ਨਵੀਂ ਦਿੱਲੀ, (16 ਮਈ 2014):- ਭਾਰਤੀ ਜਾਂਚ ਏਜੰਸੀਆਂ ‘ਦੀ ਕਾਰਗੁਜ਼ਾਰੀ ‘ਤੇ ਇੱਕ ਵਾਰ ਫਿਰ ਉਸ ਸਮੇਂ ਸਵਾਲੀਆ ਨਿਸ਼ਾਨ ਖੜਾ ਹੋ ਗਿਆ ਜਦ ਭਾਰਤ ਦੀ ਸੁਪਰੀਮ ਕੋਰਟ ਨੇ ਅੱਜ
ਮੌਤ ਦੀ ਸਜ਼ਾ ਵਾਲੇ ਤਿੰਨ ਦੋਸ਼ੀਆਂ ਅਤੇ ਤਿੰਨ ਹੋਰ ਕਥਿਤ ਅਕਸ਼ਰਧਾਮ ਮੰਦਰ ਉੱਤੇ ਹਮਲੇ ਦੇ ਦੋਸ਼ੀਆਂ ਨੂੰ ਨੂੰ ਬਰੀ ਕਰ ਦਿੱਤਾ। ਅਦਾਲਤ ਨੇ ਕਿਹਾ ਕਿ ਕੋਈ ਵੀ ਸਬੂਤ ਇਹ ਸਿੱਧ ਨਹੀਂ ਕਰਦਾ ਕਿ ਉਹ ਗਾਂਧੀਨਗਰ (ਗੁਜਰਾਤ) ਦੇ ਅਕਸ਼ਰਧਾਮ ਮੰਦਰ ਉੱਤੇ ਹਮਲੇ ਵਿੱਚ ਸ਼ਾਮਲ ਸਨ, ਜਿਸ ਵਿੱਚ 33 ਵਿਅਕਤੀ ਮਾਰੇ ਗਏ ਸਨ ਅਤੇ 85 ਜ਼ਖ਼ਮੀ ਹੋ ਗਏ ਸਨ।
ਇਹ ਹਮਲਾ 24 ਸਤੰਬਰ 2004 ਨੂੰ ਹੋਇਆ ਸੀ। ਜਸਟਿਸ ਏ.ਕੇ. ਪਟਨਾਇਕ ਅਤੇ ਵੀ. ਗੋਪਾਲਾ ਗੌੜਾ ਆਧਾਰਤ ਬੈਂਚ ਨੇ ਆਪਣੇ 281 ਸਫਿਆਂ ਦੇ ਫੈਸਲੇ ਵਿੱਚ ਕਿਹਾ ਕਿ ਅਦਾਲਤ ਪੂਰੀ ਤਰ੍ਹਾਂ ਇਹ ਮੰਨਦੀ ਹੈ ਕਿ ਮੁਲਜ਼ਮ ਕਰਾਰ ਦਿੱਤੇ ਇਹ ਵਿਅਕਤੀ ਨਿਰਦੋਸ਼ ਹਨ ਤੇ ਪੋਟਾ 2002 ਅਧੀਨ ਇਨ੍ਹਾਂ ਉੱਤੇ ਲਾਏ ਦੋਸ਼ ਸਿੱਧ ਨਹੀਂ ਹੁੰਦੇ। ਜੱਜਾਂ ਅਨੁਸਾਰ ਪੋਟਾ ਅਧੀਨ ਟਰਾਇਲ ਕੋਰਟ ਅਤੇ ਗੁਜਰਾਤ ਹਾਈ ਕੋਰਟ ਨੇ ”ਉਹ ਬੁਨਿਆਦੀ ਸਿਧਾਂਤ” ਵੀ ਅੱਖੋਂ ਓਹਲੇ ਕੀਤੇ ਜਿਨ੍ਹਾਂ ਅਧੀਨ ਬਚਾਓ ਤੇ ਇਸਤਗਾਸਾ ਸਬੂਤਾਂ (ਦੋਵਾਂ) ਨੂੰ ਬਰਾਬਰ ਮਾਨਤਾ ਦੇਣੀ ਹੁੰਦੀ ਹੈ।