ਮਾਨਸਾ (19 ਸਤੰਬਰ 2014): ਸਿੱਖ ਪ੍ਰਚਾਰਕ ਬਾਬਾ ਬਲਜੀਤ ਸਿੰਘ ਦਾਦੂਵਾਲ ਨੂੰ ਬੀਤੀ 18 ਸਤੰਬਰ ਜਿਲਾ ਐਡੀਸ਼ਨਲ ਸ਼ੈਸ਼ਨ ਜੱਜ (ਮਾਨਸਾ) ਰਾਮ ਕੁਮਾਰ ਗਰਗ ਨੇ ਮਾਨਸਾ ਪੁਲਿਸ ਵੱਲੋਂ ਦਰਜ਼ ਮੁਕੱਦਮੇਂ ਵਿੱਚ ਜ਼ਮਾਨਤ ਦੇ ਦਿੱਤੀ ਹੈ।
ਮਾਨਸਾ ਪੁਲਿਸ ਵੱਲੋਂ ਲੰਘੀ 7 ਅਗਸਤ ਨੂੰ ਬਾਬਾ ਬਲਜੀਤ ਸਿੰਘ ਦਾਦੂਵਾਲ ਖਿਲਾਫ ਅਸਲਾ ਐਕਟ ਅਧੀਨ ਪਰਚਾ ਦਰਜ਼ ਕੀਤਾ ਸੀ। ਪਲਿਸ ਨੇ ਦੋਸ਼ ਲਾਇਆ ਸੀ ਕਿ ਉਸਨੇ ਬਾਬਾ ਦਾਦੂਵਾਲ ਦੇ ਕਬਜ਼ੇ ਵਿੱਚੋਂ ਜ਼ਾਅਲੀ ਕਾਗਜ਼ਾਂ ਵਾਲੀ ਗੱਡੀ ਬਰਾਮਦ ਕੀਤੀ ਸੀ, ਜਿਸ ਵਿੱਚੋ ਏ.ਕੇ 47 ਰਾਈਫਲ ਦੇ ਕਾਰਤੂਸ ਬਰਾਮਦ ਹੋਏ ਸਨ।
ਬਾਬਾ ਦਾਦੂਵਾਲ ਦੇ ਵਕੀਲ ਹਰਵਿੰਦਰਪਾਲ ਸਿੰਘ ਨੇ ਅਦਾਲਤ ਨੂੰ ਦੱਸਿਆ ਕਿ ਪੁਲਿਸ ਨੇ ਜਾਣਬੁੱਝ ਕੇ ਰਾਜਸੀ ਹਿੱਤਾਂ ਤੋਂ ਪ੍ਰੇਰਿਤ ਹੋ ਕੇ ਦਾਦੂਵਾਲ ਖਿਲਾਫ ਝੂਠਾ ਮੁਕੱਦਮਾਂ ਦਰਜ਼ ਕੀਤਾ ਸੀ।ਅਦਾਲਤ ਵਿੱਚ ਜਿਰਾਹ ਦੌਰਾਨ ਉਨਾਂ ਅਦਾਲਤ ਨੂੰ ਦੱਸਿਆ ਕਿ ਜੇਕਰ ਪੁਲਿਸ ਵੱਲੋਂ ਬਾਬਾ ਦਾਦੂਵਾਲ ‘ਤੇ ਲਾਏ ਦੋਸ਼ਾਂ ਨੂੰ ਸਹੀ ਵੀ ਮੰਨ ਲਈਏ, ਤਾਂ ਵੀ ਇਹ ਇੰਨੇ ਗੰਭੀਰ ਨਹੀਂ ਜਨ ਕਿ ਇਨ੍ਹਾਂ ਵਿੱਚ ਜ਼ਮਾਨਤ ਨਾ ਦਿੱਤੀ ਜਾਵੇ।
ਉਨਾਂ ਨੇ ਕਿਹਾ ਕਿ ਪੰਜਾਬ ਪੁਲਿਸ ਵੱਲੋਂ ਦਰਜ਼ ਚਾਰ ਕੇਸ਼ਾਂ ਵਿੱਚੋਂ ਦੋ ਵਿੱਚ ਉਨ੍ਹਾਂ ਦੀ ਜ਼ਮਾਨਤ ਹੋ ਚੁੱਕੀ ਹੈ, ਬਾਕੀ ਰਹਿੰਦੇ ਦੋ ਕੇਸਾਂ ਵਿੱਚ ਵੀ ਜਲਦੀ ਜ਼ਮਾਨਤ ਦੀ ਅਰਜ਼ੀ ਦਾਖਲ ਕਰ ਦਿੱਤੀ ਜਾਵੇਗੀ।ਇਸਤੋਂ ਪਹਿਲਾਂ 11 ਅਗਸਤ ਨੂੰ ਜੈਤੋ (ਫਰੀਦਕੋਟ) ਪੁਲਿਸ ਵੱਲੋਂ ਬਾਬਾ ਦਾਦੂਵਾਲ ਖਿਲਾਫ ਦਰਜ਼ ਅਸਲਾ ਐਕਟ ਦੇ ਮੁਕੱਦਮੇਂ ਵਿੱਚ ਉਨ੍ਹਾਂ ਨੂੰ ਦੋ ਸਾਥੀਆਂ ਸਮੇਤ ਜ਼ਮਾਨਤ ਮਿਲੀ ਹੋਈ ਹੈ।
ਪ੍ਰੰਤੂ ਬਾਬਾ ਦਾਦੂਵਾਲ ਨੂੰ ਅਜੇ ਕੁਝ ਸਮਾਂ ਹੋਰ ਜੇਲ ਵਿੱਚ ਰਹਿਣਾ ਪਵੇਗਾ ।ਕਿਉਂਕਿ ਉਨ੍ਹਾਂ ਖਿਲਾਫ ਥਾਣਾ ਜੈਤੋ ਅਤੇ ਥਾਣਾ ਭਿੱਖੀ (ਮਾਨਸਾ) ਵਿੱਚ ਦਰਜ਼ ਇਰਾਦਾ ਕਤਲ ਨਾਲ ਸਬੰਧਿਤ ਕੇਸਾਂ ਵਿੱਚ ਜ਼ਮਾਨਤਾਂ ਹੋਣੀਆਂ ਬਾਕੀ ਹਨ।ਇਹ ਕੇਸ ਸੰਨ 2009 ਅਤੇ 2011 ਵਿੱਚ ਸਿੱਖ ਜੱਥੇਬੰਦੀਆਂ ਅਤੇ ਸੌਦਾ ਸਾਧ ਨਾਲ ਸਬੰਧਿਤ ਪ੍ਰੇਮੀਆਂ ਵਿੱਚ ਹੋਏ ਝਗੜੇ ਦੌਰਾਨ ਦਰਜ਼ ਕੀਤੇ ਸਨ।