ਸਰੀ (3 ਅਪ੍ਰੈਲ, 2015): ਅਮਰੀਕਾ ਅਤੇ ਆਸਟਰੇਲੀਆ ਵਿੱਚ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਤਕੜਾ ਵਿਰੋਧ ਕਰਨ ਤੋਂ ਬਾਅਦ ਕੈਨੇਡਾ ਦੇ ਸਿੱਖ ਵੀ ਮੋਦੀ ਦਾ ਵਿਰੋਧ ਕਰਨ ਲਈ ਤਿਆਰੀਆਂ ਵੱਟ ਟਹੇ ਹਨ ਅਤੇ ਇਸ ਵਿਰੋਧ ਦਾ ਕੁਝ ਦਲਿਤ ਅਤੇ ਇਸਾਈ ਜੱਥੇਬੰਦੀਆਂ ਨੇ ਵੀ ਸਮਰਥਨ ਦਾਐਲਾਨ ਕੀਤਾ ਹੈ।
ਇਸ ਸਬੰਧੀ ਇਕ ਬਕਾਇਦਾ ਇਸ਼ਤਿਹਾਰ ਜਾਰੀ ਕੀਤਾ ਗਿਆ ਹੈ, ਜੋ ਕਿ ਜਨਤਕ ਸਥਾਨਾਂ ‘ਤੇ ਲਾਉਣ ਦੇ ਨਾਲ-ਨਾਲ ਕੁਝ ਕੁ ਸਥਾਨਕ ਅਖਬਾਰਾਂ ‘ਚ ਇਸ਼ਤਿਹਾਰ ਦੇ ਰੂਪ ਵਿਚ ਵੀ ਛਪਿਆ ਹੈ।

ਰੋਸ ਵਿਖਾਵੇ ਦਾ ਸੱਦਾ ਦੇਣ ਵਾਲੀਆਂ ਸੰਸਥਾਵਾਂ ਵਿਚ ਗੁਰਦੁਆਰਾ ਸਾਹਿਬ ਦਸਮੇਸ਼ ਦਰਬਰਾ ਸਰੀ, ਗੁਰਦੁਆਰਾ ਕੈਨੇਡੀਅਨ ਸਿੰਘ ਸਭਾ ਸਰੀ, ਗੁਰਦੁਆਰਾ ਸਾਹਿਬ ਦੁੱਖ ਨਿਵਾਰਨ ਸਰੀ, ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਸਰੀ, ਗੁਰਦੁਆਰਾ ਸਾਹਿਬ ਕਲਗੀਧਰ ਦਰਬਾਰ ਐਬਟਸਫੋਰਡ, ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ ਐਬਟਸਫੋਰਡ, ਗੁਰਦੁਆਰਾ ਸਾਹਿਬ ਖਾਲਸਾ ਦਰਬਾਰ ਵੈਨਕੂਵਰ, ਗੁਰਦੁਆਰਾ ਸਾਹਿਬ ਖਾਲਸਾ ਦੀਵਾਨ ਸੁਸਾਇਟੀ ਨਿਊ ਵੈਸਟ ਮਿਨਸਟਰ, ਨਾਰਥ ਅਮਰੀਕਨ ਸਿੱਖ ਐਕਟੀਵਿਸਟ, ਅਕਾਲੀ ਦਲ ਅੰਮ੍ਰਿਤਸਰ (ਬੀ. ਸੀ.), ਅਕਾਲੀ ਦਲ ਅੰਮ੍ਰਿਤਸਰ (ਉਂਟਾਰੀਓ) ਸਿੱਖਸ ਫਾਰ ਜਸਟਿਸ, ਕ੍ਰਿਸਚੀਅਨ ਮੂਵਮੈਂਟ ਆਫ ਸਰੀ ਅਤੇ ਡਾ. ਬੀ. ਆਰ. ਅੰਬੇਡਕਰ ਸਿੱਖ ਫਾਊਂਡੇਸ਼ਨ ਦੇ ਨਾਮ ਸ਼ਾਮਿਲ ਹਨ।
ਇਸ ਸਬੰਧੀ ‘ਅਜੀਤ’ ਨਾਲ ਗੱਲਬਾਤ ਕਰਦਿਆਂ ਉਪਰੋਕਤ ਸੰਸਥਾਵਾਂ ਦੇ ਕੋਆਰਡੀਨੇਟਰ ਮਨਿੰਦਰ ਸਿੰਘ ਬੁਆਲ ਅਤੇ ਸਾਥੀਆਂ ਦਵਿੰਦਰ ਸਿੰਘ ਗਰੇਵਾਲ ਅਤੇ ਧਰਮ ਸਿੰਘ ਨੇ ਦੱਸਿਆ ਕਿ ਬੀ. ਸੀ. ਵਿਚ 16 ਅਪ੍ਰੈਲ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫੇਰੀ ਮੌਕੇ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਅਤੇ ਸਰੀ ਦੇ ਲਕਸ਼ਮੀ ਨਰਾਇਣ ਮੰਦਿਰ ਤੋਂ ਥੋੜ੍ਹੀ ਦੂਰ ਸ਼ਾਂਤਮਈ ਰੋਸ ਵਿਖਾਵੇ ਕੀਤੇ ਜਾਣਗੇ।
