ਲੰਡਨ ( 9 ਨਵੰਬਰ, 2014): ਇੰਗਲ਼ੈਂਡ ਦੀ ਜੱਥੇਬੰਦੀ ਯੂਨਾਈਟਿਡ ਖਾਲਸਾ ਦਲ ਯੂ,ਕੇ ਨੇ ਪ੍ਰੈਸ ਨੂੰ ਭੇਜੇ ਲਿਖਤੀ ਬਿਆਨ ਵਿੱਚ ਕਿਹਾ ਹੈ ਕਿ ਪਿੱਛਲੇ ਦਿਨੀ ਥਾਈਲੈਡ ਤੋਂ ਭਾਰਤ ਭੇਜੇ ਗਏ ਭਾਈ ਹਰਮਿੰਦਰ ਸਿੰਘ ਉਰਫ ਮਿੰਟੂ ਅਤੇ ਭਾਈ ਗੁਰਪ੍ਰੀਤ ਸਿੰਘ ਗੋਪੀ ‘ਤੇ ਪੰਜਾਬ ਪੁਲਿਸ ਵੱਲੋਂ ਤਸ਼ੱਦਦ ਢਾਹਿਆ ਜਾ ਰਿਹਾ ਹੈ ।

ਬਿਆਨ ਵਿੱਚ ਯੂਨਾਈਟਿਡ ਖਾਲਸਾ ਦਲ ਯੂ,ਕੇ ਦੇ ਜਨਰਲ ਸਕੱਤਰ ਸ੍ਰ, ਲਵਸਿ਼ੰਦਰ ਸਿੰਘ ਡੱਲੇਵਾਲ ਵਲੋਂ ਦੋਸ਼ ਲਾਇਆ ਗਿਆ ਕਿ ਪੰਜਾਬ ਪੁਲਿਸ ਦੇ ਮੁਖੀ ਸੁਮੇਧ ਸੈਣੀ ਦੇ ਇਸ਼ਾਰੇ ਤੇ ਇਹਨਾਂ ਦੋਹਾਂ ਗੁਰਸਿੱਖਾਂ ਤੇ ਭਾਰੀ ਤਸੱਦਦ ਕੀਤਾ ਰਿਹਾ ਹੈ ਜਦਕਿ ਭਾਈ ਹਰਮਿੰਦਰ ਸਿੰਘ ਮਿੰਟੂ ਨੂੰ ਹਾਰਟ ਅਟੈਕ ਹੋਣ ਕਾਰਨ ਉਸਦਾ ਵੱਡੀ ਸਰਜਰੀ ਹੋ ਚੁੱਕੀ ਹੈ । ਜਿਸ ਕਾਰਨ ਉਸ ਦੀ ਜਾਨ ਨੂੰ ਭਾਰੀ ਖਤਰਾ ਹੈ ।
ਯੂਨਾਈਟਿਡ ਖਾਲਸਾ ਦਲ ਯੂ,ਕੇ ਵਲੋਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਮੁੱਖ ਜੱਜ ਨੂੰ ਪੱਤਰ ਭੇਜ ਕੇ ਭਾਈ ਮਿੰਟੂ ਦੀ ਪੁੱਛਗਿੱਛ ਮੌਕੇ ਡਾਕਟਰਾਂ ਦੀ ਟੀਮ ਮੌਜੂਣ ਰੱਖਣ ਅਤੇ ਉਸ ਨੂੰ ਡਾਕਰਟੀ ਸਹਾਇਤਾ ਮੁਹੱਈਆ ਕਰਵਾਉਣ ਲਈ ਅਪੀਲ ਕੀਤੀ ਗਈ ਹੈ।
ਮੀਡੀਆ ਵਿੱਚ ਪੰਜਾਬ ਪੁਲਿਸ ਦੇ ਗੁਪਤ ਸਰੋਤਾ ਦੇ ਹਵਾਲੇ ਨਾਲ ਛਪੀਆਂ ਖਬਰਾਂ ਵਿੱਚ ਪੁਲਿਸ ਨੇ ਦਾਅਵਾ ਹੈ ਕਿ ਗ੍ਰਿਫਤਾਰ ਖਾੜਕੂ ਹਰਮਿੰਦਰ ਸਿੰਘ ਉਰਫ ਮਿੰਟੂ ਨੇ ਜਲੰਧਰ ਦਿਹਾਤੀ ਪੁਲਿਸ ਦੁਆਰਾ ਕੀਤੀ ਪੁੱਛਗਿੱਛ ਵਿਚ ਅਹਿਮ ਇੰਕਸ਼ਾਫ ਕਰਦਿਆਂ ਦੱਸਿਆ ਕਿ ਤਿੰਨ ਮਹੀਨੇ ਪਹਿਲਾਂ ਥਾਈਲੈਂਡ ਤੇ ਬਰਮਾ ਦੀ ਸਰਹੱਦ ਉੱਪਰ ਪੈਂਦੇ ਮੀਸੌਟ ਦੇ ਖੇਤਰ ਵਿਚ ਪਾਕਿਸਤਾਨੀ ਖੁਫ਼ੀਆ ਏਜੰਸੀ ਆਈ. ਐਸ. ਆਈ. ਨੇ ਇਕ ਕੈਂਪ ਲਗਾਇਆ ਸੀ ਜਿਸ ਵਿਚ ਹਰਮਿੰਦਰ ਸਿੰਘ ਮਿੰਟੂ ਅਤੇ ਪੰਜਾਬ ਨਾਲ ਸੰਬੰਧਿਤ ਪੰਜ ਹੋਰ ਖਾੜਕੂਆਂ ਨੇ ਹਿੱਸਾ ਲਿਆ ਸੀ ਤੇ ਇਸ ਕੈਂਪ ਵਿਚ ਉਨ੍ਹਾਂ ਨੂੰ ਹਥਿਆਰਾਂ ਦੀ ਵਿਸ਼ੇਸ਼ ਟਰੇਨਿੰਗ ਦਿੱਤੀ ਗਈ ਸੀ।