
ਅੰਮਿ੍ਤਸਰ (3 ਅਪ੍ਰੈਲ,2016): 1991 ਵਿੱਚ ਪੀਲੀਭੀਤ ਵਿਖੇ ਝੂਠੇ ਪੁਲਿਸ ਮੁਕਾਬਲੇ ‘ਚ 10 ਸਿੱਖ ਨੌਜਵਾਨਾਂ ਨੂੰ ਸ਼ਹੀਦ ਕਰਨ ਦੇ ਮਾਮਲੇ ਵਿੱਚ ਅਦਾਲਤ ਵੱਲੋਂ ਜਿਮੇਵਾਰ ਪੁਲਿਸ ਵਾਲਿਆਂ ਨੂੰ ਦੋਸ਼ੀ ਕਰਾਰ ਦੇਣ ਦਾ ਸਵਾਗਤ ਕਰਦਿਆਂ ਕਿਹਾ ਅਜਿਹੇ ਮਾਮਲਿਆਂ ਵਿੱਚ ਜਿਥੇ ਅਦਾਲਤਾਂ ਨੂੰ ਦੋਸ਼ੀਆਂ ਖਿ਼ਲਾਫ਼ ਸਖਤ ਸਜ਼ਾਵਾਂ ਮਿੱਥਣੀਆਂ ਚਾਹੀਦੀਆਂ ਹਨ, ਉਥੇ ਭਾਰਤ ‘ਚ ਘੱਟ ਗਿਣਤੀਆਂ ਨਾਲ ਹੋ ਰਹੀ ਜ਼ਿਆਦਤੀ ਵੱਲ ਧਿਆਨ ਦੇਣਾ ਚਾਹੀਦਾ ਹੈ ।
ਗਿਆਨੀ ਗੁਰਬਚਨ ਸਿੰਘ ਨੇ ਉਕਤ ਪ੍ਰਗਟਾਵਾ ਕਰਦਿਆਂ ਕਿਹਾ ਕਿ ਸਮੇਂ ਦੀਆਂ ਸਰਕਾਰਾਂ ਵੱਲੋਂ ਸਿੱਖਾਂ ਨਾਲ ਕੀਤੀ ਧੱਕਸ਼ਾਹੀ ਦੀ ਉਕਤ ਉਦਾਹਰਣ ਤੋਂ ਇਲਾਵਾ ’84 ਦੀ ਸਿੱਖ ਨਸਲਕੁਸ਼ੀ ਦੇ ਸਾਜਿਸ਼ ਕਰਤਾਵਾਂ ਅਤੇ ਕਾਤਲਾਂ ਨੂੰ ਵੀ ਸਜ਼ਾਵਾਂ ਦੇਣੀਆਂ ਚਾਹੀਦੀਆਂ ਹਨ ਤਾਂ ਜੋ ਸਿੱਖਾਂਨੂੰ ਇਨਸਾਫ ਮਿਲ ਸਕੇ।
ਗਿਆਨੀ ਗੁਰਬਚਨ ਸਿੰਘ ਨੇ ਅੱਗੇ ਕਿਹਾ ਕਿ ਭਾਰਤ ਵਿੱਚ ਦੋ ਕਾਨੂੰਨ ਚੱਲ ਰਹੇ ਹਨ, ਜੋ ਬਹੁਗਿਣਤੀਆਂ ਅਤੇ ਘੱਟ ਗਿਣਤੀਆਂ ਲਈ ਨਿਆਂ ਦੀ ਵੱਖਰੀ ਪਰਿਭਾਸ਼ਾ ਪੇਸ਼ ਕਰਦੇ ਹਨ । ਸਰਕਾਰ ਵੱਲੋਂ ਖਾੜਕੂਵਾਦ ਦੌਰਾਨ ਹੋਏ ਸਮੁੱਚੇ ਪੁਲਿਸ ਮੁਕਾਬਲਿਆਂ ਦੀ ਸੀ. ਬੀ. ਆਈ. ਜਾਂਚ ਕਰਵਾਉਣੀ ਚਾਹੀਦੀ ਹੈ ਅਤੇ ’84 ਪੀੜਤਾਂ ਦੇ ਕਾਰੋਬਾਰ ਤੇ ਘਰ ਮੱਲ ਕੇ ਬੈਠੇ ਦੋਸ਼ੀਆਂ ਖਿ਼ਲਾਫ਼ ਕਾਰਵਾਈ ਹੋਣੀ ਚਾਹੀਦੀ ਹੈ ।