੂੰ ਹੋਰ ਸਮਾਂ ਕਿਉਂ ਦਿੱਤਾ ਗਿਆ।
ਉਨ੍ਹਾਂ ਕਿਹਾ, “ਮਿਲੀ ਜਾਣਕਾਰੀ ਇਹ ਸਾਬਤ ਕਰਦੀ ਹੈ ਕਿ ਮੋਦੀ ਸਰਕਾਰ ਵੀ ਕਾਂਗਰਸ ਦੀਆਂ ਪੁਰਾਣੀਆਂ ਨੀਤੀਆਂ ਵਾਂਗ ਹੀ 1984 ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਬਚਾ ਰਹੀ ਹੈ ਅਤੇ ਇਸ ਮਸਲੇ ’ਤੇ ਗੰਭੀਰ ਨਹੀਂ ਹੈ”।
ਆਮ ਆਦਮੀ ਪਾਰਟੀ ਨੇ ਮੰਗ ਕੀਤੀ ਕਿ ਸ਼੍ਰੋਮਣੀ ਅਕਾਲੀ ਦਲ ਐਸ.ਆਈ.ਟੀ. ਨੂੰ ਦਿੱਤੇ ਵੱਧ ਸਮੇਂ ’ਤੇ ਜਵਾਬ ਦੇਵੇ ਅਤੇ ਮੰਗ ਕੀਤੀ ਕਿ ਹੁਣ ਜਾਂਚ ਸਮੇਂ ’ਤੇ ਪੂਰੀ ਹੋ ਜਾਣੀ ਚਾਹੀਦੀ ਹੈ।