ਉਨ੍ਹਾਂ ਕਿਹਾ ਕਿ ਲਗਭਗ ਇਕ ਦਹਾਕਾ ਕੈਨੇਡਾ ਅਤੇ ਅਮਰੀਕਾ ਸਰਕਾਰ ਨੇ ਮੋਦੀ ਨੂੰ ਵੀਜ਼ਾ ਦੇਣ ‘ਤੇ ਰੋਕ ਲਗਾਈ ਰੱਖੀ, ਕਿਉਂਕਿ ਉਨ੍ਹਾਂ ‘ਤੇ ਗੁਜਰਾਤ ਦੇ ਮੁਸਲਿਮ ਕਤਲੇਆਮ ਵਿਚ ਸ਼ਾਮਿਲ ਹੋਣ ਦੇ ਦੋਸ਼ ਲਗਦੇ ਰਹੇ ਹਨ। ਇਹ ਠੀਕ ਹੈ ਕਿ ਭਾਰਤ ਦੇ ਲੋਕਾਂ ਨੇ ਮੋਦੀ ਨੂੰ ਆਪਣਾ ਪ੍ਰਧਾਨ ਮੰਤਰੀ ਚੁਣ ਲਿਆ ਹੈ ਪਰ ਇਸ ਨਾਲ ਉਨ੍ਹਾਂ ‘ਤੇ ਲੱਗਦੇ ਦੋਸ਼ ਨਹੀਂ ਮਿਟ ਸਕਦੇ।
ਹਾਲ ਹੀ ਵਿਚ ਆਰ. ਐੱਸ. ਵੱਲੋਂ ਈਸਾਈਆਂ ਅਤੇ ਹੋਰ ਘੱਟ ਗਿਣਤੀਆਂ ਨੂੰ ਤੰਗ ਪ੍ਰੇਸ਼ਾਨ ਕਰਨਾ ਵੀ ਇਕ ਮੁੱਦਾ ਬਣਾਇਆ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਇਨ੍ਹਾਂ ਵਿਖਾਵਿਆਂ ‘ਚ ਭਾਰਤੀ ਆਦਿਵਾਸੀਆਂ ਅਤੇ ਮਾਓਵਾਦੀਆਂ ਨਾਲ ਹਮਦਰਦੀ ਰੱਖਦੀਆਂ ਖੱਬੇ-ਪੱਖੀ ਧਿਰਾਂ ਅਤੇ ਕੈਨੇਡਾ ਦੀਆਂ ਮਨੁੱਖੀ ਅਧਿਕਾਰ ਸੰਸਥਾਵਾਂ ਦੇ ਕੁਝ ਕਾਰਕੁਨ ਵੀ ਸ਼ਾਮਿਲ ਹੋ ਸਕਦੇ ਹਨ। ਅਜਿਹੇ ਹੀ ਰੋਸ ਵਿਖਾਵੇ ਟੋਰਾਂਟੋ ਵਿਖੇ ਉਲੀਕਣ ਦਾ ਐਲਾਨ ਕੀਤਾ ਗਿਆ ਹੈ।
ਦੱਸਣਯੋਗ ਹੈ ਕਿ ਮੋਦੀ ਨੇ ਇਸ ਫੇਰੀ ਮੌਕੇ ਕੈਨੇਡਾ ਵਿਚ ਸਿੱਖਾਂ ਦੀ ਸਭ ਤੋਂ ਪੁਰਾਣੀ ਸੰਸਥਾ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਅਤੇ ਸਰੀ ਦੇ ਲਕਸ਼ਮੀ ਨਰਾਇਣ ਮੰਦਿਰ ਵਿਖੇ ਮੱਥਾ ਟੇਕਣ ਤੋਂ ਇਲਾਵਾ ਉੱਥੇ ਸਥਿਤ ਚੁਣਵੇਂ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਨਾ ਹੈ। ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਦਾ ਪ੍ਰਬੰਧ ਇਸ ਵੇਲੇ ਨਵੀਨਵਾਦੀ ਧੜੇ ਕੋਲ ਹੈ, ਜੋ ਲੰਗਰ ਦੇ ਮੁੱਦੇ ‘ਤੇ ਹਾਲੇ ਤੱਕ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮਿਆਂ ਤੋਂ ਆਕੀ ਹਨ।
ਮੋਦੀ ਦੀ ਇਸ ਫੇਰੀ ਨੂੰ ਲੈ ਕੇ ਕੈਨੇਡਾ ਸਰਕਾਰ ਵਲੋਂ ਸੁਰੱਖਿਆ ਦੇ ਅਜਿਹੇ ਸਖਤ ਪ੍ਰਬੰਧ ਕੀਤੇ ਗਏ ਹਨ, ਜੋ ਸਾਬਕਾ ਅਮਰੀਕਨ ਰਾਸ਼ਟਰਪਤੀ ਜਾਰਜ ਬੁਸ਼ ਦੀ ਕੈਨੇਡਾ ਫੇਰੀ ਮੌਕੇ ਕੀਤੇ ਗਏ ਸਨ। ਮੋਦੀ ਨੂੰ ਦੇਖਣ ਅਤੇ ਸੁਣਨ ਦੇ ਚਾਹਵਾਨਾਂ ਨੂੰ ਬਕਾਇਦਾ ਰਜਿਸਟਰ ਕਰਨ ਦੀ ਨੀਤੀ ਅਪਣਾਈ ਗਈ ਹੈ ਅਤੇ ਸਿਰਫ ਉਹੀ ਵਿਅਕਤੀ ਇਨ੍ਹਾਂ ਸਭਾਵਾਂ ਵਿਚ ਜਾ ਸਕਣਗੇ, ਜਿਨ੍ਹਾਂ ਨੂੰ ਕੈਨੇਡਾ ਦੀ ਪੁਲਿਸ ਜਾਂਚ ਮਗਰੋਂ ਬਕਾਇਦਾ ਸ਼ਨਾਖਤੀ ਕਾਰਡ ਜਾਰੀ ਕਰਕੇ ਜਾਣ ਦੀ ਆਗਿਆ ਦੇਵੇਗੀ।