ਚੰਡੀਗੜ,(9 ਮਈ 2014):- ਲੰਬੇ ਸਮੇਂ ਤੋਂ ਸਜ਼ਾ ਪੂਰੀ ਕਰਨ ਦੇ ਬਾਵਜੂਦ ਵੀ ਚੰਡੀਗੜ੍ਹ ਦੀ ਬੂੜੈਲ ਜੇਲ ਵਿੱਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕੇਸ ‘ਚ ਬੰਦ
ਸਿੱਖ ਰਾਜਸੀ ਕੈਦੀ ਭਾਈ ਗੁਰਮੀਤ ਸਿੰਘ ਅਤੇ ਭਾਈ ਸ਼ਮਸ਼ੇਰ ਸਿੰਘ ਦੀ ਪੱਕੀ ਰਿਹਾਈ ਦੇ ਲਈ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਲਗਾਈ ਪਟੀਸ਼ਨ ਤੇ ਸੁਣਵਾਈ ਅੱਜ ਮਾਨਯੋਗ ਜਸਟਿਸ ਰਾਜੀਵ ਭੱਲਾ ਦੇ ਬੈਂਚ ਵਲੋਂ ਕੀਤੀ ਗਈ ।
ਇਸ ਦੋਰਾਨ ਚੰਡੀਗੜ ਪ੍ਰਸ਼ਾਸ਼ਨ ਵਲੋਂ ਇਨ੍ਹਾਂ ਨਜ਼ਰਬੰਦਾਂ ਦੀ ਰਿਹਾਈ ‘ਤੇ ਜਵਾਬ ਦੇਣ ਲਈ ਹੋਰ ਸਮਾਂ ਮੰਗਿਆ ਗਿਆ ਹੈ । ਜਿਸਤੇ ਹਾਈਕੋਰਟ ਵਲੋਂ ਚੰਡੀਗੜ ਪ੍ਰਸ਼ਾਸ਼ਨ ਨੂੰ ਜਵਾਬ ਦੇਣ ਲਈ ਅਗਲੀ ਤਰੀਕ 26 ਮਈ ਪਾ ਦਿਤੀ ਗਈ ਹੈ।
ਜਾਣਕਾਰੀ ਅਨੂਸਾਰ ਭਾਈ ਸ਼ਮਸ਼ੇਰ ਸਿੰਘ ਦੀ ਤਰੀਕ ਵੀ 26 ਮਈ ਨੂੰ ਹੈ ਜਿਸ ਕਾਰਨ ਇੰਜ. ਗੁਰਮੀਤ ਸਿੰਘ ਦੇ ਮਾਮਲੇ ਦੀ ਸੁਣਵਾਈ ਵੀ 26 ਮਈ ਨੂੰ ਹੀ ਹੋਵੇਗੀ।ਜ਼ਿਕਰਯੋਗ ਹੈ ਕਿ ਪਿਛਲੀਆਂ ਤਰੀਕਾਂ ਭਾਵੇਂ ਦੋਹਾਂ ਦੀਆਂ ਵੱਖੋ ਵੱਖ ਪਈਆਂ ਸਨ ਪਰ ਮਾਮਲਾ ਇਕੋ ਹੋਣ ਕਾਰਨ ਹਾਈਕੋਰਟ ਵਲੋਂ ਭਾਈ ਸ਼ਮਸ਼ੇਰ ਸਿੰਘ ਅਤੇ ਭਾਈ ਗੁਰਮੀਤ ਸਿੰਘ ਦੀ ਸੁਣਵਾਈ ਦੀ ਤਰੀਕ ਇਕੋ ਦਿਨ ਕਰ ਦਿਤੀ ਗਈ ਹੈ।
ਸਿੱਖ ਨੋਜਵਾਨਾਂ ਦੀ ਰਿਹਾਈ ਲਈ ਕਨੂੰਨੀ ਕਾਰਵਾਈ ਕਰ ਰਹੇ ਸੀਨੀਅਰ ਐਡਵੋਕੇਟ ਸ. ਅਮਰ ਸਿੰਘ ਚਹਿਲ ਨੇ ਦਸਿਆ ਕਿ ਇਹ ਜੋ ਪਟੀਸ਼ਨ ਹਾਈਕੋਰਟ ਵਿਚ ਲਗਾਈ ਹੈ ਇਸ ਵਿਚ ਦਸਿਆ ਗਿਆ ਹੈ ਕਿ ਅਦਾਲਤ ਵਲੋਂ ਦਿਤੀ ਸਜ਼ਾ ਕਨੂੰਨ ਅਨੂਸਾਰ ਭਾਈ ਗੁਰਮੀਤ ਸਿੰਘ ਅਤੇ ਸ਼ਮਸ਼ੇਰ ਸਿੰਘ 14ਸਾਲ ਦੀ ਸਜ਼ਾ ਦੀ ਬਜਾਇ 18 ਸਾਲ ਦੀ ਸਜ਼ਾ ਭੁਗਤ ਚੁਕੇ ਹਨ ਅਤੇ ਇਸ ਤੋਂ ਇਲਾਵਾ ਹੋਰ ਕਈ ਜਰੂਰੀ ਜਾਣਕਾਰੀਆਂ ਪਟੀਸ਼ਨ ਰਾਹੀਂ ਹਾਈਕੋਰਟ ਦੇ ਧਿਆਨ ਵਿਚ ਪਹਿਲਾਂ ਹੀ ਦਿਤੀਆਂ ਹਨ।